ਭਾਈ ਲੌਂਗੋਵਾਲ ਦੇ ਨੇੜਲੇ ਸਾਥੀ ਜਥੇਦਾਰ ਉਦੇ ਸਿੰਘ ਦੇ ਪੁੱਤਰ ਨੇ ਕੀਤਾ ਢੀਂਡਸਾ ਦਾ ਸਮਰਥਨ

01/09/2020 1:41:09 PM

ਲੌਂਗੋਵਾਲ (ਵਸ਼ਿਸ਼ਟ) : ਢੀਂਡਸਾ ਪਰਿਵਾਰ ਦੀਆਂ ਪ੍ਰਚੰਡ ਬਾਗੀ ਸੁਰਾਂ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ 'ਚ ਮਚੀ ਉਥਲ-ਪੁਥਲ ਕਾਰਣ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਆਗੂ ਢੀਂਡਸਾ ਪਰਿਵਾਰ ਨੂੰ ਪਾਰਟੀ 'ਚੋਂ ਕੱਢਣ ਦੀਆਂ ਸਕੀਮਾਂ ਬਣਾ ਰਹੇ ਹਨ, ਉਥੇ ਵੱਡੇ ਅਕਾਲੀ ਲੀਡਰਾਂ ਦੇ ਨੇੜਲੇ ਪਰਿਵਾਰਕ ਮੈਂਬਰ ਢੀਂਡਸਾ ਦੇ ਸਮਰਥਨ 'ਚ ਆਉਣ ਨਾਲ ਅਕਾਲੀ ਦਲ ਲਈ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਇਕ ਅਜਿਹਾ ਹੀ ਸਮੀਕਰਨ ਅੱਜ ਇੱਥੇ ਉਸ ਵੇਲੇ ਸਾਹਮਣੇ ਆਇਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਅਤਿ ਨਜ਼ਦੀਕੀ ਆਗੂ ਜਥੇਦਾਰ ਉਦੇ ਸਿੰਘ ਲੌਂਗੋਵਾਲ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਦੇ ਪੁੱਤਰ ਚਿਤਵੰਤ ਸਿੰਘ ਬੱਬਲ ਨੇ ਢੀਂਡਸਾ ਪਰਿਵਾਰ ਦਾ ਖੁੱਲ੍ਹ ਕੇ ਸਮਰਥਨ ਕਰ ਦਿੱਤਾ।

ਇੱਥੇ ਹੀ ਬਸ ਨਹੀਂ ਇਸ ਨੌਜਵਾਨ ਆਗੂ ਨੇ ਜਿੱਥੇ ਢੀਂਡਸਾ ਦੇ ਸਟੈਂਡ ਦੀ ਰੱਜ ਕੇ ਪ੍ਰਸ਼ੰਸਾ ਕੀਤੀ, ਉੱਥੇ ਬਾਦਲ ਪਰਿਵਾਰ ਨੂੰ ਬੇਅਦਬੀ ਦੇ ਮਾਮਲੇ 'ਤੇ ਆੜੇ ਹੱਥੀਂ ਲਿਆ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ 'ਤੇ ਵੀ ਵਰਕਰਾਂ ਨੂੰ ਅਣਗੌਲਿਆ ਕਰਨ ਦੇ ਦੋਸ਼ ਲਾ ਦਿੱਤੇ। ਬੱਬਲ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਹੀ ਅਜਿਹੇ ਆਗੂ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ 'ਤੇ ਆਪਣੀ ਹੀ ਪਾਰਟੀ ਦੀ ਲੀਡਰਸ਼ਿਪ ਖਿਲਾਫ ਖੁੱਲ੍ਹ ਕੇ ਬੋਲੇ ਹਨ ਅਤੇ ਜੋ ਸਟੈਂਡ ਉਨ੍ਹਾਂ ਨੇ ਲਿਆ ਹੈ ਪੂਰੀ ਤਰ੍ਹਾਂ ਸਹੀ ਹੈ।

ਭਾਈ ਗੋਬਿੰਦ ਸਿੰਘ ਲੌਂਗੋਵਾਲ ਬਾਰੇ ਬੋਲਦਿਆਂ ਬੱਬਲ ਨੇ ਕਿਹਾ ਕਿ ਹੁਣ ਉਹ ਆਪਣੀ ਪ੍ਰਧਾਨਗੀ ਦੇ ਨਸ਼ੇ 'ਚ ਆਪਣੇ ਵਰਕਰਾਂ ਦੀ ਕਦਰ ਕਰਨੀ ਹੀ ਭੁੱਲ ਗਏ ਹਨ ਅਤੇ ਚੰਦ ਕੁ ਲੋਕਾਂ ਦੇ ਘੇਰੇ 'ਚ ਘਿਰੇ ਭਾਈ ਲੌਂਗੋਵਾਲ ਵੱਲੋਂ ਵਰਕਰਾਂ ਨੂੰ ਅੱਖੋਂ-ਪਰੋਖੇ ਕਰਨ ਦਾ ਖਮਿਆਜ਼ਾ ਉਨ੍ਹਾਂ ਨੂੰ ਆਉਣ ਵਾਲੀਆਂ ਚੋਣਾਂ 'ਚ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿਚ ਸੁਖਬੀਰ ਸਿੰਘ ਬਾਦਲ ਦੀ ਦਖਲ-ਅੰਦਾਜ਼ੀ ਤੋਂ ਸਮੁੱਚੇ ਲੋਕ ਦੁਖੀ ਹਨ ਅਤੇ ਪੁਰਾਣੇ ਅਕਾਲੀ ਵਰਕਰਾਂ ਦੀ ਕੋਈ ਵੀ ਪੁੱਛਗਿੱਛ ਨਹੀਂ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਨਹੀਂ ਦਿੱਤਾ ਗਿਆ।

ਮੈਨੇਜਮੈਂਟ ਦੇ ਪ੍ਰਭਾਵ ਹੇਠ ਲਿਆ ਫੈਸਲਾ : ਜਥੇਦਾਰ ਉਦੇ ਸਿੰਘ
ਸਾਬਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਉਦੇ ਸਿੰਘ ਲੌਂਗੋਵਾਲ ਨੇ ਕਿਹਾ ਕਿ ਮੇਰਾ ਪੁੱਤਰ ਚਿਤਵੰਤ ਸਿੰਘ ਬੱਬਲ ਅਕਾਲ ਕਾਲਜ ਆਫ ਫਾਰਮੇਸੀ ਮਸਤੂਆਣਾ ਸਾਹਿਬ ਵਿਖੇ ਮੁਲਾਜ਼ਮ ਹੈ ਅਤੇ ਇਹ ਸੰਸਥਾ ਸੁਖਦੇਵ ਸਿੰਘ ਢੀਂਡਸਾ ਦੀ ਦੇਖ-ਰੇਖ ਹੇਠ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਬੱਬਲ ਨੇ ਇਹ ਬਿਆਨ ਮੈਨੇਜਮੈਂਟ ਦੇ ਪ੍ਰਭਾਵ ਥੱਲੇ ਆ ਕੇ ਦਿੱਤਾ ਹੈ।


cherry

Content Editor

Related News