ਬੇਅਦਬੀ ਕਾਂਡ ਲਈ ਬਾਦਲ, ਸੁਖਬੀਰ ਤੇ ਸੈਣੀ ਨੂੰ ਗ੍ਰਿਫਤਾਰ ਕੀਤਾ ਜਾਵੇ

Thursday, Oct 25, 2018 - 05:38 AM (IST)

ਬੇਅਦਬੀ ਕਾਂਡ ਲਈ ਬਾਦਲ, ਸੁਖਬੀਰ ਤੇ ਸੈਣੀ  ਨੂੰ ਗ੍ਰਿਫਤਾਰ ਕੀਤਾ ਜਾਵੇ

ਚੰਡੀਗਡ਼੍ਹ,   (ਭੁੱਲਰ)–  ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੋਲੀਕਾਂਡ ਦੇ ਮਾਮਲਿਆਂ ਨੂੰ ਲੈ ਕੇ ਬਰਗਾਡ਼ੀ ’ਚ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਅਗਵਾਈ ’ਚ ਚੱਲ ਰਹੇ ਇਨਸਾਫ  ਮੋਰਚੇ ਦੇ ਆਗੂਆਂ ਨੇ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਮਿਲ ਕੇ ਮੈਮੋਰੰਡਮ ਸੌਂਪਿਆ। ਇਸ ਵਿਚ ਮੁੱਖ ਤੌਰ ’ਤੇ ਬਰਗਾਡ਼ੀ ਤੇ ਬਹਿਬਲ ਕਲਾਂ ਮਾਮਲਿਆਂ ’ਚ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ’ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਖਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਤਰੁੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ  ਹੈ। ਰਾਜਪਾਲ ਨੂੰ ਮਿਲਣ ਵਾਲੇ ਵਫ਼ਦ ਵਿਚ ਬਰਗਾਡ਼ੀ ਇਨਸਾਫ਼ ਮੋਰਚੇ ਦੇ ਮੈਂਬਰਾਂ ਤੋਂ ਇਲਾਵਾ ਇਸ ਨੂੰ ਸਮਰਥਨ ਦੇ ਰਹੀਆਂ ਪਾਰਟੀਆਂ ਅਤੇ ਸੰਗਠਨਾਂ ਦੇ ਪ੍ਰਤੀਨਿਧ ਸ਼ਾਮਿਲ ਸਨ। ਦਿੱਤੇ ਗਏ ਮੰਗ ਪੱਤਰ ’ਚ ਰਾਜਪਾਲ ਨੂੰ ਦੱਸਿਆ ਗਿਆ ਕਿ ਬਰਗਾਡ਼ੀ ਤੇ ਬਹਿਬਲ ਕਲਾਂ ਦੇ ਨਾਲ ਮਾਮਲਿਆਂ ਨਾਲ ਸਬੰਧਿਤ 2015 ’ਚ ਹੋਏ ਘਟਨਾਕ੍ਰਮ ਦੇ ਸਬੰਧ ’ਚ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਿਆਸੀ ਹਿੱਤਾਂ ਲਈ ਮਾਮਲੇ ਨੂੰ ਲਟਕਾਇਆ ਗਿਆ ਅਤੇ ਜ਼ੋਰਾ ਸਿੰਘ ਕਮਿਸ਼ਨ ਬਣਾ ਕੇ ਖਾਨਾਪੂਰਤੀ ਕੀਤੀ ਗਈ।
