ਰੇਲਵੇ ਸਟੇਸ਼ਨ ’ਤੇ ਲਾਗੂ ਹੋਇਆ ਹਾਈ ਅਲਰਟ
Monday, Nov 19, 2018 - 01:16 AM (IST)
ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ‘ਜਗ ਬਾਣੀ’ ’ਚ ਲੱਗੀ ਖਬਰ ‘ਕਾਗਜ਼ਾਂ ਤੱਕ ਹੀ ਸੀਮਤ ਹੈ ਬਰਨਾਲਾ ਰੇਲਵੇ ਸਟੇਸ਼ਨ ’ਤੇ ਹਾਈ ਅਲਰਟ’ ਦਾ ਉਸ ਸਮੇਂ ਅਸਰ ਦੇਖਣ ਨੂੰ ਮਿਲਿਆ ਜਦੋਂ ਅੱਜ ਸਵੇਰ ਤੋਂ ਹੀ ਰੇਲਵੇ ਪੁਲਸ ਕਰਮਚਾਰੀ ਰੇਲਵੇ ਸਟੇਸ਼ਨ ’ਤੇ ਆਪਣੀ ਡਿਊਟੀ ’ਤੇ ਤਾਇਨਾਤ ਨਜ਼ਰ ਆਏ। ਰੇਲਵੇ ਪੁਲਸ ਕਰਮਚਾਰੀ ਰੇਲਵੇ ਸਟੇਸ਼ਨ ’ਤੇ ਘੁੰਮ-ਫਿਰ ਕੇ ਚਾਰੇ-ਪਾਸੇ ਨਜ਼ਰ ਰੱਖ ਰਹੇ ਸਨ ਅਤੇ ਕੁਝ ਪੁਲਸ ਕਰਮਚਾਰੀ ਰੇਲਵੇ ਸਟੇਸ਼ਨ ’ਤੇ ਆਉਣ ਵਾਲੇ ਵਿਅਕਤੀਆਂ ਦੇ ਸਾਮਾਨ ਦੀ ਤਲਾਸ਼ੀ ਵੀ ਕਰ ਰਹੇ ਸਨ ਤਾਂ ਕਿ ਕੋਈ ਵੀ ਸ਼ੱਕੀ ਵਿਅਕਤੀ ਕੋਈ ਸ਼ੱਕੀ ਵਸਤੂ ਰੇਲਵੇ ਸਟੇਸ਼ਨ ’ਤੇ ਨਾ ਲਿਆ ਸਕੇ। ਜ਼ਿਕਰਯੋਗ ਹੈ ਕਿ ਖੁਫੀਆ ਏਜੰਸੀਆਂ ਨੇ ਪੰਜਾਬ ’ਚ ਕੁਝ ਅੱਤਵਾਦੀਆਂ ਦੇ ਘੁਸਪੈਠ ਕਰਨ ਦੀ ਸੂਚਨਾ ਦਿੱਤੀ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਪੰਜਾਬ ’ਚ ਹਾਈ ਅਲਰਟ ਘੋਸ਼ਿਤ ਕੀਤਾ ਹੋਇਆ ਹੈ। ਖੁਫੀਆ ਏਜੰਸੀਆਂ ਦੀ ਸੂਚਨਾ ਦੀ ਪੁਸ਼ਟੀ ਉਸ ਸਮੇਂ ਹੋਈ ਜਦੋਂ ਅੱਜ ਅੰਮ੍ਰਿਤਸਰ ਜ਼ਿਲੇ ’ਚੋਂ ਇਹ ਖਬਰ ਆਈ ਕਿ ਦੋ ਸ਼ੱਕੀ ਵਿਅਕਤੀਆਂ ਨੇ ਨਿਰੰਕਾਰੀ ਸਤਿਸੰਗ ਭਵਨ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਖਬਰ ਲਿਖੇ ਜਾਣ ਤੱਕ ਤਿੰਨ ਵਿਅਕਤੀਆਂ ਦੀ ਮੌਤ ਅਤੇ ਕਰੀਬ 20 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।
ਹਾਈ ਅਲਰਟ ਦੇ ਬਾਵਜੂਦ ਵੀ ਬੀਤੇ ਦਿਨੀਂ ਬਰਨਾਲਾ ਰੇਲਵੇ ਸਟੇਸ਼ਨ ’ਤੇ ਇਕ ਵੀ ਪੁਲਸ ਕਰਮਚਾਰੀ ਆਪਣੀ ਡਿਊਟੀ ’ਤੇ ਤਾਇਨਾਤ ਨਹੀਂ ਸੀ ਅਤੇ ਆਮ ਲੋਕ ਰੇਲਵੇ ਸਟੇਸ਼ਨ ’ਤੇ ਆ ਜਾ ਰਹੇ ਸਨ, ਜਿਸ ਕਾਰਨ ਰੇਲਵੇ ਸਟੇਸ਼ਨ ਅਤੇ ਸ਼ਹਿਰ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਗਿਆ ਸੀ, ਜਿਸ ਨੂੰ ‘ਜਗ ਬਾਣੀ’ ਨੇ ਪ੍ਰਮੁੱਖਤਾ ਨਾਲ ਛਾਪਿਆ ਸੀ। ਖਬਰ ਲੱਗਣ ਤੋਂ ਬਾਅਦ ਇਸ ਦਾ ਫੌਰੀ ਤੌਰ ’ਤੇ ਅਸਰ ਦੇਖਣ ਨੂੰ ਮਿਲਿਆ ਅਤੇ ਰੇਲਵੇ ਪੁਲਸ ਕਰਮਚਾਰੀ ਰੇਲਵੇ ਸਟੇਸ਼ਨ ’ਤੇ ਆਪਣੀ ਡਿਊੁਟੀ ਕਰਦੇ ਨਜ਼ਰ ਆਏ।
