ਅਮਰਪੁਰਾ 'ਚ ਗੁੰਡਾਗਰਦੀ, ਫਾਇਰਿੰਗ ਕਰ ਰਹੇ ਬਦਮਾਸ਼ ਪੁਲਸ ਕਮਿਸ਼ਨਰ ਦਾ ਕਾਫਲਾ ਦੇਖ ਭੱਜੇ

05/04/2022 11:54:56 PM

ਲੁਧਿਆਣਾ (ਨਰਿੰਦਰ, ਰਾਜ) : ਅਮਰਪੁਰਾ 'ਚ ਕੁਝ ਬਦਮਾਸ਼ਾਂ ਨੇ ਖੁੱਲ੍ਹ ਕੇ ਗੁੰਡਾਗਰਦੀ ਕੀਤੀ, ਰੰਜਿਸ਼ਨ ਇਕ ਵਿਅਕਤੀ ਨੂੰ ਰੋਕ ਕੇ ਉਸ ਨਾਲ ਕੁੱਟ-ਮਾਰ ਕੀਤੀ ਅਤੇ ਇੱਟਾਂ-ਪੱਥਰ ਵਰ੍ਹਾਏ। ਇਸ ਦੌਰਾਨ ਸ਼ਹਿਰ ਦਾ ਰਾਊਂਡ ਲਗਾ ਰਹੇ ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਭੀੜ ਨੂੰ ਦੇਖ ਰੁਕ ਗਏ। ਸੀ. ਪੀ. ਦੀਆਂ ਗੱਡੀਆਂ ਦਾ ਕਾਫਲਾ ਦੇਖ ਬਦਮਾਸ਼ ਫਰਾਰ ਹੋ ਗਏ। ਸੂਚਨਾ ਤੋਂ ਬਾਅਦ ਏ. ਸੀ. ਪੀ. ਸੈਂਟਰਲ ਹਰਸਿਮਰਤ ਸਿੰਘ ਤੇ ਥਾਣਾ ਡਵੀਜ਼ਨ ਨੰ. 2 ਦੇ ਐੱਸ. ਐੱਚ. ਓ. ਆਕਾਸ਼ਦੀਪ ਵੀ ਪੁਲਸ ਨਾਲ ਮੌਕੇ 'ਤੇ ਪੁੱਜ ਗਏ। ਭਾਵੇਂ ਪੁਲਸ ਦਾ ਕਹਿਣਾ ਹੈ ਕਿ ਬਦਮਾਸ਼ਾਂ ਕੋਲ ਪਿਸਤੌਲ ਸੀ ਪਰ ਮੌਕੇ 'ਤੇ ਕੋਈ ਫਾਇਰ ਨਹੀਂ ਹੋਇਆ। ਹਮਲਾਵਰਾਂ ਵੱਲੋਂ ਰੋੜੇ, ਪੱਥਰ ਚਲਾਉਣ ਨਾਲ ਲੋਕਾ ਦੇ ਘਰਾਂ ਦੇ ਸ਼ੀਸ਼ਿਆਂ ਦੇ ਨਾਲ-ਨਾਲ ਸੜਕਾਂ 'ਤੇ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਵੀ ਤੋੜੇ ਗਏ। ਫਿਲਹਾਲ ਮਾਮਲੇ 'ਚ ਸੋਨੂੰ ਸ਼ਰਮਾ ਉਰਫ ਸੰਨੀ ਦੀ ਸ਼ਿਕਾਇਤ 'ਤੇ ਨੰਨਾ, ਵਿਸ਼ਾਲ ਗਿੱਲ, ਸਟੀਮ ਤੇ ਹਿਮਾਂਸ਼ੂ ਸਮੇਤ 8 ਖ਼ਿਲਾਫ਼ ਇਰਾਦਾ ਕਤਲ, ਕੁੱਟ-ਮਾਰ ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਕੋਰੋਨਾ ਧਮਾਕਾ: ਇਸ ਯੂਨੀਵਰਸਿਟੀ ਦੇ 46 ਵਿਦਿਆਰਥੀ ਨਿਕਲੇ ਪਾਜ਼ੇਟਿਵ

