ਲਹਿਰਾ ਥਰਮਲ ਦੇ ਕੱਚੇ ਵਰਕਰਾਂ ਦਾ ਪੱਕਾ ਮੋਰਚਾ ਲਗਾਤਾਰ ਜਾਰੀ

12/30/2019 11:01:35 AM

ਲਹਿਰਾ ਮੁਹੱਬਤ (ਮਨੀਸ਼) : ਜੀ. ਐੱਚ. ਟੀ. ਪੀ. ਕੰਟਰੈਕਟ ਵਰਕਰ ਯੂਨੀਅਨ ਲਹਿਰਾ ਮੁਹੱਬਤ ਵੱਲੋਂ ਪੱਕੇ ਰੋਜ਼ਗਾਰ ਖਾਤਰ ਥਰਮਲ ਅੱਗੇ 23 ਦਸੰਬਰ ਤੋਂ ਲਾਇਆ ਪੱਕਾ ਮੋਰਚਾ ਲਗਾਤਾਰ ਜਾਰੀ ਹੈ। ਵਰਕਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਗਰੂਪ ਸਿੰਘ ਅਤੇ ਜਨਰਲ ਸਕੱਤਰ ਰਾਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸਰਕਾਰੀ ਥਰਮਲ ਪਲਾਂਟ ਬੰਦ ਕਰ ਕੇ ਪ੍ਰਾਈਵੇਟ ਘਰਾਣਿਆਂ ਦੇ ਥਰਮਲਾਂ ਤੋਂ ਮਹਿੰਗੇ ਭਾਅ ਦੀ ਬਿਜਲੀ ਦੀ ਖਰੀਦ ਕਰਨਾ ਕਾਰਪੋਰੇਟ ਜਗਤ ਨੂੰ ਵੱਡਾ ਫਾਇਦਾ ਦੇਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਪਾਵਰਕਾਮ ਵੱਲੋਂ ਹੁਣ ਬਠਿੰਡਾ ਤੋਂ ਬਾਅਦ ਲਹਿਰਾ ਮੁਹੱਬਤ ਥਰਮਲ ਪਲਾਂਟ ਨੂੰ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਪਿਛਲੇ 21 ਸਾਲਾਂ ਤੋਂ ਕੰਮ ਕਰਦੇ ਵਰਕਰਾਂ 'ਤੇ ਤਲਵਾਰ ਲਟਕੀ ਹੋਈ ਹੈ ਕਿ ਉਨ੍ਹਾਂ ਨੂੰ ਕੰਮ ਤੋਂ ਫਾਰਗ ਕੀਤਾ ਜਾ ਸਕਦਾ ਹੈ। ਉਨ੍ਹਾਂ ਵਰਕਰਾਂ ਲਈ ਵੈੱਲਫੇਅਰ ਐਕਟ 2016 ਅਧੀਨ ਲਿਆ ਕੇ ਪੱਕਾ ਕਰਨ, ਸਰਕਾਰੀ ਥਰਮਲ ਪਲਾਂਟ ਚਾਲੂ ਕਰਨ, ਵਰਕਰਾਂ ਦਾ ਵੇਤਨ 21 ਹਜ਼ਾਰ ਰੁਪਏ ਕਰਨ, ਅਣਸਕਿੱਲਡ ਕਾਮਿਆਂ ਨੂੰ ਪਦ ਉਨਤ ਕਰਨ ਅਤੇ ਖਾਲੀ ਪਏ ਸਰਕਾਰੀ ਕੁਆਰਟਰ ਲੋੜਵੰਦ ਵਰਕਰਾਂ ਨੂੰ ਅਲਾਟ ਕਰਨ ਦੀ ਮੰਗ ਕੀਤੀ। ਐਤਵਾਰ ਨੂੰ ਦੁਪਿਹਰ ਸਮੇਂ ਚੇਤਨਾ ਰੰਗ ਮੰਚ ਬਰਨਾਲਾ ਦੀ ਟੀਮ ਨੇ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾਂ ਹੇਠ ਲੋਕ ਪੱਖੀ ਨਾਟਕ 'ਲਹੂ ਕਿਸਦਾ ਹੈ' ਅਤੇ ਕੋਰੀਓਗ੍ਰਾਫੀ 'ਜੂਝੇ ਬਿਨਾਂ ਕੋਈ ਹੱਲ ਨਹੀਂ' ਪੇਸ਼ ਕਰ ਕੇ ਚੰਗਾ ਰੰਗ ਬੰਨ੍ਹਿਆ।

ਇਕੱਠ ਨੂੰ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ, ਪੰਜਾਬ ਖੇਤ ਮਜ਼ਦੂਰ ਯੂਨੀਅਨ ਆਗੂ ਗੋਰਾ ਸਿੰਘ ਨਸਰਾਲੀ, ਲੋਕ ਮੋਰਚਾ ਆਗੂ ਮਾ. ਜਗਮੇਲ ਸਿੰਘ ਅਤੇ ਗੁਰਮੁਖ ਸਿੰਘ, ਗੁਰਵਿੰਦਰ ਪੰਨੂੰ, ਸੇਵਕ ਦੰਦੀਵਾਲ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ, ਜਲ ਸਪਲਾਈ ਅਤੇ ਸੈਨੀਟੇਸ਼ਨ ਆਗੂ ਹਾਕਮ ਸਿੰਘ, ਰਮਸਾ ਆਗੂ ਹਰਜੀਤ ਸਿੰਘ ਜੀਦਾ, ਅਸ਼ਵਨੀ ਕੁਮਾਰ 5178 ਯੂਨੀਅਨ ਆਗੂ ਨੇ ਸੰਬੋਧਨ ਕੀਤਾ। ਦੇਰ ਸ਼ਾਮ ਪੱਕੇ ਮੋਰਚੇ 'ਚ ਆ ਕੇ ਯੂਨੀਅਨ ਆਗੂਆਂ ਨਾਲ ਡਿਪਟੀ ਮੁੱਖ ਇੰਜੀਨੀਅਰ ਸੁਖਵਿੰਦਰ ਕੁਮਾਰ, ਐੱਸ. ਈ. ਯਸਪਾਲ ਸਿੰਘ ਅਤੇ ਮੁੱਖ ਭਲਾਈ ਅਫਸਰ ਸੁਖਵੀਰ ਸਿੰਘ ਸਿੱਧੂ ਨੇ ਗੱਲਬਾਤ ਕਰ ਕੇ ਮੰਗ-ਪੱਤਰ ਲੈ ਕੇ ਸਰਕਾਰ ਅਤੇ ਪਾਵਰਕਾਮ ਅਧਿਕਾਰੀਆਂ ਤੱਕ ਪੱਕੇ ਕਰਨ ਲਈ ਪੁੱਜਦਾ ਕੀਤਾ ਜਾਵੇਗਾ।


cherry

Content Editor

Related News