ਭਾਰਤੀ ਅਤੇ ਇੰਟਰਨੈਸ਼ਨਲ ਕੰਪਨੀਆਂ ਦੇ ਮਿਲਾਵਟੀ ਵੇ ਪ੍ਰੋਟੀਨ ਬਣਾਉਣ ਵਾਲੀਆਂ ਫੈਕਟਰੀਆਂ ’ਤੇ ਛਾਪਾਮਾਰੀ, 1 ਗ੍ਰਿਫ਼ਤਾਰ
Wednesday, Mar 30, 2022 - 12:33 PM (IST)

ਫ਼ਿਰੋਜ਼ਪੁਰ (ਕੁਮਾਰ): ਫਿਰੋਜ਼ਪੁਰ ਪੁਲਸ ਨੇ ਵੱਖ-ਵੱਖ ਭਾਰਤੀ ਅਤੇ ਇੰਟਰਨੈਸ਼ਨਲ ਕੰਪਨੀਆਂ ਦੇ ਨਕਲੀ ਮਿਲਾਵਟੀ ਵੇ ਪ੍ਰੋਟੀਨ ਤਿਆਰ ਕਰਨ ਵਾਲੀ ਫੈਕਟਰੀ ’ਤੇ ਛਾਪਾਮਾਰੀ ਕਰਦੇ ਹੋਏ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਉਸ ਦਾ ਦੂਸਰਾ ਸਾਥੀ ਫ਼ਰਾਰ ਹੈ ਜਿਸ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ l ਇਹ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ. ਫਿਰੋਜ਼ਪੁਰ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਡੀ. ਐੱਸ. ਪੀ. ( ਦਿਹਾਤੀ) ਯਾਦਵਿੰਦਰ ਸਿੰਘ ਬਾਜਵਾ ਦੇ ਨਿਰਦੇਸ਼ਾਂ ਅਨੁਸਾਰ ਸਬ ਇੰਸਪੈਕਟਰ ਪਰਮਜੀਤ ਕੌਰ ਦੀ ਅਗਵਾਈ ਹੇਠ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਬੀ.ਐੱਸ.ਐੱਫ. ਹੈੱਡਕੁਆਟਰ ਦੇ ਨਜ਼ਦੀਕ ਗੱਜਣ ਸਿੰਘ ਕਾਲੋਨੀ ਵਿਚ ਛਾਪਾਮਾਰੀ ਕਰਦੇ ਹੋਏ ਵੱਖ-ਵੱਖ ਭਾਰਤੀ ਅਤੇ ਇੰਟਰਨੈਸ਼ਨਲ ਕੰਪਨੀਆਂ ਦੇ ਨਕਲੀ ਮਿਲਾਵਟੀ ਵੇ ਪ੍ਰੋਟੀਨ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ ।
ਇਹ ਵੀ ਪੜ੍ਹੋ : ਅਹਿਮ ਖ਼ਬਰ: ਹੁਣ ਸਾਲ 'ਚ 7 ਵਾਰ ਗੁਰਧਾਮਾਂ ਦੇ ਦਰਸ਼ਨਾਂ ਲਈ ਪਾਕਿ ਜਾ ਸਕਣਗੇ ਸਿੱਖ ਸ਼ਰਧਾਲੂ
ਉਨ੍ਹਾਂ ਦੱਸਿਆ ਕਿ ਸਬ ਇੰਸਪੈਕਟਰ ਪਰਮਜੀਤ ਕੌਰ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਸੋਨੂੰ ਸ਼ਰਮਾ ਅਤੇ ਅਜੇ ਮਿੱਤਲ ਵਾਸੀ ਫਿਰੋਜ਼ਪੁਰ ਛਾਉਣੀ ਨੇ ਬੀ.ਐੱਸ.ਐੱਫ. ਹੈੱਡਕੁਆਰਟਰ ਦੇ ਕੋਲ ਸਥਿਤ ਗੱਜਣ ਸਿੰਘ ਕਾਲੋਨੀ ਵਿਚ ਮਕਾਨ ਲਿਆ ਹੋਇਆ ਹੈ ਜਿੱਥੇ ਉਹ ਲੋਕਾਂ ਨੂੰ ਤਾਕਤਵਰ ਬਣਾਉਣ ਵਾਲੇ ਵੱਖ-ਵੱਖ ਭਾਰਤੀ ਅਤੇ ਇੰਟਰਨੈਸ਼ਨਲ ਕੰਪਨੀਆਂ ਦੇ ਨਕਲੀ ਮਿਲਾਵਟੀ ਵੇ ਪ੍ਰੋਟੀਨ ਬਣਾਉਣ ਦੀ ਨਾਜਾਇਜ਼ ਫੈਕਟਰੀ ਲਾਈ ਹੋਈ ਹੈ ਅਤੇ ਵੱਖ-ਵੱਖ ਨਾਮੀ ਕੰਪਨੀਆਂ ਦੇ ਜਾਅਲੀ ਸਟਿੱਕਰ ਛਾਪਵਾ ਕੇ ਇਸ ਨਕਲੀ ਮਾਲ ਦੇ ਡੱਬਿਆਂ ਉਪਰ ਲਗਾ ਕੇ ਵੇਚ ਰਹੇ ਹਨ ਅਤੇ ਮਕਾਨ ਦੇ ਇਕ ਹਿੱਸੇ ਵਿਚ ਉਨ੍ਹਾਂ ਵੱਲੋਂ ਜੂਆ ਖਿਡਾਇਆ ਜਾਂਦਾ ਹੈ l
