ਜੇਕਰ 1971 ਦੀ ਲੜਾਈ ’ਚ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਸ੍ਰੀ ਕਰਤਾਰਪੁਰ ਸਾਹਿਬ ਅੱਜ ਭਾਰਤ ਦਾ ਹਿੱਸਾ ਹੁੰਦਾ : ਨਰਿੰਦਰ

Friday, May 24, 2024 - 05:01 PM (IST)

ਜੇਕਰ 1971 ਦੀ ਲੜਾਈ ’ਚ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਸ੍ਰੀ ਕਰਤਾਰਪੁਰ ਸਾਹਿਬ ਅੱਜ ਭਾਰਤ ਦਾ ਹਿੱਸਾ ਹੁੰਦਾ : ਨਰਿੰਦਰ

ਪਟਿਆਲਾ (ਰਾਜੇਸ਼, ਬਲਜਿੰਦਰ, ਜੋਸਨ, ਰਾਣਾ, ਅੱਤਰੀ) : 1 ਜੂਨ ਨੂੰ ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਲਈ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਾਸਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਿਆਲਾ ਤੋਂ ਪੰਜਾਬ ਦਾ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਇਥੇ ਪੋਲੋ ਗਰਾਊਂਡ ’ਚ ਹੋਈ ਭਾਜਪਾ ਦੀ ਫਤਹਿ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 1971 ਦੀ ਭਾਰਤ-ਪਾਕਿ ਲੜਾਈ ’ਚ ਭਾਰਤੀ ਜਵਾਨਾਂ 90 ਹਜ਼ਾਰ ਪਾਕਿਸਤਾਨੀ ਫੌਜੀ ਨੂੰ ਸਰੰਡਰ ਕਰ ਚੁੱਕੇ ਸਨ। ਹੁਕਮ ਦਾ ਪੱਤਾ ਸਾਡੇ ਹੱਥ ’ਚ ਸੀ ਪਰ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਉਹ ਮੌਕਾ ਗਵਾ ਦਿੱਤਾ। ਜੇਕਰ ਮੈਂ ਉਸ ਸਮੇਂ ਪ੍ਰਧਾਨ ਮੰਤਰੀ ਹੁੰਦਾ ਤਾਂ ਅੱਜ ਸ੍ਰੀ ਕਰਤਾਰਪੁਰ ਸਾਹਿਬ ਭਾਰਤ ਦਾ ਹਿੱਸਾ ਹੁੰਦਾ ਅਤੇ ਗੁਰੂ ਨਾਮਲੇਵਾ ਸੰਗਤ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੁੰਦੇ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਜਦੋਂ ਪ੍ਰਮਾਤਮਾ ਅਤੇ ਦੇਸ਼ ਦੀ ਜਨਤਾ ਨੇ ਉਨ੍ਹਾਂ ਨੂੰ ਮੌਕਾ ਦਿੱਤਾ ਤਾਂ ਉਨ੍ਹਾਂ ਨੇ ਕਰਤਾਰਪੁਰ ਕਾਰੀਡੋਰ ਖੁੱਲ੍ਹਵਾ ਦਿੱਤਾ ਅਤੇ ਲੋਕ ਪੂਰੇ ਮਾਣ-ਸਨਮਾਨ ਨਾਲ ਅੱਜ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਰਹੇ ਹਨ ਜਦਕਿ 70 ਸਾਲ ਤੱਕ ਅਸੀਂ ਦੂਰਬੀਨ ਨਾਲ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਮਜਬੂਰ ਸੀ। ਇਸ ਦੇ ਨਾਲ ਹੀ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਨੂੰ ਟੈਕਸ ਮੁਕਤ ਕਰਨ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਬਲੀਦਾਨ ਦਿਵਸ ਨੂੰ ਵੀਰ ਬਾਲ ਦਿਵਸ ਦੇ ਰੂਪ ’ਚ ਕੌਮੀ ਪੱਧਰ ’ਤੇ ਮਨਾਉਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੇ ਭੂਚਾਲ ਸਮੇਂ ਗੁਜਰਾਤ ਦੇ ਕੱਛ ਦੇ ਰੇਗਿਸਤਾਨ ਦੇ ਆਖਰੀ ਪਿੰਡ ਲਖਪਤ ਦੇ ਗੁਰਦੁਆਰਾ ਸਾਹਿਬ ਨੂੰ ਫਿਰ ਤੋਂ ਨਵੇਂ ਸਿਰੇ ਤੋਂ ਬਣਾਇਆ। ਕਾਂਸ਼ੀ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦੀ ਜਨਮ ਸਥਲੀ ਦਾ ਵਿਕਾਸ ਕੀਤਾ, ਮੱਧ ਪ੍ਰਦੇਸ਼ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ ਵਿਸ਼ਾਲ ਮੰਦਰ ਬਣਵਾਇਆ ਅਤੇ ਅਯੁੱਧਿਆ ਧਾਮ ਵਿਖੇ ਭਗਵਾਨ ਵਾਲਮੀਕਿ ਜੀ ਦੇ ਨਾਂ ’ਤੇ ਹਵਾਈ ਅੱਡੇ ਦਾ ਨਿਰਮਾਣ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਵਿਕਾਸ, ਵਿਰਾਸਤ ਅਤੇ ਦੇਸ਼ ਦੀ ਸੁਰੱਖਿਆ ਨੂੰ ਮੁੱਖ ਤਵਜੋ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਚੋਣ ਮੁਹਿੰਮ ਨਾਲ ਸਬੰਧਤ ਗਤੀਵਿਧੀਆਂ ਦੀ ਪ੍ਰਵਾਨਗੀ ਲਈ 12,583 ਅਰਜ਼ੀਆਂ ਪ੍ਰਾਪਤ ਹੋਈਆਂ: ਸਿਬਿਨ ਸੀ

