ਜਨਤਕ ਜਥੇਬੰਦੀਆਂ ਤੇ ਟ੍ਰੇਡ ਯੂਨੀਅਨਾਂ ਵੱਲੋਂ ਸਾਂਝੀ ਮੀਟਿੰਗ, ਕਿਸਾਨ-ਮਜ਼ਦੂਰ ਅਤੇ ਮੁਲਾਜ਼ਮ ਫਰੰਟ ਦਾ ਕੀਤਾ ਗਠਨ

07/31/2021 9:24:06 PM

ਦੋਰਾਹਾ (ਵਿਨਾਇਕ)-ਜਨਤਕ ਜਥੇਬੰਦੀਆਂ ਤੇ ਟ੍ਰੇਡ ਯੂਨੀਅਨਾਂ ਦੀ ਸਾਂਝੀ ਮੀਟਿੰਗ ਐੱਮ. ਸੀ. ਪੀ. ਆਈ. (ਯੂ) ਦੇ ਸੂਬਾ ਸਕੱਤਰ ਕਾਮਰੇਡ ਪਵਨ ਕੁਮਾਰ ਕੌਸ਼ਲ ਦੀ ਪ੍ਰਧਾਨਗੀ ਹੇਠ ਸੰਪੰਨ ਹੋਈ, ਜਿਸ ’ਚ ਸਰਬਸੰਮਤੀ ਨਾਲ ਕਿਸਾਨ-ਮਜ਼ਦੂਰ ਅਤੇ ਮੁਲਾਜ਼ਮ ਫਰੰਟ ਦਾ ਗਠਨ ਕੀਤਾ ਗਿਆ। ਇਸ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਪੰਜਾਬ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ, ਪਾਵਰਕਾਮ ਟ੍ਰਾਂਸਕੋ, ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ, ਟੈਕਨੀਕਲ ਸਰਵਿਸਿਜ਼ ਯੂਨੀਅਨ, ਆਂਗਨਵਾੜੀ ਵਰਕਰਜ਼-ਹੈਲਪਰਜ਼ ਯੂਨੀਅਨ, ਨਗਰ ਕੌਂਸਲ ਵਰਕਰਜ ਯੂਨੀਅਨ, ਏ. ਆਈ. ਟੀ. ਯੂ. ਸੀ. ਅਤੇ ਪਾਵਰਕਾਮ ਠੇਕਾ ਮਜ਼ਦੂਰ ਯੂਨੀਅਨ ਦੇ ਨੁਮਾਇੰਦੇ ਸ਼ਾਮਲ ਹੋਏ।

PunjabKesari

ਇਹ ਵੀ ਪੜ੍ਹੋ :  ਅਡਾਨੀ ਦਾ ਪੰਜਾਬ ’ਚ ਇਹ ਪ੍ਰਾਜੈਕਟ ਬੰਦ ਕਰਨ ਦਾ ਫ਼ੈਸਲਾ, 400 ਲੋਕਾਂ ਦੀਆਂ ਨੌਕਰੀਆਂ ’ਤੇ ਲਟਕੀ ਤਲਵਾਰ

