ਧਨ ਦੇ ਲਾਲਚ ’ਚ ਐੱਨ. ਆਰ. ਆਈ. ਪਤੀ ਨੂੰ ਕੀਤਾ ਅਗਵਾ
Saturday, Nov 10, 2018 - 05:43 AM (IST)
ਲੁਧਿਆਣਾ, (ਮਹੇਸ਼)- ਧਨ ਦੇ ਲਾਲਚ ’ਚ ਇਕ ਔਰਤ ਨੇ ਪਰਿਵਾਰ ਵਾਲਿਆਂ ਦੇ ਨਾਲ ਮਿਲ ਕੇ ਆਪਣੇ ਹੀ ਐੱਨ. ਆਰ. ਆਈ. ਪਤੀ ਨੂੰ ਅਗਵਾ ਕਰ ਲਿਆ ਅਤੇ ਉਸ ਦੇ ਨਾਲ ਬੈਂਕ ਜਾ ਕੇ ਉਸ ਦੇ ਖਾਤੇ ’ਚੋਂ ਲੱਖਾਂ ਰੁਪਏ ਦੀ ਰਕਮ ਕਢਵਾਉਣ ਦੀ ਕੋਸ਼ਿਸ਼ ਕੀਤੀ ਪਰ ਪੀਡ਼ਤ ਦੀ ਹੁਸ਼ਿਆਰੀ ਕਾਰਨ ਦੋਸ਼ੀ ਆਪਣੇ ਇਰਾਦੇ ’ਚ ਕਾਮਯਾਬ ਨਹੀਂ ਹੋ ਸਕੇ ਤੇ ਫਰਾਰ ਹੋਣ ਲਈ ਮਜਬੂਰ ਹੋ ਗਏ। ਫਿਲਹਾਲ ਥਾਣਾ ਡਵੀਜ਼ਨ ਨੰ. 8 ਦੀ ਪੁਲਸ ਨੇ ਅਗਵਾ ਕਰਨ ਸਮੇਤ ਹੋਰ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ਿਮਲਾਪੁਰੀ ਦੇ ਇੰਡਸਟਰੀ ਏਰੀਅਾ-ਬੀ ਦੇ ਰਹਿਣ ਵਾਲੇ 64 ਸਾਲਾ ਪ੍ਰੀਤਪਾਲ ਸਿੰਘ ਇੰਗਲੈਂਡ ਦੇ ਪੱਕੇ ਨਿਵਾਸੀ ਹਨ। ਉਸ ਦਾ ਆਪਣੀ ਪਹਿਲੀ ਪਤਨੀ ਦੇ ਨਾਲ ਇੰਗਲੈਂਡ ਵਿਚ ਤਲਾਕ ਹੋ ਚੁੱਕਾ ਹੈ, ਜਿਸ ਕਾਰਨ ਉਸ ਨੇ 4 ਮਾਰਚ ਨੂੰ ਜਲੰਧਰ ਦੇ ਪਿੰਡ ਦਕੋਹਾ ਦੀ ਰਜਨੀ ਸ਼ਰਮਾ ਦੇ ਨਾਲ ਮੰਦਰ ’ਚ ਵਿਆਹ ਕਰਵਾ ਲਿਆ, ਜਿਸ ਦੇ ਪਤੀ ਦਾ ਦਿਹਾਂਤ ਹੋ ਚੁੱਕਾ ਹੈ। ਲਗਭਗ ਇਕ ਮਹੀਨਾ ਰਹਿਣ ਦੇ ਬਾਅਦ ਇੰਗਲੈਂਡ ਚਲਾ ਗਿਆ। 