ਪੱਕੇ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਨੇ ਘੇਰੀ ਵਿਧਾਇਕ ਦੀ ਕੋਠੀ
Thursday, Dec 05, 2019 - 04:31 PM (IST)

ਫਰੀਦਕੋਟ (ਜਗਤਾਰ) - ਫਰੀਦਕੋਟ ਦੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੇਲਥ ਸਾਇੰਸ ’ਚ ਚੱਲ ਰਹੇ ਵਿਵਾਦ ਰੁੱਕਣ ਦਾ ਨਾਂ ਨਹੀਂ ਲੈ ਰਿਹਾ। ਯੂਨੀਵਰਸਿਟੀ ’ਚ ਜਿਥੇ ਪਹਿਲਾਂ ਤੋਂ ਹੀ ਜਿਨਸੀ ਸੋਸ਼ਣ ਦੇ ਮਾਮਲੇ ਨੇ ਵੱਡਾ ਰੂਪ ਧਾਰ ਲਿਆ, ਉਥੇ ਹੀ ਹੁਣ ਯੂਨੀਵਰਸਿਟੀ ’ਚ ਕੰਟਰੈਕਟ ’ਤੇ ਕੰਮ ਕਰਨ ਵਾਲੇ ਮੁਲਾਜ਼ਮ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਧਰਨਾ ਦੇ ਰਹੇ ਹਨ। ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਵਲੋਂ ਯੂਨੀਵਰਸਿਟੀ ਪ੍ਰਸ਼ਾਸਨ ’ਤੇ ਉਨ੍ਹਾਂ ਦੀ ਮੰਗਾਂ ਨਾ ਮੰਨਣ ਅਤੇ ਟਾਲਮਟੋਲ ਦੀ ਨੀਤੀ ਅਪਨਾਉਣ ਦੇ ਦੋਸ਼ ਲਗਾਏ ਜਾ ਰਹੇ ਹਨ। ਇਸੇ ਕਾਰਨ ਉਕਤ ਮੁਲਾਜ਼ਮਾਂ ਵਲੋਂ ਪ੍ਰਸ਼ਾਸਨ ਅਤੇ ਵਾਇਸ ਚਾਂਸਲਰ ਦੇ ਵਿਰੁੱਧ ਲਗਾਤਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਫਰੀਦਕੋਟ ਦੇ ਕਾਂਗਰਸੀ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਦੀ ਕੋਠੀ ਤੱਕ ਪੈਦਲ ਰੋਸ ਮਾਰਚ ਕੀਤਾ ਅਤੇ ਆਪਣੀਆਂ ਮੰਗਾਂ ਲਈ ਵਿਧਾਇਕ ਦੀ ਕੋਠੀ ਦੇ ਬਾਹਰ ਧਰਨਾ ਲਗਾ ਦਿੱਤਾ। ਵਿਧਾਇਕ ਦੇ ਘਰ ’ਚ ਮੌਜੂਦ ਨਾ ਹੋਣ ਕਰਕੇ ਉਕਤ ਲੋਕਾਂ ਨੇ ਉਨ੍ਹਾਂ ਦੇ ਪੀ.ਏ .ਨੂੰ ਆਪਣੀਆਂ ਮੰਗਾਂ ਮਨਵਾਉਣ ਲਈ ਸਰਕਾਰ ਨਾਲ ਗੱਲਬਾਤ ਕਰਨ ਲਈ ਮੰਗ-ਪੱਤਰ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਛੇਤੀ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਸੰਘਰਸ਼ ਨੂੰ ਹੋਰ ਤੇਜ਼ ਕਰ ਦੇਣਗੇ। ਇਸ ਮੌਕੇ ਵਿਧਾਇਕ ਦੇ ਪੀ.ਏ. ਕਰਮਜੀਤ ਸਿੰਘ ਨੇ ਕਿਹਾ ਕਿ ਐੱਮ. ਐੱਲ. ਏ. ਸਾਹਿਬ ਆਪਣੇ ਰੁਝੇਵੇਂ ਕਾਰਨ ਬਾਹਰ ਗਏ ਹੋਏ ਹਨ। ਉਨ੍ਹਾਂ ਕੋਲ ਯੂਨੀਵਰਸਿਟੀ ਦਾ ਜੋ ਮੰਗ-ਪੱਤਰ ਆਇਆ ਹੈ, ਉਹ ਉਸ ਨੂੰ ਵਿਧਾਇਕ ਤੱਕ ਪਹੁੰਚਾ ਦੇਣਗੇ ਅਤੇ ਉਕਤ ਮੰਗਾਂ ਲਈ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਰਕਾਰ ਰਾਹੀਂ ਪੂਰੀਆਂ ਕਰਵਾਉਣ ਦੀ ਕੋਸ਼ਿਸ ਕਰਨਗੇ।