ਜੀਰੀ ਦੀ ਬੋਲੀ ਨਾ ਲਾਉਣ ’ਤੇੇ ਇੰਸਪੈਕਟਰ ਦੀ ਕੁੱਟ-ਮਾਰ
Monday, Oct 22, 2018 - 07:03 AM (IST)

ਬੁਢਲਾਡਾ, (ਮਨਚੰਦਾ)- ਪਿੰਡ ਦੋਦਡ਼ਾ ਦੇ ਖਰੀਦ ਸੈਂਟਰ ਵਿਖੇ ਜੀਰੀ ਦੀ ਖਰੀਦ ਨੂੰ ਲੈ ਕੇ ਖਰੀਦ ਏਜੰਸੀ ਦੇ ਇੰਸਪੈਕਟਰ ਦੀ ਕੁੱਟ-ਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਖਰੀਦ ਏਜੰਸੀ ਵੇਅਰ ਹਾਊਸ ਦੇ ਇੰਸਪੈਕਟਰ ਗੁਰਮੀਤ ਸਿੰਘ ਤੇ ਜੀਰੀ ਖਰੀਦ ਸਬੰਧੀ ਦਬਾਅ ਬਣਾਇਆ ਜਾ ਰਿਹਾ ਸੀ ਪਰ ਇੰਸਪੈਕਟਰ ਵੱਲੋਂ ਵਿਭਾਗ ਦੇ ਮਾਪਦੰਡ ਦੇ ਮੁਤਾਬਕ ਜੀਰੀ ਦੀ ਕੁਆਲਿਟੀ ਨਾ ਹੋਣ ਕਾਰਨ ਜੀਰੀ ਦੀ ਬੋਲੀ ਲਾਉਣ ਤੋਂ ਨਾਂਹ ਕਰਨ ਦੇ ਕਾਰਨ ਗੁੱਸੇ ਵਜੋਂ ਦੋ ਆਡ਼੍ਹਤੀਆਂ ਅਤੇ ਉਨ੍ਹਾਂ ਦੇ 5-6 ਅਣਪਛਾਤੇ ਵਿਅਕਤੀਆਂ ਵੱਲੋਂ ਇੰਸਪੈਕਟਰ ਦੀ ਕੁੱਟ-ਮਾਰ ਕਰ ਦਿੱਤੀ।
ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਜ਼ਖਮੀ ਇੰਸਪੈਕਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਆਡ਼੍ਹਤੀਆਂ ਰਮੇਸ਼ ਕੁਮਾਰ, ਰਾਜ ਕੁਮਾਰ ਅਤੇ 5-6 ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਕੋਲੋਂ ਪੰਜਾਬ ਸਰਕਾਰ ਵੱਲੋਂ ਪਾਬੰਦੀਸ਼ੁਦਾ ਅਤੇ ਵੱਧ ਨਮੀ ਵਾਲੇ ਝੋਨੇ ਦੀ ਬੋਲੀ ਧੱਕੇ ਨਾਲ ਲਵਾਉਣੀ ਚਾਹੀ ਤਾਂ ਮੇਰੇ ਵੱਲੋਂ ਜਵਾਬ ਦੇਣ ’ਤੇ ਉਨ੍ਹਾਂ ਉਥੇ ਹੀ ਮੇਰੀ ਕੁੱਟ-ਮਾਰ ਕੀਤੀ। ਜਿਸ ਤੋਂ ਬਾਅਦ ਮੇਰੇ ਸਾਥੀਆਂ ਨੇ ਮੈਨੂੰ ਬੇਹੋਸ਼ੀ ਦੀ ਹਾਲਤ ’ਚ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ। ਇਸ ਸਬੰਧੀ ਥਾਣਾ ਸਦਰ ਦੇ ਸਹਾਇਕ ਥਾਣੇਦਾਰ ਸੇਵਕ ਸਿੰਘ ਨੇ ਦੱਸਿਆ ਕਿ ਖਰੀਦ ਏਜੰਸੀ ਦੇ ਇੰਸਪੈਕਟਰ ਗੁਰਮੀਤ ਸਿੰਘ ਦੇ ਬਿਆਨਾਂ ’ਤੇ ਆਡ਼੍ਹਤੀ ਰਾਜ ਕੁਮਾਰ ਅਤੇ ਰਮੇਸ਼ ਕੁਮਾਰ ਸਮੇਤ 5-6 ਹੋਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਦੂਸਰੇ ਪਾਸੇ ਖਰੀਦ ਏਜੰਸੀ ਦੇ ਇੰਸਪੈਕਟਰ ਦੀ ਸ਼ਰਾਰਤੀ ਅਨਸਰਾਂ ਵੱਲੋਂ ਕੁੱਟ-ਮਾਰ ਕਰਨ ਦੇ ਰੋਸ ਵਜੋਂ ਸਮੂਹ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਮੂਹ ਖਰੀਦ ਏਜੰਸੀਆਂ ਅਤੇ ਤਾਲਮੇਲ ਕਮੇਟੀ ਪੰਜਾਬ ਦੇ ਐਗਜੈਕਟਿਵ ਮੈਂਬਰ ਹਰਪਾਲ ਸਿੰਘ ਸਿੱਧੂ, ਦਰਸ਼ਨ ਸਿੰਘ ਵੇਅਰਹਾਊਸ ਪ੍ਰਧਾਨ ਜ਼ਿਲਾ ਮਾਨਸਾ, ਜਗਦੇਵ ਸਿੰਘ ਪਨਗਰੇਨ ਪ੍ਰਧਾਨ ਜ਼ਿਲਾ ਮਾਨਸਾ ਨੇ ਕਿਹਾ ਕਿ ਖਰੀਦ ਕੇਂਦਰਾ ਅੰਦਰ ਸ਼ਰਾਰਤੀ ਅਨਸਰਾਂ ਵੱਲੋਂ ਸਰਕਾਰੀ ਅਧਿਕਾਰੀਆਂ ਦੇ ਕੰੰਮਕਾਜ ’ਚ ਦਖਲ ਦੇ ਕੇ ਕੁੱਟ-ਮਾਰ ਕਰਨਾ ਬਹੁਤ ਹੀ ਮੰਦਭਾਗੀ ਘਟਨਾ ਹੈ ਕਿਉਂਕਿ ਖਰੀਦ ਏਜੰਸੀਆਂ ਦੇ ਅਧਿਕਾਰੀ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਿਸਾਨਾਂ ਦੀ ਫਸਲ ਨੂੰ ਸਹੀ ਢੰਗ ਨਾਲ ਹੀ ਖਰੀਦ ਸਕਦੇ ਹਨ ਪਰ ਕੁੱਝ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਦਬਾਅ ਬਣਾ ਕੇ ਵੱਧ ਨਮੀ ਵਾਲਾ ਝੋਨਾ ਅਤੇ ਹੋਰ ਕਈ ਤਰ੍ਹਾਂ ਦੇ ਮਾਪਦੰਡ ਨਾ ਪੂਰੇ ਕਰਨ ਵਾਲੀ ਫਸਲ ਨੂੰ ਖਰੀਦਣ ਲਈ ਮਜਬੂਰ ਕਰਦੇ ਹਨ। ਅਜਿਹਾ ਨਾ ਕਰਨ ਦੀ ਸੂਰਤ ’ਚ ਉਨ੍ਹਾਂ ਨੂੰ ਗਲਤ ਬੋਲਿਆ ਜਾਂਦਾ ਹੈ ਅਤੇ ਕੁੱਟ-ਮਾਰ ਵੀ ਕੀਤੀ ਜਾਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਖਰੀਦ ਕੇਂਦਰ ਅੰਦਰ ਇੰਸਪੈਕਟਰ ਗੁਰਮੀਤ ਸਿੰਘ ਦੀ ਕੁੱਟ-ਮਾਰ ਕਰਨ ਵਾਲੇ ਦੋਸ਼ੀ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਨਹੀਂ ਕੀਤੀ ਗਈ ਤਾਂ ਜਥੇਬੰਦੀ ਵੱਲੋਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਪਨਗਰੇਨ ਦੇ ਜਸਵੀਰ ਸਿੰਘ, ਗਗਨਦੀਪ ਸਿੰਘ, ਯੋਗੇਸ਼ ਕੁਮਾਰ ਸਰਦੂਲਗਡ਼੍ਹ, ਪੰਜਾਬ ਐਗਰੋ ਦੇ ਮੱਖਣ ਸਿੰਘ, ਰੁਪਿੰਦਰ ਸਿੰਘ, ਲਖਵਿੰਦਰ ਸਿੰਘ ਭੀਖੀ, ਮਾਰਕਫੈਂਡ ਦੇ ਰਘੁਵੀਰ ਸਿੰਘ, ਵਿਸ਼ਾਲ ਕੁਮਾਰ ਵੇਅਰਹਾਊਸ, ਲਲੀਤ ਕੁਮਾਰ ਆਦਿ ਹਾਜ਼ਰ ਸਨ।