ਪੰਜਾਬ ਸਰਕਾਰ ਦੀ ''ਮੇਰਾ ਪਿੰਡ ਮੇਰੀ ਸ਼ਾਨ'' ਮੁਹਿੰਮ ਨਾਲ ਜੁੜਨ ਲੱਗਿਆ ਲੋਕਾਂ ਦਾ ਕਾਫ਼ਲਾ

08/20/2018 3:33:14 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ, ਸੁਖਪਾਲ) - ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ 'ਮੇਰਾ ਪਿੰਡ ਮੇਰੀ ਸ਼ਾਨ' ਮੁਹਿੰਮ ਨਾਲ ਜ਼ਿਲੇ ਦੇ ਕਈ ਲੋਕ ਜੁੜਨ ਲੱਗੇ ਹਨ। ਪਿੰਡਾਂ ਦੇ ਨੌਜਵਾਨ ਵਿਦਿਆਰਥੀ ਅਤੇ ਕਲੱਬ ਆਪੋ-ਆਪਣੇ ਪੱਧਰ 'ਤੇ ਆਪਣੇ ਪਿੰਡਾਂ ਦੀ ਦਿੱਖ ਸੰਵਾਰਨ 'ਚ ਲੱਗੇ ਹੋਏ ਹਨ। ਇੰਨਾਂ ਨੌਜਵਾਨਾਂ ਦੀਆਂ ਇਹ ਕੋਸ਼ਿਸ਼ਾਂ ਪਿੰਡਾਂ ਨੂੰ ਸਵੱਛ ਕਰਨ 'ਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। 
ਪੰਜਾਬ ਸਰਕਾਰ ਵਲੋਂ ਆਰੰਭ ਕੀਤੀ 'ਮੇਰਾ ਪਿੰਡ ਮੇਰੀ ਸ਼ਾਨ' ਮੁਹਿੰਮ ਤਹਿਤ ਇਕ ਮੋਬਾਇਲ ਐਪਲੀਕੇਸ਼ਨ 'ਸਵੱਛ ਪੰਜਾਬ' ਲਾਂਚ ਕੀਤੀ ਗਈ ਹੈ। ਜ਼ਿਲੇ ਦੇ ਡਿਪਟੀ ਕਮਿਸ਼ਨਰ ਐੱਮ.ਕੇ. ਅਰਵਿੰਦ ਕੁਮਾਰ ਨੇ ਜ਼ਿਲੇ ਦੇ ਸਮੂਹ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਹਿੰਮ ਦੌਰਾਨ ਆਪਣੇ ਪਿੰਡਾਂ ਨੂੰ ਸਾਫ਼-ਸੁਥਰਾ ਬਣਾ ਕੇ ਅਤੇ ਆਪਣੀਆਂ ਗਤੀਵਿਧੀਆਂ ਸਵੱਛ ਪੰਜਾਬ ਮੋਬਾਇਲ ਐਪ 'ਤੇ ਅਪਲੋਡ ਕਰਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ 31 ਅਗਸਤ ਤੱਕ ਸਵੱਛ ਸਰਵੇਖਣ ਗ੍ਰਾਮੀਣ 2018 ਕਰਵਾਇਆ ਜਾ ਰਿਹਾ ਹੈ। ਇਸ ਲਈ ਆਪਣੇ ਜ਼ਿਲੇ ਨੂੰ ਵੋਟ ਕਰਨ ਲਈ (ਸਵੱਛ ਸਰਵੇਖਣ ਗ੍ਰਾਮੀਣ 2018) ਮੋਬਾਇਲ ਐਪ ਆਪਣੇ ਮੋਬਾਇਲ 'ਤੇ ਡਾਊਨਲੋਡ ਕਰਕੇ ਆਪਣੇ ਜ਼ਿਲੇ ਸ੍ਰੀ ਮੁਕਤਸਰ ਸਾਹਿਬ ਲਈ ਵੋਟ ਕਰੋ ਤਾਂ ਜੋ ਆਪਣੇ ਜ਼ਿਲੇ ਨੂੰ ਮੋਹਰੀ ਜ਼ਿਲਾ ਬਣਾਇਆ ਜਾ ਸਕੇ। 
ਮੇਰਾ ਪਿੰਡ ਮੇਰੀ ਸ਼ਾਨ ਮੁਹਿੰਮ ਤਹਿਤ ਪਿੰਡ ਮਹਾਂਬੱਧਰ ਦੇ ਸਪੋਰਟਸ ਕਲੱਬ ਨੇ ਨਾ ਸਿਰਫ਼ ਪਿੰਡ 'ਚ ਸਫ਼ਾਈ ਕਰਵਾਈ ਹੈ ਸਗੋਂ ਪਿੰਡ ਵਿਚ ਸੜਕਾਂ ਦੇ ਨਾਮ, ਬਿਜਲੀ ਦੇ ਖੰਭਿਆਂ 'ਤੇ ਚੰਗੇ ਸੁਨੇਹੇ ਲਿਖੇ ਹਨ ਅਤੇ ਪਿੰਡ 'ਚ ਨਵੇਂ ਬੂਟੇ ਲਗਾਏ ਹਨ। ਕਲੱਬ ਦੇ ਨੌਜਵਾਨਾਂ ਨੇ ਖੇਡ ਸਟੇਡੀਅਮ 'ਚ ਵੀ ਸਫ਼ਾਈ ਕੀਤੀ ਹੈ। ਇਸੇ ਤਰ੍ਹਾਂ ਪੱਕੀ ਟਿੱਬੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਅਨੁਪਮਾ ਧੂੜੀਆ ਦੀ ਅਗਵਾਈ 'ਚ ਪਿੰਡ 'ਚ ਸਫ਼ਾਈ ਅਭਿਆਨ ਚਲਾ ਕੇ ਪਿੰਡ ਦੀ ਦਿੱਖ ਸੰਵਾਰੀ ਹੈ। ਭਲਾਈਆਣਾ ਪਿੰਡ ਦੀ ਗੁਰਮਤ ਪ੍ਰਚਾਰ ਕਮੇਟੀ ਵਲੋਂ ਭਲਾਈਆਣਾ ਤੋਂ ਗੁਰਦੁਆਰਾ ਗੁਪਤਸਰ ਸਾਹਿਬ ਤੱਕ ਸੜਕ ਦੀ ਸਫ਼ਾਈ ਕੀਤੀ ਗਈ ਹੈ ਅਤੇ ਹੁਣ ਇੱਥੇ ਇਨ੍ਹਾਂ ਵਲੋਂ ਨਵੇਂ ਬੂਟੇ ਲਗਾਏ ਜਾਣੇ ਹਨ। 
 


Related News