ਮਾਨਸਾ ਜ਼ਿਲ੍ਹੇ ''ਚ ਸ਼ਨੀਵਾਰ ਨੂੰ 30 ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਆਏ ਸਾਹਮਣੇ

08/30/2020 12:50:55 PM

ਮਾਨਸਾ,(ਸੰਦੀਪ ਮਿੱਤਲ,ਜੱਸਲ)- ਪੰਜਾਬ 'ਚ ਦਿਨੋਂ-ਦਿਨ ਵਧ ਰਹੇ ਕੋਰੋਨਾ ਦੇ ਪ੍ਰਭਾਵ ਨੂੰ ਦੇਖਦਿਆਂ ਜਿੱਥੇ ਪੰਜਾਬ ਸਰਕਾਰ ਨੇ ਸਖ਼ਤ ਕਦਮ ਪੁੱਟਦਿਆਂ ਵੀਕੈਂਡ ਲਾਕਡਾਊਨ ਅਤੇ ਰਾਤ ਸਮੇਂ ਕਰਫਿਊ ਲਗਾਇਆ ਹੋਇਆ ਹੈ, ਉਥੇ ਹੀ ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਹੁਣ ਤੱਕ 12 ਵਿਅਕਤੀਆਂ ਦੀ ਮੌਤ ਹੋ ਜਾਣ ਨਾਲ ਲੋਕਾਂ ਦੇ ਮਨਾਂ 'ਚ ਕਾਫੀ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਲਗਾਤਾਰ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰ ਪਾਲ ਨੇ ਕਿਹਾ ਕਿ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਲਈ ਘਰ 'ਚ ਇਕਾਂਤਵਾਸ ਹੋਣ ਦੀ ਪ੍ਰਕਿਰਿਆ ਨੂੰ ਹੁਣ ਸਰਕਾਰ ਵੱਲੋਂ ਸਰਲ ਕਰ ਦਿੱਤਾ ਹੈ। ਇਸ ਲਈ ਕੋਰੋਨਾ ਟੈਸਟਿੰਗ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇਸ ਦੇ ਲਈ ਘਰ 'ਚ ਯੋਗ ਲੋੜੀਂਦੇ ਪ੍ਰਬੰਧ ਅਤੇ ਸਿਹਤ ਗਾਇਡਲਾਈਨ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ।

ਮਾਨਸਾ ਜ਼ਿਲ੍ਹੇ ਦੇ ਤਾਜ਼ਾ ਅੰਕੜੇ
ਸਿਵਲ ਸਰਜਨ ਡਾ. ਲਾਲ ਚੰਦ ਠੁਕਰਾਲ ਤੇ ਕੋਰੋਨਾ ਸੈਂਪਲਿੰਗ ਦੇ ਜ਼ਿਲ੍ਹਾ ਇੰਚਾਰਜ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਅੱਜ ਮਾਨਸਾ ਜ਼ਿਲੇ 'ਚ 30 ਮਰੀਜ਼ ਕੋਰੋਨਾ ਪਾਜ਼ੇਟਿਵ ਪਾਏ ਜਾਣ 'ਤੇ ਉਨ੍ਹਾਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ 'ਚ ਕਰੀਬ 24496 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਜਿਨ੍ਹਾਂ 'ਚ 544 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਅਤੇ ਇਨ੍ਹਾਂ 'ਚ 301 ਮਰੀਜ਼ ਠੀਕ ਹੋਣ 'ਤੇ ਛੁੱਟੀ ਦੇ ਦਿੱਤੀ ਗਈ ਹੈ ਤੇ 12 ਮਰੀਜ਼ਾਂ ਦੀ ਮੌਤ ਹੋਣ ਉਪਰੰਤ ਹੁਣ ਕੁੱਲ 231 ਕੋਰੋਨਾ ਪਾਜ਼ੇਟਿਵ ਮਰੀਜ਼ ਜ਼ੇਰੇ ਇਲਾਜ ਹਨ। ਉਨ੍ਹਾਂ ਦੱਸਿਆ ਕਿ ਹੈਲਥ ਬਲਾਕ ਮਾਨਸਾ 'ਚ ਅੱਜ ਤੱਕ ਕੁੱਲ 184 ਮਰੀਜ਼ ਕੋਰੋਨਾ ਪਾਜ਼ੇਟਿਵ ਹਨ। ਜਦਕਿ ਬਲਾਕ ਬੁਢਲਾਡਾ 'ਚ 185, ਖਿਆਲਾ ਕਲਾਂ 'ਚ 96, ਸਰਦੂਲਗੜ੍ਹ 'ਚ 79 ਕੇਸ ਕੋਰੋਨਾ ਪਾਜ਼ੇਟਿਵ ਹਨ। ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਮਰੀਜਾਂ ਦੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਲਗਾਤਾਰ ਸੈਂਪਲਿੰਗ ਕੀਤੀ ਜਾ ਰਹੀ ਹੈ।
 


Deepak Kumar

Content Editor

Related News