ਇਹ ਵੀ ਪੜ੍ਹੋ : ਸਰਕਾਰ ਬਦਲੀ ਪਰ ਬੋਰਡ ਨਹੀਂ, ਮੋਗਾ-ਅੰਮ੍ਰਿਤਸਰ ਰੋਡ ’ਤੇ ਅੱਜ ਵੀ ਲੱਗਾ ਹੈ- 'ਸਾਡਾ ਚੰਨੀ ਸਾਡਾ CM'
ਉਨ੍ਹਾਂ ਦੱਸਿਆ ਕਿ ਇਸ ਗੁਪਤ ਸੂਚਨਾ ਦੇ ਆਧਾਰ ’ਤੇ ਸਬ ਇੰਸਪੈਕਟਰ ਪਰਮਜੀਤ ਕੌਰ ਨੇ ਪੁਲਸ ਪਾਰਟੀ ਦੇ ਨਾਲ ਦੱਸੀ ਹੋਈ ਜਗ੍ਹਾ ’ਤੇ ਰੇਡ ਕੀਤਾ ਜਿੱਥੇ ਅਜੇ ਮਿੱਤਲ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ ਅਤੇ ਬਣਾਈ ਗਈ ਫੈਕਟਰੀ ਵਿਚੋਂ ਪੰਜ-ਪੰਜ ਲਿਟਰ ਵਾਲੇ 141 ਪਲਾਸਟਿਕ ਦੇ ਖਾਲੀ ਡੱਬੇ , 21 ਵਨੀਲਾ ਫਲੇਵਰ ਦੇ ਸੀਲਬੰਦ ਪੰਜ-ਪੰਜ ਲਿਟਰ ਵਾਲੇ ਭਰੇ ਹੋਏ ਡੱਬੇ, ਇਕ ਪੈਕਿੰਗ ਵਾਲੀ ਮਸ਼ੀਨ, 2 ਪੀਸ ਸਾਮਾਨ ਭਰਨ ਵਾਲੇ ਬੰਬੂ , ਡੱਬਿਆਂ ’ਤੇ ਲਗਾਉਣ ਵਾਲੇ ਗੋਲ ਸਟਿੱਕਰਾਂ ਦਾ ਇਕ ਡੱਬਾ , ਮਾਲਟੋਡੈਕਸਟ੍ਰਿਨ ਪਾਊਡਰ ਦੇ ਸਾਢੇ 6 (50-50 ਕਿੱਲੋ ਵਾਲੇ )ਗੱਟੇ, ਅੱਧਾ ਗੱਟਾ ਕਸਟਰਡ ਪਾਊਡਰ ਵਨੀਲਾ ਫਲੇਵਰ (50 ਕਿੱਲੋ ਵਾਲਾ ) , 2 ਲੋਹੇ ਵਾਲੇ ਬਕਸੇ, ਜਾਲੀ, ਸਟਿੱਕਰ ਅਤੇ ਬਿਲਬੁਕ, ਇਕ ਮਿਕਸਰ ਵਾਲੀ ਮਸ਼ੀਨ , 260 ਪੀਸ ਪਲਾਸਟਿਕ ਵਾਲੇ ਪੈਮਾਨੇ, 5 ਪੈਕੇਟ ਚਾਕਲੇਟ ਪਾਊਡਰ ਅਤੇ ਇਕ ਕੰਪਿਊਟਰ ਕੰਡਾ ਬਰਾਮਦ ਹੋਇਆ ਹੈ l ਉਨ੍ਹਾਂ ਦੱਸਿਆ ਕਿ ਫੜੇ ਗਏ ਵਿਅਕਤੀ ਪਾਸੋਂ ਪੁਲਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਦੋਵਾਂ ਨਾਮਜ਼ਦ ਵਿਅਕਤੀਆਂ ਦੇ ਖ਼ਿਲਾਫ਼ ਥਾਣਾ ਕੁਲਗੜ੍ਹੀ ਵਿਚ 7 ਈ. ਸੀ. ਐਕਟ , 7 ਪ੍ਰਵੈਨਸ਼ਨ ਆਫ ਫੂਡ ਸਪਲਾਈ ਐਕਟ 1954 ,ਆਈ.ਪੀ.ਸੀ. ਦੀਆਂ ਵੱਖ ਧਾਰਾਵਾਂ ਅਤੇ ਜੂਆ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਫੜੇ ਗਏ ਸਾਮਾਨ ਦੀ ਫੂਡ ਸਪਲਾਈ ਵਿਭਾਗ ਦੇ ਕਰਮਚਾਰੀਆਂ ਵੱਲੋਂ ਸੈਂਪਲਿੰਗ ਅਤੇ ਜਾਂਚ ਕੀਤੀ ਜਾ ਰਹੀ ਹੈ l
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