ਨਕਦੀ ਅਤੇ ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਪਤਨੀ ਦੀ ਕੀਤੀ ਕੁੱਟ-ਮਾਰ
Sunday, Nov 04, 2018 - 03:06 AM (IST)

ਮੋਗਾ, (ਅਾਜ਼ਾਦ)- ਮੋਗਾ ਨਿਵਾਸੀ ਇਕ ਲਡ਼ਕੀ ਨੂੰ ਉਸਦੇ ਪਤੀ ਵੱਲੋਂ ਨਕਦੀ ਅਤੇ ਦਾਜ ਦੀ ਮੰਗ ਪੂਰੀ ਨਾ ਹੋਣ ’ਤੇ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰਨ ਦੇ ਇਲਾਵਾ ਉਸਦੇ ਬੇਟੇ ਨੂੰ ਲੈ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਲਡ਼ਕੀ ਨੂੰ ਉਸਦੇ ਪਰਿਵਾਰ ਵਾਲਿਆਂ ਵੱਲੋਂ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਜਾਂਚ ਦੇ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਪੀਡ਼੍ਹਤਾ ਦੇ ਪਿਤਾ ਰਜਿੰਦਰ ਕੁਮਾਰ ਨਿਵਾਸੀ ਮੋਗਾ ਨੇ ਕਿਹਾ ਕਿ ਉਸ ਦੀ ਲਡ਼ਕੀ ਦਾ ਵਿਆਹ 8 ਜੁਲਾਈ 2012 ਨੂੰ ਇੰਜੀਨੀਅਰ ਕਾਰਤਿਕ ਕੁਮਾਰ ਉਰਫ ਰਿੰਪਾ ਪੁੱਤਰ ਮਹਿੰਦਰ ਕੁਮਾਰ ਨਿਵਾਸੀ ਸਿਰਸਾ (ਹਰਿਆਣਾ) ਜੋ ਗੁਡ਼ਗਾਓਂ ’ਚ ਇਕ ਕੰਪਨੀ ’ਚ ਕੰਮ ਕਰਦਾ ਹੈ, ਨਾਲ ਧਾਰਮਿਕ ਰੀਤੀ-ਰਿਵਾਜਾਂ ਮੁਤਾਬਕ ਹੋਇਆ ਸੀ, ਜਿਸ ਦਾ ਇਕ ਬੇਟਾ ਵੀ ਹੈ, ਉਸਨੇ ਕਿਹਾ ਕਿ ਕਾਰਤਿਕ ਕੁਮਾਰ ਮੇਰੀ ਬੇਟੀ ਨਾਲ ਦਿੱਲੀ ’ਚ ਇਕ ਕਿਰਾਏ ਦੇ ਮਕਾਨ ’ਤੇ ਰਹਿੰਦਾ ਸੀ। ਉਹ ਮੇਰੀ ਬੇਟੀ ਨੂੰ ਅਕਸਰ ਹੀ ਪੇਕਿਆਂ ਤੋਂ ਨਕਦੀ ਅਤੇ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਦਾ ਸੀ, ਜਿਸ ਨੂੰ ਅਸੀਂ ਕਈ ਵਾਰ ਸਮਝਾਉਣ ਦਾ ਵੀ ਯਤਨ ਕੀਤਾ, ਪਰ ਉਸਨੇ ਸਾਡੀ ਕੋਈ ਗੱਲ ਨਾ ਸੁਣੀ। ਉਸਨੇ ਕਿਹਾ ਕਿ ਉਹ ਮੇਰੀ ਬੇਟੀ ਨਾਲ ਇਸ ਗੱਲ ਨੂੰ ਲੈ ਕੇ ਵੀ ਕੁੱਟ-ਮਾਰ ਕਰਨ ਲੱਗਾ। ਸਾਡੀ ਬੇਟੀ ਨੇ ਕਈ ਵਾਰ ਸਾਨੂੰ ਦੱਸਿਆ ਵੀ। ਬੀਤੀ 21 ਅਗਸਤ 2018 ਨੂੰ ਕਾਰਤਿਕ ਕੁਮਾਰ ਨੇ ਮੇਰੀ ਬੇਟੀ ਨੂੰ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕੀਤੀ ਅਤੇ ਉਸਦਾ ਬੇਟਾ ਲੈ ਕੇ ਫਰਾਰ ਹੋ ਗਿਆ, ਜਿਸ ’ਤੇ ਸਾਡੀ ਬੇਟੀ ਨੇ ਇਸ ਦੀ ਜਾਣਕਾਰੀ ਸਾਨੂੰ ਦਿੱਤੀ, ਤਾਂ ਅਸੀਂ ਉਥੇ ਪੁੱਜੇ ਅਤੇ ਆਪਣੀ ਬੇਟੀ ਨੂੰ ਜ਼ਖਮੀ ਹਾਲਤ ’ਚ ਮੋਗਾ ਲਿਆਂਦਾ ਅਤੇ ਹਸਪਤਾਲ ਦਾਖਲ ਕਰਵਾਇਆ। ਉਨ੍ਹਾਂ ਕਿਹਾ ਕਿ ਸਾਡੀ ਬੇਟੀ ਦੇ ਦਾਜ ਦਾ ਸਾਰਾ ਸਾਮਾਨ ਵੀ ਹਡ਼ੱਪ ਕਰ ਲਿਆ। ਹੁਣ ਸਾਡੀ ਬੇਟੀ ਆਪਣੇ ਪੇਕੇ ਘਰ ਰਹਿਣ ਲਈ ਮਜ਼ਬੂਰ ਹੈ।
ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਡੀ. ਐੱਸ. ਪੀ. ਐੱਸ. ਨੂੰ ਕਰਨ ਦਾ ਆਦੇਸ਼ ਦਿੱਤਾ। ਜਾਂਚ ਸਮੇਂ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ। ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਪੀੜਤਾ ਦੇ ਪਤੀ ਰਜਿੰਦਰ ਕੁਮਾਰ ਦੀ ਸ਼ਿਕਾਇਤ ’ਤੇ ਕਾਰਤਿਕ ਕੁਮਾਰ ਉਰਫ ਰਿੰਪਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਥਾਣੇਦਾਰ ਕੁਲਵਿੰਦਰ ਕੁਮਾਰ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਪੁਲਸ ਦੇ ਕਾਬੂ ਨਹੀਂ ਆ ਸਕਿਆ।