ਇਸ ਮੀਟਿੰਗ ’ਚ ਬੀ. ਐੱਡ. ਅਧਿਆਪਕ ਫਰੰਟ ਦੇ ਨੁਮਾਇੰਦੇ, ਜੋ ਕਿਸੇ ਮਜਬੂਰੀਵੱਸ ਸ਼ਾਮਲ ਨਹੀਂ ਹੋ ਸਕੇ ਸਨ ਪਰ ਉਨ੍ਹਾਂ ਵੱਲੋਂ ਸਹਿਮਤੀ ਦਾ ਸੰਦੇਸ਼ ਮਿਲ ਗਿਆ ਸੀ। ਹਾਜ਼ਰੀਨ ਨੇ ਇੱਕ ਮਤੇ ਰਾਹੀਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿੱਢੇ ਜਾ ਰਹੇ ਸੰਘਰਸ਼ਾਂ ਦਾ ਸਮਰਥਨ ਕਰਨ ਅਤੇ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਜ਼ਨਰਾਂ ਵੱਲੋਂ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਚਲਾਏ ਜਾ ਰਹੇ ਸੰਘਰਸ਼ ਦਾ ਸਮਰਥਨ ਕਰਨ ਤੋਂ ਇਲਾਵਾ ਕੇਂਦਰ ਸਰਕਾਰ ਵਲੋਂ ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਨ ਪ੍ਰਤੀ ਅਪਣਾਈ ਜਾ ਰਹੀ ਹੱਠਧਰਮੀ ਨੀਤੀ ਦੀ ਕਰੜੇ ਸ਼ਬਦਾਂ ’ਚ ਨਿੰਦਾ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪਰਮਵੀਰ ਸਿੰਘ ਘਲੋਟੀ, ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸਿਮਰਦੀਪ ਸਿੰਘ, ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਗੁਰਜੀਤ ਸਿੰਘ ਨਾਮਧਾਰੀ, ਪਾਵਰਕਾਮ ਟ੍ਰਾਂਸਕੋ ਪੈਨਸ਼ਨਰਜ਼ ਐਸੋਸੀਏਸ਼ਨ ਦੇ ਤਰਸੇਮ ਲਾਲ, ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਕਮਲਜੀਤ ਸਿੰਘ, ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਜਸਵਿੰਦਰ ਸਿੰਘ, ਏਟਕ ਵੱਲੋਂ ਹਰਮਿੰਦਰ ਸੇਠ, ਪਾਵਰਕਾਮ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਬੂਟਾ ਸਿੰਘ, ਆਂਗਨਵਾੜੀ ਵਰਕਰਜ਼-ਹੈਲਪਰਜ਼ ਯੂਨੀਅਨ ਦੇ ਸੁਨੀਤਾ ਰਾਣੀ ਆਧਾਰਿਤ 9 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ, ਜੋ ਸਾਂਝੇ ਤੌਰ ‘ਤੇ ਕਿਸਾਨ-ਮਜ਼ਦੂਰ ਅਤੇ ਮੁਲਾਜ਼ਮ ਫਰੰਟ ਦਾ ਕੰਮ ਚਲਾਏਗੀ ਅਤੇ ਮੀਟਿੰਗ ਸੱਦਣ ਦੇ ਅਧਿਕਾਰ ਜਸਵਿੰਦਰ ਸਿੰਘ ਨੂੰ ਸੌਂਪੇ ਗਏ।

 

ਇਹ ਵੀ ਪੜ੍ਹੋ : ਖ਼ਬਰਦਾਰ ! ਕਿਤੇ ਤੁਸੀਂ ਤਾਂ ਨਹੀਂ ਖਾ ਰਹੇ ਇਸ ਤਰ੍ਹਾਂ ਸਾਫ਼ ਕੀਤੀਆਂ ਸਬਜ਼ੀਆਂ (ਵੀਡੀਓ)

