ਸਪੀਕਰ ਕੁਲਤਾਰ ਸੰਧਵਾਂ ਨੇ ਮੈਡੀਕਲ ਕਾਲਜ ਤੇ ਹਸਪਤਾਲ ਦਾ ਕੀਤਾ ਅਚਨਚੇਤ ਦੌਰਾ, ਮਰੀਜ਼ਾਂ ਦਾ ਪੁੱਛਿਆ ਹਾਲ
Monday, Jul 29, 2024 - 06:56 PM (IST)
ਫਰੀਦਕੋਟ (ਬਾਂਸਲ)- ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਜਿੱਥੇ ਸਮੇਂ-ਸਮੇਂ ’ਤੇ ਲੋਕ ਮਿਲਣੀ ਪ੍ਰੋਗਰਾਮ ਕਰ ਕੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਦੇ ਹਨ, ਉੱਥੇ ਉਨ੍ਹਾਂ ਵਲੋਂ ਬੀਤੀ ਸ਼ਾਮ ਖੁਦ ਫੀਲਡ ਵਿਚ ਜਾ ਕੇ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ ਗਿਆ ਅਤੇ ਮਰੀਜ਼ਾਂ ਦਾ ਹਾਲ-ਚਾਲ ਜਾਣਿਆ ਗਿਆ।
ਇਸ ਮੌਕੇ ਸੰਧਵਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਮੰਤਵ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ, ਤਾਂ ਜੋ ਸੂਬੇ ਦੇ ਲੋਕ ਸਿਹਤਮੰਦ ਜੀਵਨ ਬਤੀਤ ਕਰ ਸਕਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ਖੁਦ ਯੂਰੋਲੋਜੀ, ਰੋਬੋਟਿਕਸ ਅਤੇ ਕਿਡਨੀ ਟਰਾਂਸਪਲਾਟ ਵਿਭਾਗ ਦਾ ਅਚਨਚੇਤ ਦੌਰਾ ਕੀਤਾ ਅਤੇ ਉੱਥੇ ਦਾਖਲ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ। ਉਨ੍ਹਾਂ ਦੱਸਿਆ ਕਿ ਮਰੀਜ਼ਾਂ ਵਲੋਂ ਇਲਾਜ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ ਹੈ।