''ਮਾਤਰੂ ਵੰਦਨਾ ਯੋਜਨਾ'' ਤਹਿਤ 94 ਕਰੋੜ ਰੁਪਏ ਦੀ ਸਹਾਇਤਾ ਦਿੱਤੀ : ਅਰੁਣਾ ਚੌਧਰੀ

11/30/2019 1:03:09 AM

ਚੰਡੀਗੜ੍ਹ,(ਰਮਨਜੀਤ) : ਗਰਭਵਤੀ ਔਰਤਾਂ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਸਿਹਤ ਪ੍ਰਤੀ ਪੂਰਾ ਧਿਆਨ ਦੇਣ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦਹੁਰਾਉਂਦੇ ਹੋਏ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ (ਪੀ. ਐੱਮ. ਐੱਮ. ਵੀ. ਵਾਈ.) ਸਕੀਮ ਹੇਠ ਪਹਿਲੀ ਜਨਵਰੀ 2017 ਤੋਂ 26 ਨਵੰਬਰ 2019 ਤੱਕ 2 ਲੱਖ 47 ਹਜ਼ਾਰ 506 ਲਾਭਪਾਤਰੀਆਂ ਨੂੰ 94 ਕਰੋੜ 65 ਲੱਖ 46 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਇਹ ਰਾਸ਼ੀ ਸਿੱਧੀ ਲਾਭਪਾਤਰੀਆਂ ਦੇ ਖਾਤਿਆਂ 'ਚ ਤਬਦੀਲ ਕੀਤੀ ਗਈ ਹੈ।
ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਬੀਤੀ ਸ਼ਾਮ ਪੀ. ਐੱਮ. ਐੱਮ. ਵੀ. ਵਾਈ. ਸਕੀਮ ਬਾਰੇ ਹੋਈ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਸ ਸਕੀਮ ਦੀ ਪ੍ਰਗਤੀ 'ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਪਰਿਵਾਰ ਦੇ ਪਹਿਲੇ ਜੀਵਤ ਬੱਚੇ ਲਈ ਗਰਭਵਤੀ ਔਰਤਾਂ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਉਨ੍ਹਾਂ ਦੇ ਬੈਂਕ/ਪੋਸਟ ਆਫਿਸ ਦੇ ਖਾਤੇ ਵਿਚ ਸਿੱਧੇ ਤੌਰ 'ਤੇ 5 ਹਜ਼ਾਰ ਰੁਪਏ ਦੀ ਨਕਦ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਪੀ. ਐੱਮ. ਐੱਮ. ਵੀ. ਵਾਈ. ਨੂੰ ਆਂਗਣਵਾੜੀ ਸੇਵਾਵਾਂ ਦੇ ਮੰਚ ਦੀ ਵਰਤੋਂ ਕਰ ਕੇ ਲਾਗੂ ਕੀਤਾ ਜਾ ਰਿਹਾ ਹੈ। ਚੌਧਰੀ ਨੇ ਕਿਹਾ ਕਿ ਇਸ ਸਕੀਮ ਦੇ ਪ੍ਰਭਾਵੀ ਨਤੀਜੇ ਨਿਕਲੇ ਹਨ ਅਤੇ ਮਹਿਲਾਵਾਂ ਨੂੰ ਮਦਦ ਮਿਲਣੀ ਸ਼ੁਰੂ ਹੋਈ ਹੈ। ਜੇਕਰ ਅਜੇ ਵੀ ਕੋਈ ਯੋਗ ਲਾਭਪਾਤਰੀ ਇਸ ਸਕੀਮ ਦੇ ਘੇਰੇ ਵਿੱਚੋਂ ਬਾਹਰ ਰਹਿ ਗਿਆ ਹੈ ਤਾਂ ਉਹ ਤੁਰੰਤ ਨੇੜੇ ਦੇ ਆਂਗਣਵਾੜੀ ਕੇਂਦਰ ਨਾਲ ਸੰਪਰਕ ਕਰ ਸਕਦਾ ਹੈ ਅਤੇ ਆਪਣੇ ਆਪ ਨੂੰ ਰਜਿਸਟਰਡ ਕਰਵਾ ਸਕਦਾ ਹੈ ਤਾਂ ਜੋ ਉਸ ਨੂੰ ਮਿਲਣ ਵਾਲੀ ਮਾਲੀ ਮਦਦ ਉਸ ਦੇ ਖਾਤੇ ਵਿਚ ਪਾਈ ਜਾ ਸਕੇ।


Related News