ਅਣ-ਅਧਿਕਾਰਤ ਦਵਾਈਆਂ ਦੀ ਸਪਲਾਈ ’ਤੇ ਤਿੱਖੀ ਨਜ਼ਰ ਰੱਖਣ ਲਈ ਸਿਹਤ ਵਿਭਾਗ ਹਰਕਤ ’ਚ

Saturday, Jan 12, 2019 - 12:00 AM (IST)

ਅਣ-ਅਧਿਕਾਰਤ ਦਵਾਈਆਂ ਦੀ ਸਪਲਾਈ ’ਤੇ ਤਿੱਖੀ ਨਜ਼ਰ ਰੱਖਣ ਲਈ ਸਿਹਤ ਵਿਭਾਗ ਹਰਕਤ ’ਚ

ਮੋਗਾ, (ਸੰਦੀਪ)- ਸਟੇਟ ਡਰੱਗ ਤੇ ਫੂਡ ਕਮਿਸ਼ਨਰ ਡਾ. ਕਾਹਨ ਸਿੰਘ ਪੰਨੂ ਦੀਆਂ ਹਦਾਇਤਾਂ ’ਤੇ ਸਿਹਤ ਵਿਭਾਗ ਅਣ-ਅਧਿਕਾਰਤ ਦਵਾਈਆਂ ਦੀ ਸਪਲਾਈ ’ਤੇ ਤਿੱਖੀ ਨਜ਼ਰ ਰੱਖਣ ਲਈ ਹਰਕਤ ’ਚ ਆ ਗਿਆ ਹੈ। ਜ਼ਿਲੇੇ ਦੇ ਡਰੱਗ ਇੰਸਪੈਕਟਰਾਂ ਵੱਲੋਂ ਸ਼ਹਿਰ ਅਤੇ ਕਸਬਿਆਂ ’ਚ ਸਥਿਤ ਟਰਾਂਸਪੋਰਟਰਾਂ ਅਤੇ ਕੋਰੀਅਰ ਸਰਵਿਸ ਸੰਚਾਲਕਾਂ ਦੇ ਦਫਤਰਾਂ ’ਚ ਪੁਲਸ ਪਾਰਟੀ ਸਮੇਤ ਪੁੱਜ ਕੇ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੀ ਡਰੱਗ ਬ੍ਰਾਂਚ ਦੇ ਸ਼ਹਿਰੀ ਖੇਤਰ ਦੇ ਡਰੱਗ ਇੰਸਪੈਕਟਰ ਮੈਡਮ ਸੋਨੀਆ ਗੁਪਤਾ ਅਤੇ ਰੂਰਲ ਏਰੀਆ ਦੇ ਡਰੱਗ ਇੰਸਪੈਕਟਰ ਅਮਿਤ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮੋਗਾ ਸ਼ਹਿਰ ਦੇ ਪ੍ਰਤਾਪ ਰੋਡ, ਮੈਜਿਸਟਿਕ ਰੋਡ, ਰੇਲਵੇ ਰੋਡ, ਗਾਂਧੀ ਰੋਡ ਸਮੇਤ ਹੋਰ ਕਈ ਇਲਾਕਿਆਂ ’ਚ ਟਰਾਂਸਪੋਰਟਰਾਂ ਅਤੇ ਕੋਰੀਅਰ ਸਰਵਿਸ ਦਫਤਰਾਂ ’ਤੇ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਜ਼ਿਲੇੇ ਦੇ ਕਸਬਾ ਧਰਮਕੋਟ ਸਮੇਤ ਹੋਰ ਸ਼ਹਿਰਾਂ ’ਚ ਵੀ ਇਸੇ ਲਡ਼ੀ ਤਹਿਤ ਚੈਕਿੰਗ ਕੀਤੀ ਜਾ ਰਹੀ ਹੈ। ਮੈਡਮ ਸੋਨੀਆ ਗੁਪਤਾ ਨੇ ਦੱਸਿਆ ਕਿ ਸਟੇਟ ਫੂਡ ਕਮਿਸ਼ਨਰ ਕਮ ਕੰਟਰੋਲ ਡਰੱਗ ਐਂਡ ਫੂਡ ਡਾ. ਕਾਹਨ ਸਿੰਘ ਪੰਨੂ ਵੱਲੋਂ ਸੂਬੇ ’ਚ ਸਪਲਾਈ ਹੋਣ ਵਾਲੀਆਂ ਅਣ-ਅਧਿਕਾਰਤ ਤੇ ਨਸ਼ੇ ਵਾਲੀਆਂ ਦਵਾਈਆਂ ’ਤੇ ਕੰਟਰੋਲ ਕਰਨ ਲਈ ਇਹ ਮੁਹਿੰਮ ਵਿੱਢਣ ਦੇ ਹੁਕਮ ਜਾਰੀ ਕੀਤੇ ਗਏ ਸਨ, ਜਿਸ ਦੀ ਉਨ੍ਹਾਂ ਵੱਲੋਂ ਇਨ-ਬਿਨ ਪਾਲਣਾ ਕੀਤੀ ਜਾਵੇਗੀ।


author

KamalJeet Singh

Content Editor

Related News