ਖਾਲ੍ਹੀ ਚੈੱਕ ਵਾਪਸ ਨਾ ਕਰਨ ''ਤੇ ਕਿਸਾਨਾਂ ਵੱਲੋਂ HDFC ਬੈਂਕ ਅੱਗੇ ਪ੍ਰਦਰਸ਼ਨ

03/26/2019 4:43:17 PM

ਮਾਨਸਾ (ਅਮਰਜੀਤ) : ਮਾਨਸਾ ਜ਼ਿਲੇ ਦੇ ਕਸਬਾ ਭੀਖੀ ਵਿਚ ਐੱਚ.ਡੀ.ਐੱਫ.ਸੀ. ਬੈਂਕ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ 'ਤੇ ਕਿਸਾਨਾਂ ਨੇ ਬੈਂਕ ਕਰਮਚਾਰੀਆਂ ਨੂੰ ਬੈਂਕ ਦੇ ਅੰਦਰ ਹੀ ਬੰਦ ਕਰ ਦਿੱਤਾ ਅਤੇ ਉਨ੍ਹਾਂ ਨੂੰ ਬਾਹਰ ਨਹੀਂ ਨਿਕਲਣ ਦਿੱਤਾ। ਕਿਸਾਨ ਮੰਗ ਕਰ ਰਹੇ ਹਨ ਕਿ ਬੈਂਕ ਕਿਸਾਨਾਂ ਦੇ ਖਾਲ੍ਹੀ ਚੈੱਕ ਵਾਪਸ ਕਰੇ, ਕਿਉਂਕਿ ਮਾਣਯੋਗ ਉੱਚ ਅਦਾਲਤ ਨੇ ਬੈਂਕਾਂ ਨੂੰ ਹੁਕਮ ਦਿੱਤੇ ਹਨ ਕਿ ਕਿਸਾਨਾਂ ਦੇ ਖਾਲ੍ਹੀ ਚੈੱਕ ਤੁਰੰਤ ਵਾਪਸ ਕੀਤੇ ਜਾਣ ਪਰ ਬੈਂਕ ਕਿਸੇ ਵੀ ਕਿਸਾਨ ਦਾ ਚੈੱਕ ਵਾਪਸ ਨਹੀਂ ਕਰ ਰਹੇ, ਜਿਸ ਕਾਰਨ ਕਿਸਾਨਾਂ ਨੂੰ ਸੰਘਰਸ਼ ਦੇ ਰਾਹ 'ਤੇ ਚੱਲਣਾ ਪਿਆ।

ਇਸ ਮੌਕੇ 'ਤੇ ਕਿਸਾਨ ਨੇਤਾਵਾਂ ਨੇ ਕਿਹਾ ਕਿ ਕਿਸੇ ਵੀ ਕਾਨੂੰਨ ਵਿਚ ਨਹੀਂ ਲਿਖਿਆ ਕਿ ਕਰਜ਼ਾ ਦਿੰਦੇ ਸਮੇਂ ਕਿਸਾਨ ਆਪਣੀ ਜ਼ਮੀਨ ਵੀ ਗਿਰਵੀ ਰੱਖੇ ਅਤੇ ਬੈਂਕ ਨੂੰ ਖਾਲ੍ਹੀ ਚੈੱਕ ਵੀ ਦੇਵੇ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਕੁਦਰਤੀ ਆਫਤ ਕਾਰਨ ਜੇਕਰ ਕੋਈ ਕਿਸਾਨ ਕਰਜ਼ੇ ਦੀ ਕਿਸ਼ਤ ਨਹੀਂ ਦੇ ਪਾਉਂਦਾ ਤਾਂ ਬੈਂਕ ਕਰਮਚਾਰੀ ਉਨ੍ਹਾਂ ਦੇ ਚੈੱਕ ਅਦਾਲਤ ਵਿਚ ਲਗਾ ਕੇ ਕਿਸਾਨਾਂ ਨੂੰ ਪਰੇਸ਼ਾਨ ਕਰ ਰਹੇ ਹਨ।

ਦੂਜੇ ਪਾਸੇ ਪੀੜਤ ਕਿਸਾਨ ਰਾਮਫਲ ਸਿੰਘ ਨੇ ਦੱਸਿਆ ਕਿ ਉਸ ਨੇ ਬੈਂਕ ਤੋਂ 8 ਲੱਖ ਦਾ ਕਰਜ਼ਾ ਲਿਆ ਸੀ ਪਰ ਕਿਸੇ ਕਾਰਨ ਉਹ ਬੈਂਕ ਦੀ ਰਕਮ ਵਾਪਸ ਨਹੀਂ ਕਰ ਸਕਿਆ ਅਤੇ ਬੈਂਕ ਅਧਿਕਾਰੀਆਂ ਨੇ ਕਰਜ਼ਾ ਦਿੰਦੇ ਸਮੇਂ ਉਸ ਕੋਲੋਂ ਖਾਲ੍ਹੀ ਚੈੱਕ ਲੈ ਲਏ ਸਨ ਅਤੇ ਹੁਣ ਬੈਂਕ ਨੇ ਅਦਾਲਤ ਵਿਚ ਉਸ ਖਿਲਾਫ ਕੇਸ ਦਰਜ ਕਰਵਾ ਦਿੱਤਾ ਹੈ। ਰਾਮਫਲ ਸਿੰਘ ਨੇ ਕਿਹਾ ਕਿ ਉਹ ਬੈਂਕ ਤੋਂ ਆਪਣੇ ਖਾਲ੍ਹੀ ਚੈੱਕ ਵਾਪਸ ਲੈਣ ਲਈ ਹੀ ਅੱਜ ਇਸ ਧਰਨੇ ਵਿਚ ਸ਼ਾਮਲ ਹੋਇਆ ਹੈ।


cherry

Content Editor

Related News