ਹੋਲੀ ਦੇ ਰੰਗ ’ਤੇ ਭਾਰੀ ਪੈਂਦੀ ਦਿੱਸ ਰਹੀ ਹੈ ਮੌਸਮ ਦੀ ਮਾਰ, ਚਾਈਨੀਜ਼ ਰੰਗ ਹੋਏ ਫਿੱਕੇ

03/10/2020 4:24:57 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) - ਭਾਵੇਂ ਰੰਗਾਂ ਦੇ ਤਿਉਹਾਰ ਹੋਲੀ ਨੂੰ ਲੈ ਕੇ ਸ਼ਹਿਰ ਦੇ ਬਾਜ਼ਾਰਾਂ ’ਚ ਰੰਗਾਂ ਅਤੇ ਪਿਚਕਾਰੀਆਂ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਸੱਜ ਚੁੱਕੀਆਂ ਹਨ ਪਰ ਇਸ ਵਾਰ ਚਾਈਨੀਜ਼ ਸਾਮਾਨ ਦੀ ਵਿਕਰੀ ’ਤੇ ਠੱਲ ਪੈਂਦੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ ਇਸ ਵਾਰ ਹੋਲੀ ਦੇ ਤਿਉਹਾਰ ’ਤੇ ਕੋਰੋਨਾ ਵਾਈਰਸ ਦਾ ਡਰ ਵੀ ਲੋਕਾਂ ’ਚ ਪਾਇਆ ਜਾ ਰਿਹਾ ਹੈ, ਜਿਸਦੇ ਚਲਦਿਆਂ ਜ਼ਿਆਦਾਤਰ ਲੋਕ ਸੁੱਕੇ ਰੰਗਾਂ ਦੀ ਖਰੀਦਦਾਰੀ ਕਰਦੇ ਵਿਖਾਈ ਦੇ ਰਹੇ ਹਨ। ਦੂਜੇ ਪਾਸੇ ਹਰ ਰੋਜ਼ ਬਦਲਦੇ ਮੌਸਮ ਦੇ ਮਿਜਾਜ਼ ਨੇ ਦੁਕਾਨਦਾਰਾਂ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਬਾਜ਼ਾਰ ਅੰਦਰ ਵੱਡੀ ਗਿਣਤੀ ’ਚ ਦੁਕਾਨਾਂ ’ਤੇ ਕਈ ਤਰ੍ਹਾਂ ਦੇ ਰੰਗ ਅਤੇ ਪਿਚਕਾਰੀਆਂ ਵੇਚਣ ਲਈ ਸਜਾਈਆਂ ਗਈਆਂ ਹਨ, ਜਿਨ੍ਹਾਂ ਨੂੰ ਖਰੀਦਣ ਲਈ ਬੱਚੇ, ਨੌਜਵਾਨ, ਕੁੜੀਆਂ ਅਤੇ ਆਮ ਲੋਕ ਆ ਰਹੇ ਹਨ ਪਰ ਇਸ ਵਾਰ ਮਾਰਚ ਦੇ ਮਹੀਨੇ ਵੀ ਠੰਡ ਪੈਣ ਕਾਰਨ ਪਹਿਲਾ ਵਾਲੀਆਂ ਰੌਣਕਾਂ ਵੇਖਣ ਨੂੰ ਨਹੀਂ ਮਿਲ ਰਹੀਆਂ। ਇਸੇ ਤਰ੍ਹਾਂ ਦੂਜੇ ਪਾਸੇ ਕਈ ਥਾਵਾਂ ’ਤੇ ਘਾਤਕ ਰੰਗ ਵੀ ਧੜੇਲੇ ਨਾਲ ਵਿਕ ਰਹੇ ਹਨ ਅਤੇ ਪ੍ਰਸ਼ਾਸਨ ਹਰ ਵਾਰ ਦੀ ਤਰ੍ਹਾਂ ਮੂਕ ਦਰਸ਼ਕ ਬਣਿਆ ਜਾਪਦਾ ਹੈ।

ਹੋਲੀ ਦੀ ਖਰੀਦਦਾਰੀ ਸ਼ੁਰੂ, ਨੋਟਬੰਦੀ ’ਤੇ ਜੀ. ਐੱਸ. ਟੀ. ਦਾ ਅਸਰ ਵੀ ਜਾਰੀ
ਹਰ ਵਾਰ ਦੀ ਤਰ੍ਹਾਂ ਇਸ ਵਾਰ ਹੋਲੀ ਦੇ ਤਿਉਹਾਰ ਦੇ ਕੁੱਝ ਦਿਨ ਪਹਿਲਾਂ ਤੋਂ ਹੀ ਸੋਸ਼ਲ ਮੀਡੀਏ ’ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾਂ ਲੱਗ ਗਿਆ ਹੈ। ਲੋਕ ਵੱਖ-ਵੱਖ ਸੋਸ਼ਲ ਸਾਈਟਾਂ ’ਤੇ ਆਪਣੇ ਸਨੇਹੀਆਂ, ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਰੰਗਾਂ ਭਰੀਆਂ ਫੋਟੋਆਂ ਸਮੇਤ ਹੋਲੀ ਦੀਆਂ ਵਧਾਈਆਂ ਦਿੰਦੇ ਦਿਖਾਈ ਦੇ ਰਹੇ ਹਨ। ਐਨਾ ਹੀ ਨਹੀਂ, ਹੋਲੀ ਦੇ ਮੱਦੇਨਜ਼ਰ ਬਾਜ਼ਾਰਾਂ ’ਚ ਚਹਿਲ ਪਹਿਲ ਵਧ ਗਈ ਹੈ। ਬੱਚਿਆਂ ਤੋਂ ਲੈ ਕੇ ਨੌਜਵਾਨ ਵੀ ਬਾਜ਼ਾਰਾਂ ’ਚੋਂ ਰੰਗ ਖਰੀਦ ਰਹੇ ਹਨ। ਸ਼ਹਿਰ ਦੇ ਕੁੱਝ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਲੋਕਾਂ ’ਚ ਹੋਲੀ ਦਾ ਚਾਅ ਕਾਫੀ ਦਿਖਾਈ ਦੇ ਰਿਹਾ ਹੈ, ਜਦੋਂਕਿ ਜੀ. ਐੱਸ. ਟੀ. ਤੇ ਨੋਟਬੰਦੀ ਦਾ ਅਸਰ ਕਿਤੇ-ਕਿਤੇ ਹੋਲੀ ’ਤੇ ਵੀ ਦਿਖਾਈ ਦੇ ਰਿਹਾ ਹੈ।