ਉਨ੍ਹਾਂ ਕਿਹਾ ਕਿ ਪੰਜਾਬ ਨਾਲ ਉਨ੍ਹਾਂ ਦਾ ਖੂਨ ਦਾ ਰਿਸ਼ਤਾ ਹੈ ਕਿਉਂਕਿ ਪੰਜ ਪਿਆਰਿਆਂ ’ਚੋਂ ਪਹਿਲੇ ਪਿਆਰੇ ਗੁਜਰਾਤ ਦੇ ਦੁਆਰਕਾ ਜੀ ਤੋਂ ਸਨ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਪੰਜਾਬੀ ਨਾਲ ਕਰਦਿਆਂ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਚਰਨਛੋਹ ਅਤੇ ਕਾਲੀ ਮਾਤਾ ਜੀ ਦੇ ਪਾਵਨ ਸਥਾਨ ਪਟਿਆਲਾ ਆਉਣ ਦਾ ਮੌਕਾ ਮਿਲਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਹਰ ਪੰਜਾਬੀ ਚੰਗੀ ਤਰ੍ਹਾਂ ਜਾਣਦਾ ਹੈ ਕਿ ਆਪਣਾ ਵੋਟ ਬੇਕਾਰ ਨਹੀਂ ਕਰੇਗਾ ਅਤੇ ਜਿਸ ਦੀ ਸਰਕਾਰ ਬਣ ਰਹੀ ਹੈ, ਉਸ ਨੂੰ ਵੋਟ ਕਰੇਗਾ। ਭਾਜਪਾ ਅਤੇ ਐੱਨ. ਡੀ. ਏ. ਵਿਕਸਿਤ ਪੰਜਾਬ ਅਤੇ ਵਿਕਸਿਤ ਭਾਰਤ ਦੇ ਸੰਕਲਪ ਨੂੰ ਲੈ ਕੇ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ 2024 ਦੀਆਂ ਚੋਣਾਂ ਦੇਸ਼ ਨੂੰ ਮਜ਼ਬੂਤ ਬਣਾਉਣ ਦੀਆਂ ਚੋਣਾਂ ਹਨ। ਇਕ ਪਾਸੇ ਭਾਜਪਾ ਹੈ ਅਤੇ ਦੂਜੇ ਪਾਸੇ ਭ੍ਰਿਸ਼ਟਾਚਾਰੀਆਂ ਦਾ ‘ਇੰਡੀਆ’ ਗਠਜੋਡ਼ ਹੈ। ਇਕ ਪਾਸੇ ਮੋਦੀ ਹੈ, ਜੋ ਲੜਾਕੂ ਜਹਾਜ਼ ਤੋਂ ਲੈ ਕੇ ਏਅਰਕ੍ਰਾਫਟ ਭਾਰਤ ’ਚ ਬਣਾ ਰਿਹਾ ਹੈ ਤੇ ਦੂਜੇ ਪਾਸੇ ਇੰਡੀਆ ਗਠਜੋੜ ਹੈ, ਜਿਸ ਕੋਲ ਨਾ ਨੇਤਾ ਹੈ ਤੇ ਨਾ ਹੀ ਨੀਤੀ। ਇੰਡੀਆ ਗਠਜੋੜ ਕਹਿੰਦਾ ਹੈ ਕਿ ਸਾਡੇ ਪਰਮਾਣੂ ਹਥਿਆਰਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਕ ਪਾਸੇ ਮੋਦੀ ਸਰਕਾਰ ਹੈ, ਜਿਸ ’ਚ ਅੱਤਵਾਦੀਆਂ ਨੂੰ ਘਰ ’ਚ ਦਾਖ਼ਲ ਹੋ ਕੇ ਮਾਰਨ ਦੀ ਸਮਰੱਥਾ ਹੈ ਅਤੇ ਦੂਜੇ ਪਾਸੇ ‘ਇੰਡੀਆ’ ਗਠਜੋੜ ਵਾਲੇ ਹਨ, ਜੋ ਅੱਤਵਾਦੀਆਂ ਦੇ ਐਨਕਾਊਂਟਰ ’ਤੇ ਹੰਝੂ ਵਹਾਉਂਦੇ ਹਨ।

