ਮੁੱਖ ਦਫ਼ਤਰ ਤੋਂ ਸਮੱਸਿਆ ਦੇਖਣ ਪਹੁੰਚੇ ਚੀਫ਼ ਇੰਜੀਨੀਅਰ ਨੂੰ ਵੀ ਲੋਕਾਂ ਸੁਣਾਈਆਂ ਖਰੀਆਂ-ਖਰੀਆਂ

09/22/2020 4:09:29 PM

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਸ੍ਰੀ ਮੁਕਤਸਰ ਸਾਹਿਬ ਦੇ ਕਈ ਮੁਹੱਲਿਆਂ 'ਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਜਿਸ ਕਾਰਨ ਇਨ੍ਹਾਂ ਮੁਹੱਲਿਆਂ ਦੇ ਲੋਕ ਡਾਹਢੇ ਪ੍ਰੇਸ਼ਾਨ ਹਨ। ਸਥਾਨਕ ਮੋੜ ਰੋਡ, ਸੁਭਾਸ਼ ਨਗਰ, ਸੁੰਦਰ ਨਗਰ, ਡੀ.ਏ.ਵੀ. ਸਕੂਲ ਦੇ ਨੇੜੇ ਦਾ ਖੇਤਰ, ਭੱਠੇ ਵਾਲੀ ਗਲੀ, ਬਾਵਾ ਕਾਲੋਨੀ ਆਦਿ ਕਈ ਅਜਿਹੇ ਇਲਾਕੇ ਹਨ, ਜਿੱਥੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋਇਆ ਹੈ। ਬੀਤੇ ਦਿਨੀਂ ਇਸ ਸਬੰਧੀ ਲੋਕਾਂ ਵਲੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਦਫ਼ਤਰ ਸਾਹਮਣੇ ਧਰਨਾ ਵੀ ਦਿੱਤਾ ਗਿਆ ਸੀ। ਇਸ ਉਪਰੰਤ ਜਦ ਵਿਭਾਗ ਨੀਂਦ ਤੋਂ ਜਾਗਿਆ ਅਤੇ ਵਿਭਾਗ ਦੇ ਐਕਸੀਅਨ ਪੀ.ਐੱਸ ਧੰਜੂ ਮੋੜ ਰੋਡ ਤੇ ਹਾਲਤ ਵੇਖਣ ਪਹੁੰਚੇ ਤਾਂ ਲੋਕਾਂ ਨੇ ਖਰੀਆਂ ਖਰੀਆਂ ਸੁਣਾਈਆ। ਜਿਸ ਸਬੰਧੀ ਖਬਰਾਂ ਪ੍ਰਕਾਸ਼ਿਤ ਹੋਈਆ ਅਤੇ ਇਸ ਦੌਰਾਨ ਇਸ ਇਲਾਕੇ ਦੇ ਕੌਂਸਲਰ ਸੁਖਦੇਵ ਸਿੰਘ ਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਵਿਭਾਗ ਦੇ ਦਫ਼ਤਰ ਸਾਹਮਣੇ ਲੋਕਾਂ ਖਾਤਰ ਆਤਮ ਹੱਤਿਆ ਕਰਨ ਲਈ ਮਜਬੂਰ ਹੋਣਗੇ। ਅੱਜ ਜਲ ਸਪਲਾਈ ਅਤੇ ਸੀਵਰੇਜ ਵਿਭਾਗ ਦੇ ਚੀਫ਼ ਇੰਜੀਨੀਅਰ ਐੱਚ.ਪੀ.ਐੱਸ ਢਿੱਲੋਂ ਮੋੜ ਰੋਡ ਵਿਖੇ ਸਮੱਸਿਆ ਨੂੰ ਵੇਖਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ।

PunjabKesari

ਇਸ ਮੌਕੇ ਹਾਜ਼ਰ ਕੌਂਸਲਰ ਸੁਖਦੇਵ ਸਿੰਘ, ਮਨਿੰਦਰ ਸਿੰਘ ਮਹਿੰਦੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਬੇਦੀ, ਬਿੰਦਰ ਗੋਨਿਆਣਾ, ਬਲਵਿੰਦਰ ਸਿੰਘ ਬਿੰਦਰ, ਧਰਮਿੰਦਰ ਸਿੰਘ, ਤਾਰਾ ਸਿੰਘ, ਸਤੀਸ਼ ਕੁਮਾਰ, ਹਰਜੀਤ ਸਿੰਘ, ਮਾਇਆ ਦੇਵੀ, ਰਾਜ ਰਾਣੀ ਆਦਿ ਨੇ ਚੀਫ਼ ਇੰਜੀਨੀਅਰ ਨੂੰ ਦੱਸਿਆ ਕਿ ਬੀਤੇ ਕਰੀਬ 6 ਮਹੀਨਿਆਂ ਤੋਂ ਇਸ ਇਲਾਕੇ ਵਿਚ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੋਇਆ ਹੈ। ਸ਼ਹਿਰ ਦੇ ਕਈ ਖੇਤਰਾਂ ਦਾ ਇਹੀ ਹਾਲ ਹੈ ਪਰ ਵਿਭਾਗ ਦੇ ਸਥਾਨਕ ਅਧਿਕਾਰੀ ਸਿਰਫ਼ ਕਾਗਜ਼ਾਂ 'ਚ ਹੀ ਕੰਮ ਕਰ ਰਹੇ ਹਨ ਜਦਕਿ ਜ਼ਮੀਨੀ ਪੱਧਰ ਤੇ ਲੋਕ ਬਹੁਤ ਦੁੱਖੀ ਹਨ। ਇਸ ਸਬੰਧ ਵਿਚ ਵਿਭਾਗ ਦੇ ਸਥਾਨਕ ਅਧਿਕਾਰੀਆਂ ਨੂੰ ਉਹ ਕਈ ਵਾਰ ਮਿਲ ਚੁੱਕੇ ਹਨ ਅਤੇ ਧਰਨੇ ਪ੍ਰਦਰਸ਼ਨ ਤੱਕ ਕਰ ਚੁੱਕੇ ਹਨ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਹੋ ਰਿਹਾ।