ਕੀ ਕਹਿਣਾ ਹੈ ਸਮਾਜ ਸੇਵੀ ਡੀ. ਆਰ. ਤਨੇਜਾ ਤੇ ਅਸ਼ੋਕ ਸ਼ਿਕਰੀ ਦਾ
ਇਸ ਸਵੰਧੀ ਸ਼ਹਿਰ ਦੇ ਸਮਾਜ ਸੇਵੀ ਡੀ. ਆਰ. ਤਨੇਜਾ ਤੇ ਅਸ਼ੋਕ ਸ਼ਿਕਰੀ ਨੇ ਕਿਹਾ ਕਿ ਹੋਲੀ ਦੇ ਤਿਉਹਾਰ ਦੌਰਾਨ ਭਾਰੀ ਮਾਤਰਾ ’ਚ ਪਾਣੀ ਦੀ ਬਰਬਾਦੀ ਕੀਤੀ ਜਾਂਦੀ ਹੈ। ਸਾਡਾ ਪੂਰਾ ਜੀਵਨ ਪਾਣੀ ’ਤੇ ਹੀ ਨਿਰਭਰ ਹੈ। ਪਾਣੀ ਦੀ ਇਕ-ਇਕ ਬੂੰਦ ਸਾਡੇ ਲਈ ਬੇਸ਼ਕੀਮਤੀ ਹੈ ਅਤੇ ਸਾਨੂੰ ਇਸ ਅਨਮੋਲ ਖਜ਼ਾਨੇ ਦੀ ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਪਾਣੀ ਵਾਲੇ ਰੰਗਾਂ ਦੀ ਵਰਤੋਂ ਕਰਨ ਦੀ ਬਜਾਏ ਸੁੱਕੇ ਗੁਲਾਲ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਕਿਸੇ ਤਰ੍ਹਾਂ ਦਾ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ ਅਤੇ ਜਲਦੀ ਉਤਰ ਜਾਂਦਾ ਹੈ।

ਕੀ ਕਹਿਣਾ ਹੈ ਅੱਖਾਂ ਦੀ ਮਾਹਿਰ ਡਾ. ਬਲਜੀਤ ਕੌਰ ਦਾ
ਇਸ ਸਬੰਧੀ ਜਦੋਂ ਅੱਖਾਂ ਦੇ ਮਾਹਿਰ ਡਾ. ਬਲਜੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਹੜੇ ਰੰਗ ਅੱਜ-ਕੱਲ ਮਾਰਕਿਟ ’ਚ ਆ ਰਹੇ ਉਨ੍ਹਾਂ ’ਚ ਐਨੇ ਭਿਆਨਕ ਕੈਮੀਕਲ ਹਨ, ਜਿਸ ਨਾਲ ਅੱਖਾਂ ’ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਕਈ ਵਾਰ ਤਾਂ ਇਨ੍ਹਾਂ ਰੰਗਾਂ ਦੇ ਅੱਖਾਂ ’ਚ ਪੈਣ ਨਾਲ ਕੁਝ ਲੋਕਾਂ ਦੀਆਂ ਅੱਖਾਂ ਦੀ ਰੋਸ਼ਨੀ ਵੀ ਚਲੀ ਜਾਂਦੀ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਲਈ ਬੇਰੰਗ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਕਤ ਚਾਈਨੀਜ਼ ਰੰਗਾਂ ਦੀ ਵਰਤੋਂ ਨਾਲ ਚਮੜੀ ਵੀ ਬੁਰੀ ਤਰ੍ਹਾਂ ਖਰਾਬ ਹੋ ਜਾਂਦੀ ਹੈ। ਉਨ੍ਹਾਂ ਲੋਕਾਂ ਨੂੰ ਕੋਰੋਨਾ ਵਾਈਰਸ ਤੋਂ ਬਚਣ ਲਈ ਸੁੱਕੇ ਰੰਗਾਂ ਦੀ ਵਰਤੋਂ ਕੀਤੇ ਜਾਣ ਦੀ ਗੱਲ ਆਖੀ ਹੈ।


rajwinder kaur

Content Editor

Related News