ਇਹ ਖ਼ਬਰ ਵੀ ਪੜ੍ਹੋ : ਭਗਵੰਤ ਮਾਨ ਦੀ ਅਪੀਲ, ਮੈਂ ਬਿਜਲੀ ਦੇ ਬਿੱਲ ਜ਼ੀਰੋ ਕੀਤੇ, ਤੁਸੀਂ ਪੰਜਾਬ ’ਚੋਂ ਕਾਂਗਰਸ ਤੇ ਅਕਾਲੀਆਂ ਨੂੰ ਜ਼ੀਰੋ ਕਰੋ

ਉਨ੍ਹਾਂ ਕਿਹਾ ਕਿ ਪੰਜਾਬ ’ਚ ਦਿੱਲੀ ਦੀ ਕੱਟੜ ਭ੍ਰਿਸ਼ਟਾਚਾਰੀ ਪਾਰਟੀ ਤੇ ਦਿੱਲੀ ਸਿੱਖ ਦੰਗਿਆਂ ਦੀ ਦੋਸ਼ੀ ਕਾਂਗਰਸ ਦਿਖਾਵੇ ਲਈ ਵੱਖ-ਵੱਖ ਲੜ ਰਹੇ ਹਨ ਜਦਕਿ ਦਿੱਲੀ ’ਚ ਉਹ ਜੱਫੀਆਂ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਆਜ਼ਾਦ ਹੋਣ ਤੋਂ ਤੁਰੰਤ ਬਾਅਦ ਅਯੁੱਧਿਆ ’ਚ ਸ਼੍ਰੀ ਰਾਮ ਮੰਦਰ ਬਣ ਜਾਣਾ ਚਾਹੀਦਾ ਸੀ ਪਰ ਕਾਂਗਰਸ ਨੇ ਜਾਣਬੁਝ ਕੇ ਨਹੀਂ ਬਣਨ ਦਿੱਤਾ ਤੇ ਹੁਣ ਜਦੋਂ ਮੰਦਰ ਬਣਾ ਦਿੱਤਾ ਹੈ ਤਾਂ ਮੰਦਰ ਦੇ ਖ਼ਿਲਾਫ਼ ਬੋਲ ਰਹੇ ਹਨ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਪਟਿਆਲਾ ਲੋਕ ਸਭਾ ਤੋਂ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ, ਸੰਗਰੂਰ ਦੇ ਉਮੀਦਵਾਰ ਅਰਵਿੰਦ ਖੰਨਾ, ਬਠਿੰਡਾ ਦੇ ਉਮੀਦਵਾਰ ਪਰਮਪਾਲ ਕੌਰ ਸਿੱਧੂ, ਫਤਹਿਗੜ੍ਹ ਸਾਹਿਬ ਦੇ ਉਮੀਦਵਾਰ ਗੇਜਾ ਰਾਮ ਵਾਲਮੀਕਿ, ਫਰੀਦਕੋਟ ਦੇ ਉਮੀਦਵਾਰ ਹੰਸ ਰਾਜ ਹੰਸ, ਅਨਿਲ ਸਰੀਨ, ਪਰਮਿੰਦਰ ਸਿੰਘ ਬਰਾੜ, ਹਰਜੀਤ ਸਿੰਘ ਗਰੇਵਾਲ, ਹਲਕਾ ਇੰਚਾਰਜ ਵਿਕਾਸ ਸ਼ਰਮਾ ਘਨੌਰ ਤੋਂ ਇਲਾਵਾ ਸਮੁੱਚੀ ਭਾਜਪਾ ਲੀਡਰਸ਼ਿਪ ਹਾਜ਼ਰ ਸੀ।

