ਰਾਣਾ ਸੋਢੀ ਅਤੇ ਸੁਰਜੀਤ ਖ਼ਿਲਾਫ਼ ਦਰਜ ਮਾਮਲਿਆਂ ਦੀ ਜਾਂਚ ਤੇਜ

03/08/2022 12:42:10 PM

ਫਿਰੋਜ਼ਪੁਰ (ਮਲਹੋਤਰਾ) : ਵਿਧਾਨ ਸਭਾ ਚੋਣਾਂ ਦੇ ਦਿਨ ਹੋਏ ਝਗੜੇ ਸਬੰਧੀ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ , ਸੁਖਪਾਲ ਸਿੰਘ ਨੂੰ ਅਤੇ ਇਨ੍ਹਾਂ ਦੇ 5 ਸਮਰਥਕਾਂ ਖਿਲਾਫ ਧਾਰਾ 323, 506 ਦੇ ਤਹਿਤ ਅਤੇ ਸੁਰਜੀਤ ਸਿੰਘ ਅਤੇ ਉਸ ਦੇ ਸਾਥੀਆਂ ਖ਼ਿਲਾਫ਼ ਧਾਰਾ 342, 506 ਤਹਿਤ ਪਰਚਾ ਦਰਜ ਹੋਣ ਤੋਂ ਬਾਅਦ ਇਨ੍ਹਾਂ ’ਤੇ ਗ੍ਰਿਫਤਾਰੀ ਦੀ ਤਲਵਾਰ ਲਟਕੀ ਹੋਈ ਹੈ ਕਿਉਂਕਿ ਅਜੇ ਤਕ ਨਾ ਤਾਂ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਅਤੇ ਨਾ ਹੀ ਕਿਸੇ ਨੇ ਜ਼ਮਾਨਤ ਕਰਵਾਈ ਹੈ। ਜ਼ਿਕਰਯੋਗ ਹੈ ਕਿ ਰਾਣਾ ਸੋਢੀ ਅਤੇ ਉਨ੍ਹਾਂ ਦੇ 6 ਸਮਰਥਕਾਂ ਖ਼ਿਲਾਫ਼ ਚੋਣ ਹਿੰਸਾ ਫੈਲਾਉਣ ਦਾ ਪਰਚਾ ਦਰਜ ਕੀਤਾ ਗਿਆ ਹੈ, ਜਦਕਿ ਇਸੇ ਮਾਮਲੇ ਕਰਾਸ ਕਾਰਵਾਈ ਕਰਦੇ ਹੋਏ ਪੁਲਸ ਨੇ ਰਾਣਾ ਸੋਢੀ ਦੇ ਬਿਆਨਾਂ ਦੇ ਆਧਾਰ ’ਤੇ ਸੁਰਜੀਤ ਸਿੰਘ ਅਤੇ ਉਸ ਦੇ ਸਾਥੀਆਂ ਖਿਲਾਫ ਪਰਚਾ ਦਰਜ ਕੀਤਾ ਹੈ। ਪੁਲਸ ਵਲੋਂ ਦੋਵੇਂ ਧਿਰਾਂ ਦੀਆਂ ਸ਼ਿਕਾਇਤਾਂ ’ਤੇ ਕੇਸ ਦਰਜ ਕਰਨ ਦੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਜਾਂਚ ਤੇਜ ਕਰ ਦਿੱਤੀ ਗਈ ਹੈ।

