ਮਾਈਨਿੰਗ ਮਾਫ਼ੀਆ ਚੁਸਤ, ਪ੍ਰਸ਼ਾਸਨਿਕ ਅਧਿਕਾਰੀ ਸੁਸਤ

Tuesday, Feb 11, 2020 - 05:03 PM (IST)

ਬਨੂੜ (ਜ. ਬ.): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਵਿਚ ਹੋ ਰਹੀ ਨਾਜਾਇਜ਼ ਮਾਈਨਿੰਗ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਣ ਦੇ ਦਾਅਵੇ ਕਰਦੇ ਨਹੀਂ ਸੀ ਥਕਦੇ। ਹੁਣ ਉਨ੍ਹਾਂ ਦੇ ਗ੍ਰਹਿ ਜ਼ਿਲੇ ਪਟਿਆਲਾ ਅਧੀਨ ਪੈਂਦੇ ਪਿੰਡ ਸ਼ੰਭੂ ਕਲਾਂ ਦੇ ਸਰਕਾਰੀ ਸਕੂਲ ਦੇ ਨਜ਼ਦੀਕ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮਾਈਨਿੰਗ ਮਾਫੀਆ ਨਾਜਾਇਜ਼ ਮਾਈਨਿੰਗ ਕਰ ਰਿਹਾ ਹੈ।

ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਬਲਵੰਤ ਸਿੰਘ ਨਡਿਆਲੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਬੇ ਵਿਚ ਨਾਜਾਇਜ਼ ਮਾਈਨਿੰਗ ਪੂਰੀ ਤਰ੍ਹਾਂ ਬੰਦ ਕਰ ਕੇ ਮਾਈਨਿੰਗ ਮਾਫੀਆ ਨੂੰ ਨੱਥ ਪਾਉਣ ਦੇ ਹੁਕਮ ਦਿੱਤੇ ਹਨ। ਇਸ ਦੇ ਬਾਵਜੂਦ ਪਿੰਡ ਸ਼ੰਭੂ ਕਲਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਨੇੜੇ ਕਈ ਦਿਨਾਂ ਤੋਂ ਪੋਕਲੇਨਜ਼ ਦੀ ਮਦਦ ਨਾਲ ਟਿੱਪਰਾਂ ਵਿਚ ਮਿੱਟੀ ਭਰ ਕੇ ਵੱਖ-ਵੱਖ ਥਾਵਾਂ 'ਤੇ ਮਹਿੰਗੇ ਭਾਅ ਵੇਚੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਹ ਨਾਜਾਇਜ਼ ਮਾਈਨਿੰਗ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮਾਫੀਆ ਦੀ ਮਿਲੀਭੁਗਤ ਨਾਲ ਧੜੱਲੇ ਨਾਲ ਚੱਲ ਰਹੀ ਹੈ। ਮਿੱਟੀ ਨਾਲ ਭਰੇ ਓਵਰਲੋਡ ਟਿੱਪਰਾਂ ਕਾਰਣ ਪਿੰਡ ਦੀ ਫਿਰਨੀ 
ਟੁੱਟਣੀ ਸ਼ੁਰੂ ਹੋ ਗਈ ਹੈ। ਦੱਸਣਯੋਗ ਹੈ ਕਿ ਮਾਈਨਿੰਗ ਮਾਫੀਆ ਨੇ ਸਕੂਲ ਦੇ ਨਜ਼ਦੀਕ ਹੀ 25 ਤੋਂ 30 ਫੁੱਟ ਡੂੰਘੇ ਟੋਏ ਪੁੱਟੇ ਹੋਏ ਹਨ, ਜੋ ਸਕੂਲੀ ਬੱਚਿਆਂ ਲਈ ਹਾਦਸੇ ਦਾ ਕਾਰਣ ਬਣ ਸਕਦੇ ਹਨ।

ਮਾਮਲੇ ਬਾਰੇ ਅਣਜਾਣਤਾ ਪ੍ਰਗਟਾਈ
ਇਸ ਮਾਮਲੇ ਵੱਲੋਂ ਬਾਰੇ ਜਦੋਂ ਸ਼ੰਭੂ ਥਾਣਾ ਦੇ ਮੁਖੀ ਇੰਸਪੈਕਟਰ ਪ੍ਰੇਮ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਨਹੀਂ। ਉਹ ਪੁਲਸ ਪਾਰਟੀ ਭੇਜ ਕੇ ਇਸ ਬਾਰੇ ਪਤਾ ਕਰਵਾਉਂਦੇ ਹਨ।
ਇਸ ਮਾਮਲੇ ਬਾਰੇ ਜਦੋਂ ਸ਼ਿਵ ਕੁਮਾਰ ਐੱਸ. ਡੀ. ਐੱਮ. ਰਾਜਪੁਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ। ਇਲਾਕੇ ਵਿਚ ਕਿਸੇ ਨੂੰ ਵੀ ਨਾਜਾਇਜ਼ ਮਾਈਨਿੰਗ ਨਹੀਂ ਕਰਨ ਦਿੱਤੀ ਜਾਵੇਗੀ।


Shyna

Content Editor

Related News