ਆਟੋ ’ਚ ਸਵਾਰ ਸੀ ਇਕੱਲੀ ਲੜਕੀ, ਰੋਕਣ ਲਈ ਕਿਹਾ ਤਾਂ ਭਜਾ ਲਿਅਾ ਚਾਲਕ ਨੇ
Saturday, Sep 22, 2018 - 04:48 AM (IST)

ਮੋਹਾਲੀ, (ਕੁਲਦੀਪ)- ਸ਼ੁੱਕਰਵਾਰ ਨੂੰ ਇਕ ਆਟੋ ਚਾਲਕ ਵਲੋਂ ਆਪਣੇ ਆਟੋ ਵਿਚ ਬੈਠੀ ਇਕਲੌਤੀ ਲੇਡੀਜ਼ ਸਵਾਰੀ ਨੂੰ ਉਸ ਦੀ ਮੰਜ਼ਿਲ ’ਤੇ ਉਤਾਰਨ ਦੀ ਬਜਾਏ ਆਟੋ ਭਜਾ ਲਿਅਾ ਗਿਅਾ। ਆਟੋ ਚਾਲਕ ਦੀਆਂ ਹਰਕਤਾਂ ਵੇਖ ਕੇ ਲੜਕੀ ਇਸ ਹੱਦ ਤਕ ਡਰ ਗਈ ਸੀ ਕਿ ਉਸ ਨੇ ਚੱਲਦੇ ਆਟੋ ’ਚੋਂ ਛਾਲ ਮਾਰ ਦਿੱਤੀ। ਹੇਠਾਂ ਡਿੱਗਣ ਕਾਰਨ ਲੜਕੀ ਨੂੰ ਕਾਫ਼ੀ ਸੱਟਾਂ ਲੱਗੀਆਂ, ਜਿਸ ਦੌਰਾਨ ਉਸ ਨੂੰ ਚੰਡੀਗੜ੍ਹ ਦੇ ਸੈਕਟਰ-16 ਸਥਿਤ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਇਸ ਦੀ ਸੂਚਨਾ ਮੋਹਾਲੀ ਪੁਲਸ ਕੋਲ ਵੀ ਪਹੁੰਚ ਗਈ ਹੈ। ਪੁਲਸ ਨੇ ਲੜਕੀ ਦੇ ਬਿਆਨ ਲੈ ਕੇ ਆਟੋ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਮੁਤਾਬਕ ਪੀੜਤ ਲੜਕੀ ਸੈਕਟਰ-49 ਚੰਡੀਗੜ੍ਹ ਦੀ ਰਹਿਣ ਵਾਲੀ ਹੈ ਜੋ ਕਿ ਮੋਹਾਲੀ ਦੇ ਫੇਜ਼-7 ’ਚ ਕਿਸੇ ਕੋਚਿੰਗ ਸੈਂਟਰ ’ਚ ਕੋਚਿੰਗ ਲੈਣ ਲਈ ਆਉਂਦੀ ਹੈ। ਅੱਜ ਵੀ ਉਹ ਕੋਚਿੰਗ ਲੈਣ ਲਈ ਆਈ ਹੋਈ ਸੀ। ਦੁਪਹਿਰ 1 ਵਜੇ ਉਹ ਕੋਚਿੰਗ ਖਤਮ ਹੋਣ ਉਪਰੰਤ ਆਪਣੇ ਘਰ ਫੇਜ਼-10 ਸਿਲਵੀ ਪਾਰਕ ਤਕ ਜਾਣ ਲਈ ਆਟੋ ’ਚ ਬੈਠ ਗਈ । ਉਸ ਸਮੇਂ ਆਟੋ ਵਿਚ ਹੋਰ ਵੀ ਸਵਾਰੀਆਂ ਸਨ। ਪੀ. ਸੀ. ਏ. ਸਟੇਡੀਅਮ ਕੋਲ ਜਾ ਕੇ ਬਾਕੀ ਸਵਾਰੀਆਂ ਉੱਤਰ ਗਈਆਂ ਤੇ ਉਹ ਆਟੋ ਵਿਚ ਇਕੱਲੀ ਹੀ ਰਹਿ ਗਈ ਸੀ। ਉਸ ਸਮੇਂ ਆਟੋ ਚਾਲਕ ਦੇ ਨਾਲ ਉਸ ਦਾ ਇਕ ਹੋਰ ਸਾਥੀ ਵੀ ਬੈਠਾ ਹੋਇਆ ਸੀ। ਉਨ੍ਹਾਂ ਨੇ ਸਿਲਵੀ ਪਾਰਕ ਦੇ ਕੋਲ ਜਾ ਕੇ ਆਟੋ ਨਹੀਂ ਰੋਕਿਆ। ਜਦੋਂ ਲੜਕੀ ਨੇ ਰੁਕਣ ਲਈ ਕਿਹਾ ਤਾਂ ਉਨ੍ਹਾਂ ਨੇ ਰੁਕਣ ਦੀ ਬਜਾਏ ਆਟੋ ਨੂੰ ਹੋਰ ਤੇਜ਼ ਕਰ ਲਿਆ। ਆਟੋ ਚਾਲਕ ਦਾ ਇਕ ਸਾਥੀ ਲੜਕੀ ਨੂੰ ਡਰਾਉਣ-ਧਮਕਾਉਣ ਲੱਗ ਪਿਆ। ਜਦੋਂ ਆਟੋ ਨਹੀਂ ਰੁਕਿਆ ਤਾਂ ਡਰੀ ਹੋਈ ਲੜਕੀ ਨੇ ਛਾਲ ਮਾਰ ਦਿੱਤੀ। ਆਟੋ ਚਾਲਕ ਫਿਰ ਵੀ ਰੁਕਣ ਦੀ ਬਜਾਏ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਹਾਲਤ ਵਿਚ ਲੜਕੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ’ਤੇ ਸੂਚਿਤ ਕੀਤਾ ਤਾਂ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ ਅਤੇ ਲੜਕੀ ਨੂੰ ਹਸਪਤਾਲ ਲਿਜਾਇਆ ਗਿਆ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਲੜਕੀ ਬਹੁਤ ਜ਼ਿਆਦਾ ਡਰੀ ਹੋਈ ਸੀ। ਲੜਕੀ ਨੇ ਆਪਣੇ ਮਾਪਿਆਂ ਨੂੰ ਦੱਸਿਆ ਕਿ ਜਿਹੜੇ ਆਟੋ ਵਿਚ ਉਹ ਬੈਠੀ ਹੋਈ ਸੀ, ਉਹ ਹਰੇ-ਪੀਲੇ ਰੰਗ ਦਾ ਸੀ ਪਰ ਉਹ ਆਟੋ ਦਾ ਨੰਬਰ ਨੋਟ ਨਹੀਂ ਕਰ ਸਕੀ।ਇਸ ਸਬੰਧੀ ਸੰਪਰਕ ਕਰਨ ’ਤੇ ਐੱਸ. ਐੱਚ. ਓ. ਪੁਲਸ ਸਟੇਸ਼ਨ ਫੇਜ਼-11 ਗੁਰਪ੍ਰੀਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਸੂਚਨਾ ਆਈ ਸੀ ਕਿ ਕੋਈ ਲੜਕੀ ਆਟੋ ’ਚੋਂ ਡਿੱਗ ਕੇ ਜ਼ਖ਼ਮੀ ਹੋਈ ਹੈ। ਉਨ੍ਹਾਂ ਨੇ ਜਾਂਚ ਅਧਿਕਾਰੀ ਨੂੰ ਲੜਕੀ ਦੇ ਬਿਆਨ ਲੈਣ ਲਈ ਭੇਜ ਦਿੱਤਾ ਹੈ। ਬਿਆਨ ਲੈਣ ਉਪਰੰਤ ਪੁਲਸ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।