ਮੋਦੀ ਬੋਲੇ- ਮੇਰੇ ਹੁੰਦਿਆਂ ਕੋਈ ਵੀ ਦਲਿਤਾਂ ਤੇ ਆਦਿਵਾਸੀਆਂ ਦਾ ਰਾਖਵਾਂਕਰਨ ਖੋਹ ਨਹੀਂ ਸਕਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿੰਦਰਗੜ੍ਹ ਵਿਚ ਇਕ ਰੈਲੀ ਵਿਚ ਕਿਹਾ ਕਿ ਜਦੋਂ ਤੱਕ ਉਹ ਜਿਉਂਦੇ ਹਨ ਦਲਿਤਾਂ ਅਤੇ ਆਦਿਵਾਸੀਆਂ ਦਾ ਰਾਖਵਾਂਕਰਨ ਕੋਈ ਨਹੀਂ ਖੋਹ ਸਕਦਾ। ਉਨ੍ਹਾਂ ‘ਇੰਡੀਆ’ ਗੱਠਜੋੜ ’ਤੇ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ, ‘ਇਹ ਚੋਣਾਂ ਦੇਸ਼ ਦਾ ਪ੍ਰਧਾਨ ਮੰਤਰੀ ਚੁਣਨ ਦੀਆਂ ਹਨ ਪਰ ਤੁਸੀਂ ਸਿਰਫ ਦੇਸ਼ ਦਾ ਪ੍ਰਧਾਨ ਮੰਤਰੀ ਹੀ ਨਹੀਂ ਸਗੋ ਦੇਸ਼ ਦਾ ਭਵਿੱਖ ਵੀ ਚੁਣੋਗੇ। ਇਕ ਪਾਸੇ ਤੁਹਾਡਾ ਜਾਂਚਿਆ-ਪਰਖਿਆ ਸੇਵਕ ਮੋਦੀ ਹੈ ਤੇ ਦੂਜੇ ਪਾਸੇ ਕੌਣ ਹੈ, ਇਸ ਦਾ ਕੋਈ ਅਤਾ-ਪਤਾ ਨਹੀਂ ਹੈ।’ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ‘ਇੰਡੀਆ’ ਗੱਠਜੋੜ ਅਗਲੇ ਪੰਜ ਸਾਲਾਂ ਵਿਚ 5 ਪ੍ਰਧਾਨ ਮੰਤਰੀਆਂ ਦੀ ਗੱਲ ਕਰ ਰਿਹਾ ਹੈ। ਹੁਣ ਇਹ ਲੋਕ ਕਹਿ ਰਹੇ ਹਨ ਕਿ ਹਰ ਸਾਲ ਇਕ ਆਦਮੀ ਭਾਰਤ ਦਾ ਪ੍ਰਧਾਨ ਮੰਤਰੀ ਬਣੇਗਾ, ਪੰਜ ਸਾਲ ਪੰਜ ਪੀ. ਐੱਮ.! ਤੁਸੀਂ ਮੈਨੂੰ ਦੱਸੋ ਕੀ ਇਸ ਤਰ੍ਹਾਂ ਦੇਸ਼ ਚੱਲੇਗਾ? ਇਹ ਲੋਕ ਦੇਸ਼ ਨੂੰ ਫਿਰ ਟੋਏ ਵਿਚ ਸੁੱਟਣਾ ਚਾਹੁੰਦੇ ਹਨ।

ਇਹ ਖ਼ਬਰ ਵੀ ਪੜ੍ਹੋ : ਚੋਣ ਕਮਿਸ਼ਨ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਚਿਤਾਵਨੀ 

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News