3 ਨਵੰਬਰ ਨੂੰ ਉਹ ਵਾਪਸ ਇੰਡੀਆ ਪੁੱਜਾ ਤਾਂ ਉਸ ਦੀ ਪਤਨੀ ਰਜਨੀ ਨੇ ਪਿੰਡ ਖੁਸਰੋਪੁਰ ਦੇ ਬੱਬੂ ਉਰਫ ਬਬਲੂ ਤੇ ਦਕੋਹਾ ਦੇ ਗੁਰਪ੍ਰੀਤ ਦੇ ਨਾਲ ਮਿਲ ਕੇ ਦਿੱਲੀ ਏਅਰਪੋਰਟ ਤੋਂ ਉਸ ਨੂੰ ਅਗਵਾ ਕਰ ਲਿਆ ਅਤੇ ਇਨੋਵਾ ਕਾਰ ’ਚ ਬਿਠਾ ਕੇ ਦਕੋਹਾ ਲੈ ਆਏ। ਰਜਨੀ ਨੇ ਖੁਦ ਤੋਂ ਪਿੱਛਾ ਛੁਡਾਉਣ ਦੀ ਇਵਜ਼ ’ਚ 15 ਲੱਖ ਰੁਪਏ ਦੀ ਡਿਮਾਂਡ ਕੀਤੀ ਅਤੇ ਉਸ ਦੇ ਤਿੰਨ ਮੋਬਾਇਲ, ਜ਼ਰੂਰੀ ਦਸਤਾਵੇਜ, 2 ਅਟੈਚੀ ਤੇ ਇਕ ਬੈਗ ਖੋਹ ਕੇ ਆਪਣੇ ਕੋਲ ਰੱਖ ਲਿਆ। ਇਸ ਦੇ ਬਾਅਦ ਦੋਸ਼ੀ ਉਸ ਨੂੰ ਇਨੋਵਾ ਗੱਡੀ ’ਚ ਬਿਠਾ ਕੇ ਲੁਧਿਆਣਾ ਦੇ ਫੁਹਾਰਾ ਚੌਕ ਸਥਿਤ ਸਟੇਟ ਬੈਂਕ ਆਫ ਇੰਡੀਆ ਵਿਚ ਲੈ ਆਏ ਅਤੇ ਉਸ ਨੂੰ ਧਮਕਾਇਆ ਗਿਆ ਕਿ ਬੈਂਕ ਤੋਂ ਉਕਤ ਨਕਦੀ ਕਢਵਾ ਕੇ ਉਨ੍ਹਾਂ ਨੂੰ ਦੇਵੇ। ਤਦ ਰਜਨੀ ਦੇ ਨਾਲ ਰਜਨੀ ਦੀ ਮਾਤਾ ਪਵਨ ਤੇ ਬੱਬੂ ਵੀ ਸੀ। ਪੀਡ਼ਤ ਨੇ ਚਲਾਕੀ ਵਰਤਦੇ ਹੋਏ ਵਿਡਰਾਲ ਫਾਰਮ ’ਤੇ ਪੁਲਸ ਬੁਲਾਉਣ ਤੇ ਖੁਦ ਨੂੰ ਅਗਵਾ ਹੋਣ ਦੀ ਗੱਲ ਲਿਖ ਕੇ ਇਕ ਪਰਚੀ ਬੈਂਕ ਕਰਮਚਾਰੀ ਨੂੰ ਦੇ ਦਿੱਤੀ। ਉਹ ਕਰਮਚਾਰੀ ਬਿਨਾਂ ਕੋਈ ਪ੍ਰਤੀਕਿਰਿਆ ਪ੍ਰਗਟ ਕੀਤੇ ਪਰਚੀ ਲੈ ਕੇ ਮੇਨੈਜਰ ਦੇ ਕੋਲ ਪੁੱਜ ਗਈ। ਇਸ ’ਤੇ ਰਜਨੀ ਨੂੰ ਸ਼ੱਕ ਹੋ ਗਿਆ ਤੇ ਫਡ਼ੇ ਜਾਣ ਦੇ ਡਰ ਨਾਲ ਉਹ ਬਾਕੀ ਦੋਸ਼ੀਆਂ ਦੇ ਨਾਲ ਉਥੋਂ ਫਰਾਰ ਹੋ ਗਈ। ਥਾਣਾ ਇੰਚਾਰਜ ਮੋਹਨ ਲਾਲ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