ਕਿਸੇ ਨੇ ਜ਼ਮਾਨਤ ਲਈ ਨਹੀਂ ਕੀਤਾ ਅਪਲਾਈ

ਸ਼ੁੱਕਰਵਾਰ ਨੂੰ ਦਰਜ ਕੀਤੇ ਗਏ ਮਾਮਲੇ ਸਬੰਧੀ ਪੁਲਸ ਦੇ ਸੀਨੀਅਰ ਅਧਿਕਾਰੀ ਜਾਂਚ ’ਚ ਜੁਟ ਗਏ ਹਨ। ਥਾਣਾ ਸਦਰ ਦੇ ਇੰਸਪੈਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਦਰਜ ਮਾਮਲੇ ’ਚ ਸ਼ਾਮਲ ਧਾਰਾ 342 ਜ਼ਮਾਨਤ ਨਾ ਹੋਣ ਯੋਗ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਮਲਿਆਂ ’ਚ ਭਾਜਪਾ ਉਮੀਦਵਾਰ ਰਾਣਾ ਸੋਢੀ ਜਾਂ ਇਨ੍ਹਾਂ ਦੇ ਕਿਸੇ ਸਮਰਥਕ ਨੇ ਜ਼ਮਾਨਤ ਲਈ ਉੱਚ ਅਧਿਕਾਰੀਆਂ ਕੋਲ ਪਹੁੰਚ ਨਹੀਂ ਕੀਤੀ।

ਇਹ ਵੀ ਪੜ੍ਹੋ : ਫਿਰੋਜ਼ਪੁਰ ਦੇ ਜੰਮਪਲ ਮਹਾਬਲੀ ਸ਼ੇਰਾ ਨੇ ਨੈਸ਼ਨਲ ਹੈਵੀਵੇਟ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ

ਭਾਜਪਾ ਅਤੇ ‘ਆਪ’ ਸਮਰਥਕਾਂ ਨੇ ਲਾਏ ਇਕ-ਦੂਜੇ ’ਤੇ ਦੋਸ਼

ਐੱਸ.ਆਈ. ਅਜਮੇਰ ਸਿੰਘ ਅਨੁਸਾਰ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਵੱਖ-ਵੱਖ ਬੂਥਾਂ ’ਤੇ ਜਾ ਕੇ ਪੋਲਿੰਗ ਦੀ ਸਥਿਤੀ ਦੇਖ ਰਹੇ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਿੰਡ ਜੱਲੋਕੇ ’ਚ ਕੁਝ ਲੋਕਾਂ ਨੇ ਭਾਜਪਾ ਵਰਕਰ ਨਾਲ ਝਗੜਾ ਕੀਤਾ ਹੈ। ਜਦੋਂ ਉਹ ਸਾਬਕਾ ਵਿਧਾਇਕ ਨਨੂੰ ਨੂੰ ਨਾਲ ਲੈ ਕੇ ਉਥੇ ਪਹੁੰਚੇ ਤਾਂ ਆਮ ਆਦਮੀ ਪਾਰਟੀ ਦੇ ਸਮਰਥਕ ਸੁਰਜੀਤ ਸਿੰੰਘ ਅਤੇ ਉਸ ਦੇ ਤਕਰੀਬਨ 20 ਅਣਪਛਾਤੇ ਸਾਥੀ ਉਨ੍ਹਾਂ ਦੇ ਸਮਰਥਕਾਂ ਨਾਲ ਕੁੱਟਮਾਰ ਕਰ ਰਹੇ ਸਨ।

ਵੋਟ ਦੇ ਬਦਲੇ ਨੋਟ ਦਾ ਲਾਲਚ ਦੇਣ ਦਾ ਦੋਸ਼

ਐੱਸ.ਆਈ. ਨੇ ਦੱਸਿਆ ਕਿ ‘ਆਪ’ ਸਮਰਥਕ ਸੁਰਜੀਤ ਸਿੰਘ ਪਿੰਡ ਜੱਲੋਕੇ ਨੇ ਬਿਆਨ ਦਿੱਤੇ ਹਨ ਕਿ 20 ਫਰਵਰੀ ਨੂੰ ਜਦੋਂ ਵੋਟਿੰਗ ਹੋ ਰਹੀ ਸੀ ਤਾਂ ਦੁਪਹਿਰ ਵੇਲੇ ਪਿੰਡ ਵਾਸੀ ਸਤਨਾਮ ਸਿੰਘ, ਵਣਜਾਰ ਸਿੰਘ, ਮੰਗਤ ਰਾਮ, ਸੋਨੂੰ ਸਿੰਘ ਤੇ ਸੁਰਿੰਦਰ ਸਿੰਘ ਵੋਟਰਾਂ ਨੂੰ ਭਾਜਪਾ ਦੇ ਪੱਖ ’ਚ ਵੋਟਾਂ ਪਾਉਣ ਲਈ ਉਕਸਾ ਰਹੇ ਸਨ ਅਤੇ ਪੈਸੇ ਦੇਣ ਦਾ ਲਾਲਚ ਦੇ ਰਹੇ ਸਨ। ਉਸ ਨੇ ਜਦੋਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੋਸ਼ੀਆਂ ਨੇ ਉਸ ਨੂੰ ਧਮਕਾਇਆ। ਸੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਰਾਣਾ ਗੁਰਮੀਤ ਸਿੰਘ ਸੋਢੀ, ਸੁਖਪਾਲ ਸਿੰਘ ਨਨੂੰ ਅਤੇ ਉਨ੍ਹਾਂ ਦੇ 5 ਸਮਰਥਕਾਂ ਸਤਨਾਮ ਸਿੰਘ, ਵਣਜਾਰ ਸਿੰਘ, ਮੰਗਤ ਰਾਮ, ਸੋਨੂੰ ਸਿੰਘ ਅਤੇ ਸੁਰਿੰਦਰ ਸਿੰਘ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ।