ਦੋਸ਼ ਲਾਇਆ ਗਿਆ ਕਿ ਇਸੇ ਤਰ੍ਹਾਂ ਹੁਣ ਦੂਜੇ ਪਾਸੇ ਕੈਪਟਨ ਸਰਕਾਰ ਨੇ ਵੀ ਸੱਤਾ ’ਚ ਆਉਣ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਅਗਵਾਈ ’ਚ ਕਮਿਸ਼ਨ ਗਠਿਤ ਕੀਤਾ। ਇਸ ਕਮਿਸ਼ਨ ਦੀ ਰਿਪੋਰਟ ਵੀ ਆ ਗਈ ਜਿਸ ਵਿਚ ਬਾਦਲਾਂ ਅਤੇ ਉਸ ਸਮੇਂ ਦੇ ਡੀ. ਜੀ. ਪੀ. ਦੀ ਸਪੱਸ਼ਟ ਭੂਮਿਕਾ ਸਾਹਮਣੇ ਆਈ ਹੈ। ਰਿਪੋਰਟ ’ਤੇ ਵਿਧਾਨ  ਸਭਾ ਸੈਸ਼ਨ ਦੌਰਾਨ ਹੋਈ ਭਖਵੀਂ ਬਹਿਸ ’ਚ ਸੱਤਾ ਧਿਰ ਅਤੇ ਵਿਰੋਧੀ ਧਿਰ ਤੇ ਮੈਂਬਰਾਂ ਵੱਲੋਂ ਦੋਸ਼ੀਆਂ ਖਿਲਾਫ਼ ਕਾਰਵਾਈ ਦੀ  ਜ਼ੋਰਦਾਰ ਤਰੀਕੇ ਨਾਲ ਉਠਾਈ ਗਈ ਮੰਗ ਦੇ ਬਾਵਜੂਦ ਮੁੱਖ ਮੰਤਰੀ ਕਾਰਵਾਈ ਨਹੀਂ ਕਰ ਰਹੇ ਅਤੇ ਉਲਟਾ ਇਕ ਹੋਰ ਜਾਂਚ ਕਮੇਟੀ ਬਣਾ ਕੇ ਮਾਮਲੇ ਨੂੰ ਫਿਰ ਲਟਕਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਵਫ਼ਦ ਦੇ ਮੈਂਬਰਾਂ ਨੇ ਕਿਹਾ ਕਿ ਬਰਗਾਡ਼ੀ ਮੋਰਚਾ ਪੂਰੀ ਤਰ੍ਹਾਂ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਹੈ ਪਰ ਬੇਅਦਬੀ ਤੇ ਗੋਲੀਕਾਂਡ ਦੇ ਮਾਮਲਿਆਂ ’ਚ ਦੋਸ਼ੀਆਂ ਖਿਲਾਫ਼ ਕਾਰਵਾਈ ’ਚ ਦੇਰੀ ਹੋਣ ’ਤੇ ਹਾਲਾਤ ਗਲਤ ਪਾਸੇ ਜਾਣ ਦਾ ਡਰ ਹੈ। ਅਕਾਲੀ ਦਲ ਬਾਦਲ ਵੱਲੋਂ ਬਰਗਾਡ਼ੀ ਮੋਰਚੇ ਦੇ ਆਗੂਆਂ ਨੂੰ ਅੱਤਵਾਦੀ-ਵੱਖਵਾਦੀ ਕਹਿਣ ਅਤੇ ਆਈ. ਐੱਸ. ਆਈ. ਦੇ ਏਜੰਟ ਹੋਣ ਦੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਖਾਰਿਜ ਕਰਦਿਆਂ ਰਾਜਪਾਲ ਨੂੰ ਸਪੱਸ਼ਟ ਕੀਤਾ ਗਿਆ ਕਿ ਅਜਿਹੀ ਕੋਈ ਵੀ ਗੱਲ ਨਹੀਂ ਬਲਕਿ ਇਨਸਾਫ ਮੋਰਚੇ ਦੇ ਆਗੂ ਸੰਵਿਧਾਨ ਦੇ ਦਾਇਰੇ ’ਚ ਰਹਿਕੇ ਕਾਨੂੰਨੀ ਕਾਰਵਾਈ ਦੀ ਮੰਗ ਸ਼ਾਂਤੀਪੂਰਵਕ ਅੰਦੋਲਨ ਰਾਹੀਂ ਕਰ ਰਹੇ ਹਨ। ਇਸ ਮੋਰਚੇ ਨੂੰ ਹਿੰਦੂ ਅਤੇ ਮੁਸਲਿਮ ਭਾਈਚਾਰੇ ਸਮੇਤ ਹੋਰਨਾਂ ਵਰਗਾਂ ਦਾ ਵੀ ਸਮਰਥਨ ਪ੍ਰਾਪਤ ਹੈ।
