60 ਲੈਕਚਰਾਰ ਬਦਲਣ ਕਰਕੇ ਸਿੱਖਿਆਰਥੀਆਂ ਦੀ ਪੜ੍ਹਾਈ ਤੇ ਪਵੇਗਾ ਮਾੜਾ ਅਸਰ

08/21/2018 3:03:09 PM

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ, (ਸੁਖਪਾਲ ਢਿੱਲੋਂ/ ਪਵਨ ਤਨੇਜਾ)—ਪਹਿਲਾਂ ਹੀ ਲੈਕਚਰਾਰਾਂ ਦੀ ਘਾਟ ਦਾ ਸ਼ਿਕਾਰ ਹੋਈਆਂ ਪਈਆਂ ਸੂਬੇ ਭਰ ਵਿਚ ਚੱਲ ਰਹੀਆਂ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾਵਾਂ 'ਚੋਂ ਹੁਣ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਨੇ ਇਨ੍ਹਾਂ ਸੰਸਥਾਵਾਂ ਵਿਚ ਕੰਮ ਕਰ ਰਹੇ ਲੈਕਚਰਾਰਾਂ ਦੇ 'ਚੋਂ ਵੀ ਦਰਜਨਾਂ ਲੈਕਚਰਾਰਾਂ ਦੀ ਬਦਲੀ ਕਰ ਦਿੱਤੀ ਤੇ ਬਦਲੇ ਗਏ ਲੈਕਚਰਾਰਾਂ ਨੂੰ ਵੱਖ-ਵੱਖ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ 'ਚ ਭੇਜ ਦਿੱਤਾ ਹੈ। ਅਜਿਹਾ ਹੋਣ ਨਾਲ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾਵਾਂ ਇਕ ਤਰ੍ਹਾਂ ਨਾਲ ਖਾਲੀ ਹੋ ਗਈਆਂ ਹਨ। 'ਜਗਬਾਣੀ' ਵਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਪੰਜਾਬ ਭਰ ਦੀਆਂ ਡਾਈਟਾਂ 'ਚੋਂ 60 ਲੈਕਚਰਾਰ ਬਦਲ ਦਿੱਤੇ ਗਏ ਹਨ। ਜਦ ਕਿ ਇਨ੍ਹਾਂ ਡਾਈਟਾਂ 'ਚ ਪਹਿਲਾਂ ਹੀ ਅੱਧਾ ਸਟਾਫ਼ ਸੀ। ਲੈਕਚਰਾਰਾਂ ਦੀਆਂ ਬਦਲੀਆਂ ਹੋਣ ਨਾਲ ਜ਼ਿਲਾ ਸਿੱਖਿਆ ਤੇ ਸਿਖਲਾਈ ਸੰਸਥਾਵਾਂ ਵਿਚ ਈ.ਟੀ.ਟੀ. ਦੀ ਪੜ੍ਹਾਈ ਕਰ ਰਹੇ ਸਿੱਖਿਆਰਥੀ ਦੀ ਪੜ੍ਹਾਈ ਤੇ ਬੇਹੱਦ ਮਾੜਾ ਅਸਰ ਪਵੇਗਾ। 
ਸਕੂਲਾਂ ਦੇ 26 ਲੈਕਚਰਾਰਾਂ ਨੂੰ ਵੀ ਬਦਲਿਆ

ਇਸ ਤੋਂ ਇਲਾਵਾ ਸਕੂਲਾਂ ਵਿਚ ਕੰਮ ਕਰ ਰਹੇ 26 ਲੈਕਚਰਾਰਾਂ ਨੂੰ ਵੀ ਬਦਲ ਕੇ ਇਧਰੋ ਉਧਰ ਕੀਤਾ ਗਿਆ ਹੈ।  
ਡਾਈਟ ਬਰਕੰਦੀ ਦੇ ਸਿੱਖਿਆਰਥੀਆਂ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਡਾਈਟ ਬਰਕੰਦੀ ਸਟਾਫ਼ ਦੀ ਘਾਟ ਨਾਲ ਪਹਿਲਾਂ ਹੀ ਜੂਝ ਰਹੀ ਸੀ ਤੇ ਹੁਣ 5 ਹੋਰ ਲੈਕਚਰਾਰਾਂ ਦੀਆਂ ਇਥੋਂ ਬਦਲੀਆਂ ਕਰ ਦਿੱਤੀਆਂ ਗਈਆਂ ਹਨ ਤੇ ਸਿਰਫ਼ 4 ਲੈਕਚਰਾਰ ਹੀ ਰਹਿ ਗਏ ਹਨ। ਇੱਥੇ ਪੜ੍ਹਨ ਵਾਲੇ ਸਿੱਖਿਆਰਥੀਆਂ ਨੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਲੈਕਚਰਾਰਾਂ ਦੀਆਂ ਬਦਲੀਆਂ ਰੁਕਵਾਈਆਂ ਜਾਣ, ਕਿਉਂਕਿ ਉਨ੍ਹਾਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਭਰੋਸਾ ਦਿਵਾਇਆ ਕਿ ਉਹ ਇਸ ਮਸਲੇ ਦਾ ਹੱਲ ਕਰਵਾਉਣਗੇ। 


Related News