ਡੇਰਾਬੱਸੀ ਤਹਿਸੀਲ ''ਚ ਕਿਸਾਨਾਂ ਦਾ ਫੁੱਟਿਆ ਗੁੱਸਾ, ਪਟਵਾਰੀ ਨੂੰ ਮੁਅੱਤਲ ਕਰਨ ਦੀ ਮੰਗ

Wednesday, Jul 08, 2026 - 11:28 AM (IST)

ਡੇਰਾਬੱਸੀ ਤਹਿਸੀਲ ''ਚ ਕਿਸਾਨਾਂ ਦਾ ਫੁੱਟਿਆ ਗੁੱਸਾ, ਪਟਵਾਰੀ ਨੂੰ ਮੁਅੱਤਲ ਕਰਨ ਦੀ ਮੰਗ

ਡੇਰਾਬੱਸੀ (ਗੁਰਜੀਤ) : ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਬਲਾਕ ਡੇਰਾਬੱਸੀ ਅਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਬੁੱਧਵਾਰ ਨੂੰ ਤਹਿਸੀਲ ਕੰਪਲੈਕਸ ਡੇਰਾਬਸੀ 'ਚ ਹਰਕਿਰਨ ਪਟਵਾਰੀ ਖ਼ਿਲਾਫ਼ ਧਰਨਾ-ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਜੱਥੇਬੰਦੀ ਨੇ ਦੋਸ਼ ਲਗਾਇਆ ਕਿ ਪਟਵਾਰੀ ਇੰਤਕਾਲ ਸਮੇਤ ਹੋਰ ਰੈਵਨਿਊ ਕੰਮਾਂ ਲਈ ਕਥਿਤ ਤੌਰ 'ਤੇ ਰਿਸ਼ਵਤ ਦੀ ਮੰਗ ਕਰਦਾ ਹੈ ਅਤੇ ਕੰਮ ਕਰਵਾਉਣ ਆਏ ਲੋਕਾਂ ਨਾਲ ਦੁਰ-ਵਿਵਹਾਰ ਵੀ ਕੀਤਾ ਜਾਂਦਾ ਹੈ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਪਟਵਾਰੀ ਨੂੰ ਤੁਰੰਤ ਮੁਅੱਤਲ ਕਰਨ, ਉਸ ਖ਼ਿਲਾਫ਼ ਵਿਭਾਗੀ ਕਾਰਵਾਈ ਕਰਨ ਅਤੇ ਰੈਵਨਿਊ ਰਿਕਾਰਡ 'ਚ ਕਥਿਤ ਤੌਰ 'ਤੇ ਕੀਤੀਆਂ ਗੜਬੜੀਆਂ ਨੂੰ ਜਲਦ ਠੀਕ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਜੱਥੇਬੰਦੀ ਨੇ ਪਟਵਾਰੀ ਦਾ ਡੋਪ ਟੈਸਟ ਕਰਵਾਉਣ ਦੀ ਮੰਗ ਵੀ ਉਠਾਈ।
ਇਸ ਮੌਕੇ ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਡੇਰਾਬੱਸੀ ਤਹਿਸੀਲ 'ਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਅਤੇ ਆਮ ਲੋਕਾਂ ਦੇ ਕੰਮ ਬਿਨਾਂ ਰਿਸ਼ਵਤ ਨਹੀਂ ਹੋ ਰਹੇ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਟਵਾਰਖਾਨੇ 'ਚ ਫੈਲੇ ਕਥਿਤ ਭ੍ਰਿਸ਼ਟਾਚਾਰ 'ਤੇ ਸਖ਼ਤ ਨਕੇਲ ਕੱਸ ਕੇ ਲੋਕਾਂ ਨੂੰ ਪਾਰਦਰਸ਼ੀ ਅਤੇ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ। ਧਰਨਾ ਸ਼ੁਰੂ ਹੋਣ ਤੋਂ ਕਰੀਬ 10 ਮਿੰਟ ਬਾਅਦ ਤਹਿਸੀਲਦਾਰ ਬੀਰਕਰਨ ਸਿੰਘ ਮੌਕੇ 'ਤੇ ਪਹੁੰਚੇ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਭਰੋਸਾ ਦਿਵਾਇਆ ਕਿ ਜੇਕਰ ਜਾਂਚ 'ਚ ਡਿਊਟੀ ਪ੍ਰਤੀ ਲਾਪਰਵਾਹੀ ਜਾਂ ਕੋਈ ਗੜਬੜ ਸਾਹਮਣੇ ਆਈ ਤਾਂ ਸਬੰਧਤ ਪਟਵਾਰੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਧਰਨਾ ਖ਼ਤਮ ਕੀਤਾ ਗਿਆ।


author

Babita

Content Editor

Related News