ਇਹ ਵੀ ਪੜੋ : ਕਾਂਗਰਸ ਰਾਜ ਸਭਾ ਲਈ ਨਵੇਂ ਚਿਹਰੇ ਸਾਹਮਣੇ ਲਿਆਵੇਗੀ!

‘ਝਗੜੇ ਨਾਲ ਕੋਈ ਲੈਣਾ-ਦੇਣਾ ਨਹੀਂ’

ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਵੋਟਾਂ ਵਾਲੇ ਦਿਨ ਜਦੋਂ ਇਹ ਝਗੜਾ ਹੋਇਆ ਉਦੋਂ ਮੈਂ ਉਥੇ ਮੌਜੂਦ ਹੀ ਨਹੀਂ ਸੀ। ਇਸ ਝਗੜੇ ’ਚ ਨਾ ਮੈਂ ਤੇ ਨਾ ਹੀ ਮੇਰਾ ਕੋਈ ਸੁਰੱਖਿਆ ਗਾਰਡ ਸ਼ਾਮਲ ਹੈ। ਮੈਂ ਅਤੇ ਮੇਰੇ ਸੁਰੱਖਿਆ ਗਾਰਡ ਉਸ ਪਿੰਡ ’ਚੋਂ ਲੰਘੇ ਜ਼ਰੂਰ ਸੀ ਪਰ ਸਾਡਾ ਇਸ ਝਗੜੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੇਰੇ ਅਤੇ ਮੇਰੇ ਸਮਰਥਕਾਂ ਖਿਲਾਫ 323 ਦਾ ਜੋ ਮਾਮਲਾ ਦਰਜ ਕੀਤਾ ਗਿਆ ਹੈ, ਉਸ ਦੀ ਉੱਚ ਪੱਧਰ ’ਤੇ ਇਨਕੁਆਰੀ ਲਗਵਾਈ ਜਾ ਚੁੱਕੀ ਹੈ।

ਕੀ ਕਹਿੰਦੇ ਹਨ ਡੀ.ਐੱਸ.ਪੀ.

ਡੀ. ਐੱਸ. ਪੀ. ਸਤਿੰਦਰਜੀਤ ਸਿੰਘ ਵਿਰਕ ਨੇ ਕਿਹਾ ਕਿ ਰਾਣਾ ਗੁਰਮੀਤ ਸਿੰਘ ਸੋਢੀ ਖਿਲਾਫ ਅਟਾਰੀ ’ਚ ਦਰਜ ਮਾਮਲੇ ਸਬੰਧੀ ਮੈਨੂੰ ਸੀਨੀਅਰ ਪੁਲਸ ਅਧਿਕਾਰੀਆਂ ਵਲੋਂ ਜਾਂਚ ਲਈ ਚੁਣਿਆ ਗਿਆ ਹੈ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਜੱਲੋਕੇ ’ਚ ਦਰਜ ਕੇਸ ਸਬੰਧੀ ਮੇਰੇ ਕੋਲ ਕੋਈ ਇਨਕੁਆਰੀ ਮਾਰਕ ਨਹੀਂ ਹੋਈ ਹੈ।


Anuradha

Content Editor

Related News