ਜਾਣਕਾਰੀ ਦਿੰਦਿਆਂ ਸੋਨੂੰ ਸ਼ਰਮਾ ਨੇ ਦੱਸਿਆ ਕਿ ਉਹ ਅਮਰਪੁਰਾ ਦਾ ਰਹਿਣ ਵਾਲਾ ਹੈ ਤੇ ਪ੍ਰਾਪਰਟੀ ਡੀਲਰ ਹੈ। ਮੰਗਲਵਾਰ ਦੀ ਰਾਤ ਨੂੰ ਕੁਝ ਨੌਜਵਾਨਾਂ ਨਾਲ ਉਸ ਦੀ ਬਹਿਸ ਹੋਈ ਸੀ, ਜਿਸ ਤੋਂ ਬਾਅਦ ਉਹ ਉਥੋਂ ਚਲੇ ਗਏ ਤੇ ਉਹ ਖੁਦ ਵੀ ਉਥੋਂ ਆਪਣੇ ਘਰ ਵੱਲ ਆ ਗਿਆ ਸੀ। ਉਹ ਮੇਨ ਰੋਡ 'ਤੇ ਖੜ੍ਹਾ ਹੋਇਆ ਸੀ। ਇਸ ਦੌਰਾਨ ਮੁਲਜ਼ਮ ਵਿਸ਼ਾਲ ਗਿੱਲ, ਨੰਨਾ, ਸਟੀਮ ਤੇ ਹਿਮਾਂਸ਼ੂ ਨੇ ਆਪਣੇ ਹੋਰ ਸਾਥੀਆਂ ਨਾਲ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਹਮਲਾ ਕਰਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ। ਉਸ ਨੇ ਆਪਣਾ ਬਚਾਅ ਕਰਨਾ ਚਾਹਿਆ ਤਾਂ ਮੁਲਜ਼ਮਾਂ ਨੇ ਇੱਟਾਂ-ਪੱਥਰ ਚਲਾਉਣੇ ਸ਼ੁਰੂ ਕਰ ਦਿੱਤੇ। ਸੋਨੂੰ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਮੌਕੇ 'ਤੇ ਗੋਲੀਆਂ ਵੀ ਚਲਾਈਆਂ ਸੀ। ਇਸ ਤੋਂ ਬਾਅਦ ਪੁਲਸ ਨੂੰ ਦੇਖ ਕੇ ਮੁਲਜ਼ਮ ਭੱਜ ਗਏ। ਘਟਨਾ ਦੌਰਾਨ ਕਿਸੇ ਵਿਅਕਤੀ ਨੇ ਮੋਬਾਇਲ 'ਤੇ ਵੀਡੀਓ ਬਣਾ ਲਈ ਸੀ।

ਇਹ ਵੀ ਪੜ੍ਹੋ : ਬੇਅਦਬੀ ਮਾਮਲਾ: ਡੇਰਾ ਮੁਖੀ ਰਾਮ ਰਹੀਮ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ 'ਚ ਹੋਏ ਪੇਸ਼

3 ਦਿਨ ਪਹਿਲਾਂ ਜ਼ਮਾਨਤ 'ਤੇ ਬਾਹਰ ਆਏ ਸੀ ਨੰਨਾ ਤੇ ਵਿਸ਼ਾਲ

ਨਾਮਜ਼ਦ ਮੁਲਜ਼ਮ ਵਿਸ਼ਾਲ ਗਿੱਲ ਤੇ ਨੰਨਾ ਖ਼ਿਲਾਫ਼ ਪਹਿਲਾਂ ਵੀ ਕੁੱਟ-ਮਾਰ ਦੇ ਕਈ ਕੇਸ ਦਰਜ ਹਨ। ਸਾਬਕਾ ਸੀ. ਪੀ. ਰਾਕੇਸ਼ ਅਗਰਵਾਲ ਸਮੇਂ ਉਕਤ ਮੁਲਜ਼ਮਾਂ ਨੇ ਹਰਗੋਬਿੰਦ ਨਗਰ ਇਲਾਕੇ 'ਚ ਕਾਫੀ ਲੜਾਈਆਂ ਕੀਤੀਆਂ ਸਨ ਤਾਂ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ 'ਚ ਕੇਸ ਦਰਜ ਕੀਤੇ ਸਨ, ਜਿਸ ਕਾਰਨ ਮੁਲਜ਼ਮ ਕਾਫੀ ਸਮੇਂ ਤੋਂ ਜੇਲ੍ਹ ਦੇ ਅੰਦਰ ਹੀ ਸਨ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਹੀ ਦੋਵੇਂ ਮੁਲਜ਼ਮ ਜੇਲ੍ਹ 'ਚੋਂ ਜ਼ਮਾਨਤ 'ਤੇ ਬਾਹਰ ਆਏ ਸਨ। ਉਨ੍ਹਾਂ ਦੀ ਸੰਨੀ ਨਾਲ ਪੁਰਾਣੀ ਰੰਜਿਸ਼ ਸੀ, ਇਸ ਲਈ ਉਨ੍ਹਾਂ ਨੇ ਸੰਨੀ 'ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।

