ਲੋਕ ਸਭਾ ਚੋਣਾਂ : ਔਰਤਾਂ ਨੂੰ ਜ਼ਿਆਦਾ ਟਿਕਟਾਂ ਦੇਣ ’ਚ ਬਾਜ਼ੀ ਮਾਰ ਸਕਦੈ ਅਕਾਲੀ ਦਲ
Wednesday, Mar 13, 2019 - 01:21 PM (IST)

ਲੁਧਿਆਣਾ (ਹਿਤੇਸ਼)- ਲੋਕ ਸਭਾ ਚੋਣਾਂ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮਹਿਲਾਵਾਂ ਨੂੰ 33 ਫੀਸਦੀ ਰਿਜ਼ਰਵੇਸ਼ਨ ਦੇਣ ਦਾ ਮੁੱਦਾ ਬਣਾਉਣ ਦਾ ਐਲਾਨ ਕੀਤਾ ਹੈ ਪਰ ਕਾਂਗਰਸ ਵੱਲੋਂ ਟਿਕਟਾਂ ਵੰਡਣ ਦੀ ਪ੍ਰਕਿਰਿਆ 'ਚ ਇਸ ਵਾਅਦੇ ਦਾ ਅਸਰ ਨਹੀਂ ਦਿਖ ਰਿਹਾ। ਇਸ ਮਾਮਲੇ 'ਚ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਹੁਣ ਤੱਕ ਕਾਂਗਰਸ ਵੱਲੋਂ ਸਿਰਫ ਪਟਿਆਲਾ ਤੋਂ ਪਰਨੀਤ ਕੌਰ ਨੂੰ ਟਿਕਟ ਦੀ ਹਰੀ ਝੰਡੀ ਦਿੱਤੀ ਗਈ ਹੈ ਹਾਲਾਂਕਿ ਪਿਛਲੀ ਵਾਰ ਕਾਂਗਰਸ ਨੇ ਅਨੰਦਪੁਰ ਸਾਹਿਬ ਸੀਟ ਤੋਂ ਅੰਬਿਕਾ ਸੋਨੀ ਨੂੰ ਉਮੀਦਵਾਰ ਬਣਾਇਆ ਸੀ ਪਰ ਇਸ ਵਾਰ ਉਨ੍ਹਾਂ ਨੇ ਚੋਣ ਲਡ਼ਨ ਤੋਂ ਇਨਕਾਰ ਕਰ ਦਿੱਤਾ ਹੈ।
ਉਸ ਦੇ ਮੁਕਾਬਲੇ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਵੱਲੋਂ ਚੋਣ ਲਡ਼ਨ 'ਚ ਕੋਈ ਦੁਚਿੱਤੀ ਨਹੀਂ ਹੈ ਅਤੇ ਹੁਣ ਸੁਖਬੀਰ ਸਿੰਘ ਬਾਦਲ ਨੇ ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਇਸੇ ਤਰ੍ਹਾਂ ਹੁਣ ਤਕ ਅਕਾਲੀ ਦਲ ਨੇ ਕਾਂਗਰਸ ਦੇ ਮੁਕਾਬਲੇ ਇਕ ਜ਼ਿਆਦਾ ਮਹਿਲਾ ਨੂੰ ਟਿਕਟ ਦੇਣ ਦੇ ਮਾਮਲੇ 'ਚ ਬਾਜ਼ੀ ਮਾਰ ਲਈ ਹੈ ਜਿਸ ਦੇ ਮੱਦੇਨਜ਼ਰ ਕਾਂਗਰਸ 'ਚ ਔਰਤਾਂ ਦਾ ਅਨੁਪਾਤ ਪੂਰਾ ਕਰਨ ਲਈ ਸੰਗਰੂਰ ਤੋਂ ਰਾਜਿੰਦਰ ਕੌਰ ਭੱਠਲ ਵੱਲੋਂ ਵੀ ਟਿਕਟ ਦੀ ਮੰਗ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਦੀ ਜਗ੍ਹਾ ਕੇਵਲ ਢਿੱਲੋਂ ਦਾ ਨਾਂ ਅੱਗੇ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪਿਛਲੀ ਵਾਰ ਕਾਂਗਰਸ ਨੇ ਜਿਸ ਕੇਂਦਰੀ ਮੰਤਰੀ ਸੰਤੋਸ਼ ਚੌਧਰੀ ਦੀ ਹੁਸ਼ਿਆਰਪੁਰ ਤੋਂ ਟਿਕਟ ਕੱਟ ਦਿੱਤੀ ਸੀ। ਉਹ ਹੁਣ ਵੀ ਟਿਕਟ ਦੀ ਮੰਗ ਕਰ ਰਹੀ ਹੈ। ਇਸ ਦੌਰਾਨ ਜੇਕਰ ਕਾਂਗਰਸ ਨੇ ਦੋ ਮਹਿਲਾਵਾਂ ਨੂੰ ਟਿਕਟ ਦਿੱਤੀ ਤਾਂ ਠੀਕ ਨਹੀਂ ਤਾਂ ਇਸ ਮਾਮਲੇ 'ਚ ਅਕਾਲੀ ਦਲ ਬਾਜ਼ੀ ਮਾਰ ਸਕਦਾ ਹੈ, ਕਿਉਂਕਿ ਡੈਮੋਕ੍ਰੇਟਿਕ ਫਰੰਟ ਨੇ ਵੀ ਖਡੂਰ ਸਾਹਿਬ ਤੋਂ ਹੀ ਹੁਣ ਇਕ ਮਹਿਲਾ ਨੂੰ ਟਿਕਟ ਦਿੱਤੀ ਹੈ ਅਤੇ ਆਮ ਆਦਮੀ ਪਾਰਟੀ ਦੇ ਫੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਜੇਕਰ ਮਨਮੋਹਨ ਸਿੰਘ ਜਾਂ ਸਿੱਧੂ ਦੀ ਪਤਨੀ ਨੇ ਅੰਮ੍ਰਿਤਸਰ ਤੋਂ ਲਡ਼ੀ ਚੋਣ ਤਾਂ ਖਡੂਰ ਸਾਹਿਬ ਵਿਚ ਹੋਵੇਗੀ ਅੌਜਲਾ ਦੀ ਟਰਾਂਸਫਰ - ਕਾਂਗਰਸ ਵੱਲੋਂ ਅੰਮ੍ਰਿਤਸਰ ਤੋਂ ਚੋਣ ਲਡ਼ਨ ਲਈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਨਾਂ ਅੱਗੇ ਕੀਤਾ ਜਾ ਰਿਹਾ ਹੈ, ਹਾਲਾਂਕਿ ਹੁਣ ਮਨਮੋਹਨ ਸਿੰਘ ਵੱਲੋਂ ਇਨਕਾਰ ਕਰਨ ਦੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਹਨ। ਇਸ ਦੌਰਾਨ ਚੰਡੀਗਡ਼੍ਹ ਤੋਂ ਟਿਕਟ ਮੰਗ ਰਹੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੂੰ ਸਫਲਤਾ ਨਹੀਂ ਮਿਲੀ ਤਾਂ ਉਹ ਵੀ ਵਾਪਸ ਅੰਮ੍ਰਿਤਸਰ ਦਾ ਰੁਖ਼ ਕਰ ਸਕਦੀ ਹੈ। ਇਨ੍ਹਾਂ ਗੱਲਾਂ ਦਾ ਅਸਰ ਅੰਮ੍ਰਿਤਸਰ ਦੇ ਮੌਜੂਦਾ ਐੱਮ. ਪੀ. ਗੁਰਜੀਤ ਸਿੰਘ ਅੌਜਲਾ 'ਤੇ ਪਵੇਗਾ, ਜਿਨ੍ਹਾਂ ਦੀ ਖਡੂਰ ਸਾਹਿਬ 'ਚ ਟਰਾਂਸਫਰ ਹੋ ਸਕਦੀ ਹੈ।