ਇਸ ਮੌਕੇ ਕਾਮਰੇਡ ਪਵਨ ਕੁਮਾਰ ਕੌਸ਼ਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ-ਮਜ਼ਦੂਰ ਅਤੇ ਮੁਲਾਜ਼ਮ ਫਰੰਟ ਦਾ ਗਠਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਤੇ ਪੰਜਾਬ ’ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਲੋਕ ਵਿਰੋਧੀ ਨੀਤੀਆਂ ਖਿਲਾਫ਼ ਸੰਘਰਸ ਕਰ ਰਹੇ ਹਰ ਵਰਗ ਦਾ ਸਮਰਥਨ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਬਿੱਲਾਂ ਨੂੰ ਰੱਦ ਕਰਨ ਪ੍ਰਤੀ ਹੱਠਧਰਮੀ ਦਾ ਵਤੀਰਾ ਅਪਣਾਇਆ ਜਾ ਰਿਹਾ ਹੈ ਅਤੇ ਕਿਸਾਨ ਅੰਦੋਲਨ ਨੂੰ ਹਰ ਹੀਲੇ ਦਬਾਉਣ ਲਈ ਯਤਨ ਹੋ ਰਹੇ ਹਨ। ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕਮਾਰੂ ਨੀਤੀਆਂ ਖ਼ਿਲਾਫ ਦਿੱਤੇ ਜਾ ਰਹੇ ਰੋਸ ਧਰਨਿਆਂ ’ਚ ਸ਼ਾਮਿਲ ਹੋਣ ਲਈ ਹਾਜ਼ਰੀਨ ਨੂੰ ਪ੍ਰੇਰਿਤ ਕੀਤਾ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਨੇ ਕਿਹਾ ਕਿ ਦੇਸ਼ ਦੇ ਕਿਸਾਨ ਤਿੰਨ ਖੇਤੀ ਕਾਲੇ ਕਾਨੂੰਨਾਂ ਖ਼ਿਲਾਫ਼ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਸ ਸੰਘਰਸ਼ ’ਚ ਪੰਜਾਬ ਦਾ ਮਹੱਤਵਪੂਰਨ ਯੋਗਦਾਨ ਹੈ। ਪਿਛਲੇ ਸਾਲ ਸਤੰਬਰ ਤੋਂ ਪੰਜਾਬ ਵਿਚ ਪੱਕੇ-ਮੋਰਚੇ ਜਾਰੀ ਹਨ। ਅੱਜ ਪੰਜਾਬ ’ਚ ਅੰਦੋਲਨ ਸੁਰੂ ਹੋਇਆਂ 10 ਮਹੀਨੇ ਹੋ ਗਏ ਹਨ। ਪੰਜਾਬ ਦੇ ਕਿਸਾਨ ਨਾ ਸਿਰਫ ਸਰਕਾਰਾਂ ਖਿਲਾਫ ਸੰਘਰਸ਼ ਕਰ ਰਹੇ ਹਨ, ਬਲਕਿ ਦੇਸ਼ ਦੇ ਵੱਡੇ ਕਾਰਪੋਰੇਟ ਘਰਾਣਿਆਂ ਖਿਲਾਫ ਵੀ ਲੜ ਰਹੇ ਹਨ। ਕਿਸਾਨਾਂ ਨੇ ਹਰ ਮੌਸਮ ਵਿਚ ਆਪਣੇ ਆਪ ਨੂੰ ਮਜ਼ਬੂਤ ਰੱਖਦੇ ਹੋਏ ਸਰਕਾਰ ਅਤੇ ਕਾਰਪੋਰੇਟਾਂ ਵਿਰੁੱਧ ਜ਼ੋਰਦਾਰ ਸੰਘਰਸ ਕੀਤਾ ਹੈ। ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਦਿੱਲੀ ਦੀਆਂ ਹੱਦਾਂ ’ਤੇ ਜਾਰੀ ਕਿਸਾਨ ਅੰਦੋਲਨ ਨੂੰ ਵੀ ਤੇਜ਼ ਕਰਨ ਦੀਆਂ ਤਿਆਰੀਆਂ ਕਿਸਾਨਾਂ ਵੱਲੋਂ ਵਿੱਢ ਦਿੱਤੀਆਂ ਗਈਆਂ ਹਨ। ਟੈਕਨੀਕਲ ਸਰਵਿਸਿਜ਼ ਯੂਨੀਅਨ ਦੇ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਅੱਜ ਤੁਹਾਡਾ ਮੱਥਾ ਵੱਡੀਆਂ ਤੇ ਸਾਮਰਾਜੀ ਤਾਕਤਾਂ ਨਾਲ ਲੱਗਾ ਹੋਇਆ ਹੈ, ਜਿਹੜੀਆਂ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰ ਕੇ ਸਮੁੱਚੇ ਲੋਕਾਂ ਦੇ ਰੋਜ਼ਗਾਰ ਨੂੰ ਉਜਾੜ ਕੇ ਸਮੁੱਚੇ ਕਾਰੋਬਾਰ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀਆਂ ਹਨ। ਇਨ੍ਹਾਂ ਨੂੰ ਕਿਸਾਨਾਂ, ਖੇਤ ਮਜ਼ਦੂਰਾਂ, ਸਨਅਤੀ ਮਜ਼ਦੂਰਾਂ ਅਤੇ ਹੋਰ ਕਿਰਤੀ ਵਰਗ ਦੇ ਲੋਕਾਂ ਦੀਆਂ ਵੱਡੀਆਂ ਲਾਮਬੰਦੀਆਂ ਨਾਲ ਹੀ ਨਜਿੱਠਿਆ ਜਾ ਸਕਦਾ ਹੈ।
 


Manoj

Content Editor

Related News