ਇਹ ਵੀ ਪੜ੍ਹੋ : ਪੰਚਾਇਤੀ ਜ਼ਮੀਨਾਂ ਦੀ ਬੋਲੀ 'ਚ ਹਰ ਵਰਗ ਨੂੰ ਨਿਯਮਾਂ ਅਨੁਸਾਰ ਬਣਦਾ ਹੱਕ ਦਿੱਤਾ ਜਾਵੇਗਾ : ਕੁਲਦੀਪ ਧਾਲੀਵਾਲ (ਵੀਡੀਓ)

ਦੇਰ ਰਾਤ ਸੀ. ਪੀ. ਨਿਕਲੇ ਸੀ ਸਰਪ੍ਰਾਈਜ਼ ਚੈਕਿੰਗ 'ਤੇ

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੁਲਸ ਕਮਿਸ਼ਨਰ ਡਾ. ਕੌਸਤੁਭ ਸ਼ਰਮਾ ਮੰਗਲਵਾਰ ਦੇਰ ਰਾਤ ਨੂੰ ਸਰਪ੍ਰਾਈਜ਼ ਚੈਕਿੰਗ 'ਤੇ ਨਿਕਲੇ ਸਨ। ਉਨ੍ਹਾਂ ਕਈ ਇਲਾਕਿਆਂ ਦਾ ਦੌਰਾ ਕੀਤਾ ਸੀ। ਇਸ ਦੌਰਾਨ ਜਦ ਉਹ ਅਮਰਪੁਰਾ ਵੱਲ ਹੋ ਕੇ ਨਿਕਲ ਰਹੇ ਸਨ ਤਾਂ ਰਸਤੇ 'ਚ ਲੋਕਾਂ ਦੀ ਭੀੜ ਦੇਖ ਕੇ ਡਰਾਈਵਰ ਨੂੰ ਗੱਡੀ ਰੋਕਣ ਲਈ ਕਿਹਾ। ਸੀ. ਪੀ. ਦੀ ਗੱਡੀ ਨੂੰ ਦੇਖ ਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਸਨ। ਇਸ ਤੋਂ ਬਾਅਦ ਪੁਲਸ ਕਮਿਸ਼ਨਰ ਨੇ ਥਾਣਾ ਪੁਲਸ ਨੂੰ ਮੁਲਜ਼ਮਾਂ 'ਤੇ ਸਖ਼ਤ ਕਾਰਵਾਈ ਲਈ ਕਿਹਾ ਗਿਆ ਸੀ। ਸੀ. ਪੀ. ਮੁਤਾਬਕ ਸ਼ਹਿਰ 'ਚ ਕਿਸੇ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕਾਨਸ ਫ਼ਿਲਮ ਫੈਸਟੀਵਲ 'ਚ ਪਹਿਲੀ ਵਾਰ 'ਕੰਟਰੀ ਆਫ਼ ਆਨਰ' ਬਣੇਗਾ ਭਾਰਤ

"ਇਸ ਮਾਮਲੇ 'ਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਮੌਕੇ 'ਤੇ ਮੁਲਜ਼ਮਾਂ ਕੋਲ ਹਥਿਆਰ ਜ਼ਰੂਰ ਸਨ ਪਰ ਫਾਇਰਿੰਗ ਕਰਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ ਜਾ ਰਹੀ ਹੈ। ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਮੁਲਜ਼ਮਾਂ ਨੂੰ ਫੜ ਲਿਆ ਜਾਵੇਗਾ।" -ਐੱਸ. ਆਈ. ਆਕਾਸ਼ ਦੱਤ, ਐੱਸ. ਐੱਚ. ਓ. ਥਾਣਾ ਡਵੀਜ਼ਨ ਨੰ. 2

ਇਹ ਵੀ ਪੜ੍ਹੋ : ਦਿਨ-ਦਿਹਾੜੇ ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਇਲਾਕੇ 'ਚ ਫੈਲੀ ਸਨਸਨੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News