12 ਦਿਨਾਂ ਤੋਂ ਹਸਪਤਾਲ ਦਾਖਲ ਪੀੜਤ ਨੂੰ ਨਹੀਂ ਮਿਲ ਰਿਹਾ ਇਨਸਾਫ

03/07/2023 6:15:28 PM

ਮੋਗਾ (ਗੋਪੀ ਰਾਊਕੇ, ਕਸ਼ਿਸ਼ ਸਿੰਗਲਾ) : ਇਕ ਪਾਸੇ ਜਿੱਥੇ ਪੰਜਾਬ ਸਰਕਾਰ ਅਤੇ ਸਿਹਤ ਮਹਿਕਮੇ ਵੱਲੋਂ ਲੋਕਾਂ ਨੂੰ ਕਿਸੇ ਵੀ ਦੁੱਖ ਤਕਲੀਫ਼ ਵੇਲੇ ਬਿਨ੍ਹਾਂ ਕਿਸੇ ਸਿਫ਼ਾਰਸ਼ ਦੇ ਲੋੜੀਂਦਾ ਇਨਸਾਫ਼ ਮੁਹੱਈਆ ਕਰਵਾਉਣ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ। ਉੱਥੇ ਹੀ ਦੂਜੇ ਪਾਸੇ ਜ਼ਮੀਨੀ ਹਕੀਕਤ ਇਹ ਹੈ ਕਿ ਹਾਲੇ ਵੀ ਆਮ ਲੋਕਾਂ ਨੂੰ ਕਈ ਦਫ਼ਾ ਇਨਸਾਫ਼ ਹਾਸਲ ਕਰਨ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਅਜਿਹਾ ਹੀ ਇਕ ਮਾਮਲਾ ਜ਼ਿਲ੍ਹੇ ਦੀ ਸਬ ਡਵੀਜ਼ਨ ਧਰਮਕੋਟ ਦਾ ਸਾਹਮਣੇ ਆਇਆ ਹੈ ਜਿੱਥੇ ਜ਼ਮੀਨੀ ਵਿਵਾਦ ਕਾਰਨ ਹੋਏ ਲੜਾਈ ਝਗੜੇ ਵਿਚ ਸੱਟਾਂ ਖਾਣ ਵਾਲਾ ਪੀੜਤ ਮੋਗਾ ਦੇ ਸਿਵਲ ਹਸਪਤਾਲ ਵਿਖੇ ਮੰਜੇ ਨਾਲ ਮੰਜਾ ਬਣਿਆ ਪਿਆ ਹੈ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਹੱਥ ਤੇ ਡੂੰਘੇ ਜ਼ਖ਼ਮ ਤੇ ਹੋਰ ਸੱਟਾਂ ਹੋਣ ਦੇ ਬਾਵਜੂਦ ਵੀ ਪੀੜਤ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। 

ਦੂਜੇ ਪਾਸੇ ਪੀੜਤ ਵਲੋਂ ਇਨਸਾਫ਼ ਨਾ ਮਿਲਣ ਤੋਂ ਖਫ਼ਾ ਹੋ ਕੇ ਮਾਨਯੋਗ ਮੋਗਾ ਕੋਰਟ ਦਾ ਦਰਵਾਜ਼ਾ ਖੜਕਾਇਆ ਜਿਸ ਮਗਰੋਂ ਮਾਨਯੋਗ ਅਦਾਲਤ ਨੇ ਵੀ ਪੀੜਤ ਦੇ ਮਾਮਲੇ ਵਿਚ ਡਾਕਟਰੀ ਬੋਰਡ ਬਣਾ ਕੇ ਲੱਗੀਆਂ ਸੱਟਾਂ ਦੀ ਵੀਡੀਓਗ੍ਰਾਫ਼ੀ ਕਰਵਾਉਦੇ ਹੋਏ ਜਾਂਚ ਦੇ ਹੁਕਮ ਦਿੱਤੇ ਹਨ ਪਰ ਅਜੇ ਵੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਆਰੰਭੀ ਨਹੀਂ ਹੈ। ਪੀੜਤ ਸੁਖਦੇਵ ਸਿੰਘ ਨੇ ਸਿਵਲ ਹਸਪਤਾਲ ਮੋਗਾ ਦੇ ਬੈੱਡ ਨੰਬਰ 61 ਜਿੱਥੇ ਉਹ ਦਾਖਲ ਹੈ ਵਿਖੇ ਦੱਸਿਆ ਕਿ ਉਸਦਾ ਆਪਣੇ ਭਰਾ ਨਾਲ ਜ਼ਮੀਨੀ ਵਿਵਾਦ ਹੈ, ਜਦੋਂ ਉਹ ਆਪਣੇ ਖੇਤ ਆਪਣੀ ਜ਼ਮੀਨ ਵਿਚ ਗੇੜਾ ਮਾਰਨ ਗਿਆ ਤਾਂ ਮੇਰੇ ਭਰਾ ਅਤੇ ਭਤੀਜੇ ਨੇ ਮੇਰੇ ਤੇ ਕ੍ਰਿਪਾਨ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਹਮਲੇ ਮਗਰੋਂ ਉਹ ਜ਼ਮੀਨ ’ਤੇ ਡਿੱਗ ਪਿਆ। 

ਉਕਤ ਨੇ ਕਿਹਾ ਕਿ ਮੈਂ ਆਪਣੇ ਭਰਾ ਨਾਲ ਇਸ ਮਾਮਲੇ ਵਿਚ ਮਿਲ ਬੈਠ ਕੇ ਨਿਬੇੜਾ ਕਰਨ ਲਈ ਕਹਿ ਰਿਹਾ ਸੀ ਪ੍ਰੰਤੂ ਮੇਰੇ ਕਿੱਧਰੇ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸੱਟਾਂ ਮੇਰੇ ਵੱਜੀਆਂ ਹਨ ਪ੍ਰੰਤੂ ਦੂਜੀ ਧਿਰ ਵਲੋਂ ਮੇਰੇ ਵਿਰੁੱਧ ਹੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਅੱਜ 7 ਮਾਰਚ ਨੂੰ ਮੈਨੂੰ ਹਸਪਤਾਲ ਵਿਚੋਂ ਛੁੱਟੀ ਦਿੱਤੀ ਜਾ ਰਹੀ ਹੈ ਪਰ ਹਾਲੇ ਤੱਕ ਵੀ ਮੈਨੂੰ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਇਸ ਮਾਮਲੇ ਦੀ ਨਿਰਪੱਖ ਪੜਤਾਲ ਕਰਵਾਉਣ ਕਿਉਂਕਿ ਹੁਣ ਤਾਂ ਮਾਨਯੋਗ ਕੋਰਟ ਵਲੋਂ ਵੀ ਹੁਕਮ ਜਾਰੀ ਕੀਤੇ ਗਏ ਹਨ। ਪੀੜਤ ਧਿਰ ਦੇ ਵਕੀਲ ਤੇ ਬਾਰ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦੇ ਸਾਬਕਾ ਪ੍ਰਧਾਨ ਰਾਜਪਾਲ ਸ਼ਰਮਾ ਨੇ ਕਿਹਾ ਕਿ ਮਾਨਯੋਗ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਤਰੁੰਤ ਇਸ ਮਾਮਲੇ ’ਤੇ ਐਕਸ਼ਨ ਲੈਣਾ ਚਾਹੀਦਾ ਹੈ। 


Gurminder Singh

Content Editor

Related News