ਵਫ਼ਦ ਦੇ ਆਗੂਆਂ ਨੇ ਰਾਜਪਾਲ ਨੂੰ ਵੀ ਪੇਸ਼ਕਸ਼ ਕੀਤੀ ਕਿ ਉਹ ਬਰਗਾਡ਼ੀ ਜਾ ਕੇ ਖੁਦ ਵੀ ਮੋਰਚੇ ਦਾ ਜਾਇਜ਼ਾ ਲੈ ਸਕਦੇ ਹਨ। ਰਾਜਪਾਲ ਨੂੰ ਦਿੱਤੇ ਮੈਮੋਰੰਡਮ ਵਿਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਨਜ਼ਰਬੰਦਾਂ ਦੀ ਰਿਹਾਈ ਅਤੇ ਬਹਿਬਲ ਕਲਾਂ ਗੋਲੀਕਾਂਡ ’ਚ ਸ਼ਾਮਿਲ ਸਮੂਹ ਸਾਰੇ ਪੁਲਸ ਵਾਲਿਆਂ ਦੀ ਗ੍ਰਿਫ਼ਤਾਰੀ ਦੀ ਮੰਗ ਵੀ ਕੀਤੀ ਗਈ ਹੈ। ਵਫ਼ਦ ਦੇ ਮੈਂਬਰਾਂ ’ਚ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ, ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਐੱਸ. ਜੀ. ਪੀ. ਸੀ. ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ, ਸੁੱਚਾ ਸਿੰਘ ਛੋਟੇਪੁਰ, ਮੈਂਬਰ ਪਾਰਲੀਮੈਂਟ ਡਾ. ਧਰਮਵੀਰ ਗਾਂਧੀ, ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਸੀਨੀਅਰ ਆਗੂ ਨਰਿੰਦਰ  ਸ਼ੇਰਗਿੱਲ, ਲੋਕ ਇਨਸਾਫ ਪਾਰਟੀ ਦੇ ਆਗੂ ਤੇ ਵਿਧਾਇਕ ਬਲਵਿੰਦਰ ਸਿੰਘ ਬੈਂਸ, ਆਪ ਦੇ ਖਹਿਰਾ ਗਰੁੱਪ ਨਾਲ ਸੰਬੰਧਿਤ ਵਿਧਾਇਕ ਜਗਦੇਵ ਸਿੰਘ ਕਮਾਲੂ, ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਸੁਤੰਤਰ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਹੌਲੀ, ਆਲ ਇੰਡੀਆ ਸਿੱਖ ਸਟੂਡੈਂਂਟ ਫੈਡਰੇਸ਼ਨ ਦੇ ਸਾਬਕਾ ਆਗੂ ਸਰਬਜੀਤ ਸਿੰਘ ਸੋਹਲ, ਗੁਰਸੇਵ ਸਿੰਘ ਹਰਪਾਲਪੁਰ, ਸੰਤ ਸਮਾਜ ਦੇ ਪ੍ਰਤੀਨਿਧ ਗੁਰਪ੍ਰੀਤ ਸਿੰਘ, ਯੂਨਾਈਟਡ ਸਿੱਖ ਮੂਵਮੈਂਟ ਦੇ ਗੁਰਨਾਮ ਸਿੰਘ ਸਿੱਧੂ, ਕੇਂਦਰੀ ਗੁਰੂ ਸਿੰਘ ਸਭਾ ਦੇ ਖੁਸ਼ਹਾਲ ਸਿੰਘ, ਅਕਾਲੀ ਦਲ 1920 ਦੇ ਬੂਟਾ ਸਿੰਘ ਰਣਸੀਂਹਕੇ, ਬਸਪਾ ਦੇ ਲਾਲ ਸਿੰਘ ਸੁਲਹਾਨੀ ਤੇ ਜਸਪਾਲ ਸਿੰਘ ਹੋਰਾਂ ਦੇ ਨਾਂ ਜ਼ਿਕਰਯੋਗ ਹਨ।


Related News