PunjabKesari

ਲੋਕਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਚੀਫ਼ ਇੰਜੀਨੀਅਰ ਐੱਚ.ਪੀ.ਐੱਸ ਢਿੱਲੋਂ ਨੇ ਕਿਹਾ ਕਿ ਉਹ ਅੱਜ ਇਸੇ ਲਈ ਆਪ ਆਏ ਹਨ ਕਿ ਸਮੱਸਿਆ ਨੂੰ ਆਪ ਜਾਣ ਸਕਣ ਅਤੇ ਉਨ੍ਹਾਂ ਨੂੰ ਇਸ ਖੇਤਰ ਵਿਚ ਆ ਕੇ ਆਪ ਮਹਿਸੂਸ ਹੋਇਆ ਕਿ ਲੋਕ ਸੀਵਰੇਜ ਦੇ ਪੱਖ ਤੋਂ ਸਮੱਸਿਆ ਵਿਚ ਹਨ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਫੌਰੀ ਹੱਲ ਮੋੜ ਰੋਡ ਤੇ ਮੋਟਰ ਲਾ ਕੇ ਸ਼ੁਰੂ ਕਰ ਦਿੱਤੇ ਜਾਣਗੇ ਅਤੇ ਪੁਖਤਾ ਹੱਲ ਵੀ ਆਉਣ ਵਾਲੇ ਦਿਨਾਂ ਵਿਚ ਹਰ ਹਾਲਤ ਵਿਚ ਹੋਵੇਗਾ। ਉਨ੍ਹਾਂ ਕਿਹਾ ਕਿ ਜਦ ਤੱਕ ਸਮੱਸਿਆ ਦਾ ਪੂਰਾ ਹੱਲ ਨਹੀਂ ਹੁੰਦਾ ਉਹ ਆਪ ਸਥਾਨਕ ਲੋਕਾਂ ਨਾਲ ਜੁੜ ਕੇ ਰਹਿਣਗੇ ਤਾਂ ਜੋ ਸਮੱਸਿਆ ਦਾ ਪੂਰਾ ਹੱਲ ਹੋ ਸਕੇ।ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਚ ਸਾਰੀ ਰਿਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਦੇਣਗੇ ਅਤੇ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। 

PunjabKesari

ਤੁਹਾਡਾ ਐਕਸੀਅਨ ਸਿਰਫ਼ ਮਿੱਠੀਆਂ ਗੋਲੀਆਂ ਦਿੰਦਾ ਸਾਬ੍ਹ
ਜਦ ਚੀਫ਼ ਇੰਜੀਨੀਅਰ ਸਥਾਨਕ ਡੀ.ਏ.ਵੀ ਸਕੂਲ ਦੇ ਨੇੜਲੇ ਇਲਾਕੇ ਵਿਚ ਪਹੁੰਚੇ ਤਾਂ ਲੋਕਾਂ ਨੇ ਕਿਹਾ ਕਿ ਸਥਾਨਕ ਐਕਸੀਅਨ ਕਿਉਂ ਨਾਲ ਨਹੀਂ ਆਏ ਜਦ ਉਨ੍ਹਾਂ ਦੇ ਬਾਹਰ ਹੋਣ ਬਾਰੇ ਅਧਿਕਾਰੀਆਂ ਦੱਸਿਆ ਤਾਂ ਮੁਹੱਲਾ ਵਾਸੀ ਇਕ ਬਜ਼ੁਰਗ ਬੋਲਿਆ ਐਕਸੀਅਨ ਧੰਜੂ ਵਲੋਂ ਸਿਰਫ਼ ਮਿੱਠੀਆਂ ਗੋਲੀਆਂ ਰੂਪੀ ਲਾਰੇ ਲਾਏ ਜਾ ਰਹੇ ਹਨ ਜਦਕਿ ਜ਼ਮੀਨੀ ਪੱਧਰ ਤੇ ਕੁਝ ਨਹੀਂ ਕੀਤਾ ਜਾ ਰਿਹਾ। ਲੋਕਾਂ ਨੇ ਕਿਹਾ ਕਿ ਉਹ ਕੋਲੋਂ ਪੈਸੇ ਦੇ ਦਿੰਦੇ ਹਨ ਪਰ ਵਿਭਾਗ ਮੋਟਰਾਂ ਲਵਾ ਕੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰੇ।


Shyna

Content Editor

Related News