ਕਰਜ਼ਾ ਮੁਆਫ਼ੀ ਘਪਲੇ ’ਤੇ ਪਰਦਾ ਪਾਉਣ ਲਈ ਕੈਪਟਨ ‘ਆਪ’ ਖ਼ਿਲਾਫ ਕਰ ਰਹੇ ਬੇਤੁਕੀ ਬਿਆਨਬਾਜ਼ੀ : ਹਰਪਾਲ ਚੀਮਾ

Saturday, Jul 17, 2021 - 07:44 PM (IST)

ਚੰਡੀਗੜ੍ਹ (ਬਿਊਰੋ)-ਕੈਪਟਨ ਅਮਰਿੰਦਰ ਸਿੰਘ ਆਪਣੀਆਂ ਨਾਕਾਮੀਆਂ ਛੁਪਾਉਣ ਅਤੇ ਭਾਜਪਾ ਤੇ ਬਾਦਲਾਂ ਨਾਲ ਸਾਂਝੇਦਾਰੀ ਨਿਭਾਉਣ ਲਈ ਆਮ ਆਦਮੀ ਪਾਰਟੀ ਬਾਰੇ ਬੇਤੁਕੀ ਬਿਆਨਬਾਜ਼ੀ ਕਰ ਰਹੇ ਹਨ। ਇਹ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਦੇ ਨੂੰ ਉਲਝਾਉਣ ਦੀ ਥਾਂ ਕਿਸਾਨਾਂ ਅਤੇ ਮਜ਼ਦੂਰਾਂ ਦੀ ਕਰਜ਼ਾ ਮੁਆਫੀ ਦੇ ਨਾਂ ’ਤੇ ਕੀਤੇ ਘਪਲਿਆਂ ਬਾਰੇ ਸਥਿਤੀ ਸਪੱਸ਼ਟ ਕਰਨ। ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਹਿਲੇ ਦਿਨ ਤੋਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਨਾਲ ਖੜ੍ਹੀ ਹੈ ਅਤੇ ਪਾਰਟੀ ਨੇ ਨਰਿੰਦਰ ਮੋਦੀ ਸਰਕਾਰ ਵੱਲੋਂ ਥੋਪੇ ਕਾਲੇ ਖੇਤੀਬਾੜੀ ਕਾਨੂੰਨਾਂ ਦਾ ਸੰਸਦ ’ਚ ਅਤੇ ਸੜਕਾਂ ’ਤੇ ਸ਼ਰੇਆਮ ਵਿਰੋਧ ਕੀਤਾ ਹੈ।

ਇਹ ਵੀ ਪੜ੍ਹੋ : ਇਟਲੀ : ਪਰਿਵਾਰ ਨੂੰ ਵਿਦੇਸ਼ ਘੁਮਾਉਣ ਦੇ ਸੁਫ਼ਨੇ ਰਹਿ ਗਏ ਅਧੂਰੇ, ਸੜਕ ਹਾਦਸੇ ’ਚ ਪੰਜਾਬੀ ਵਿਅਕਤੀ ਦੀ ਮੌਤ

ਉਨ੍ਹਾਂ ਕਿਹਾ ਕਿ ਅੱਜ ਵੀ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਸਾਨਾਂ ਵੱਲੋਂ ਜਾਰੀ ‘ਪੀਪਲਜ ਵ੍ਹਿਪ’ ਦਾ ਸਵਾਗਤ ਕੀਤਾ ਹੈ ਅਤੇ ਸਾਰੇ ਸੰਸਦ ਮੈਂਬਰਾਂ ਨੂੰ ਸੰਸਦ ਅੰਦਰ ਕਿਸਾਨਾਂ ਦੀ ਆਵਾਜ਼ ਬੁਲੰਦ ਕਰ ਕੇ ਕਾਲੇ ਖੇਤੀ ਕਾਨੂੰਨ ਵਾਪਸ ਕਰਾਉਣ ਲਈ ਬੇਨਤੀ ਵੀ ਕੀਤੀ ਹੈ। ਚੀਮਾ ਨੇ ਅੱਗੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਵਿਚਲੀ ਕੇਜਰੀਵਾਲ ਸਰਕਾਰ ਨੇ ਅਦਾਲਤਾਂ ’ਚ ਚੱਲ ਰਹੇ ਕਿਸਾਨਾਂ ਦੇ ਕੇਸਾਂ ’ਚ ਆਪਣੇ ਵਕੀਲ ਭੇਜਣ ਦਾ ਫੈਸਲਾ ਕੀਤਾ ਹੈ ਤਾਂ ਜੋ ਅਦਾਲਤ ’ਚ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਜਾਵੇ।

ਇਹ ਵੀ ਪੜ੍ਹੋ : ਯੂ. ਕੇ. ’ਚ ਕੋਰੋਨਾ ਮੁੜ ਮਚਾ ਰਿਹਾ ਕਹਿਰ, ਵੱਡੀ ਗਿਣਤੀ ਮਾਮਲੇ ਆ ਰਹੇ ਸਾਹਮਣੇ

ਕਰਜ਼ਾ ਮੁਆਫੀ ਦੇ ਮੁੱਦੇ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਆਲੋਚਨਾ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਸਰਕਾਰ ਸਾਢੇ ਚਾਰ ਸਾਲਾਂ ਤੋਂ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੇ ਫੈਸਲੇ ਹੀ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ 2 ਲੱਖ 85 ਹਜ਼ਾਰ ਤੋਂ ਵੱਧ ਖੇਤ ਮਜ਼ਦੂਰਾਂ ਅਤੇ ਬੇਜ਼ਮੀਨੇ ਕਿਸਾਨਾਂ ਦਾ 590 ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰਨ ਦਾ ਐਨਾਨ ਕੀਤਾ, ਜਦਕਿ ਇਸ ਕਰਜ਼ਾ ਮੁਆਫੀ ਦੇ ਨਾਂ ’ਤੇ ਕੈਪਟਨ ਸਰਕਾਰ ਨੇ ਮੰਡੀ ਬੋਰਡ ਤੋਂ 700 ਕਰੋੜ ਇੱਕਠੇ ਕੀਤੇ ਹਨ। ਇੱਕ ਸਰਵੇਖਣ ਦੀ ਰਿਪੋਰਟ ਅਨੁਸਾਰ ਸੂਬੇ ’ਚ ਇੱਕ ਖੇਤ ਮਜ਼ਦੂਰ ਪਰਿਵਾਰ ਦੇ ਸਿਰ 77,000 ਰੁਪਏ ਦਾ ਕਰਜ਼ਾ ਹੈ ਪਰ ਕਾਂਗਰਸ ਸਰਕਾਰ ਨੇ ਇੱਕ ਖੇਤ ਮਜ਼ਦੂਰ ਪਰਿਵਾਰ ਦਾ ਸਿਰਫ 20,000 ਰੁਪਏ ਦਾ ਕਰਜ਼ਾ ਹੀ ਮੁਆਫ ਕੀਤਾ। ਇਸ ਤਰ੍ਹਾਂ ਮਜ਼ਦੂਰ ਪਰਿਵਾਰ ਦੇ ਸਿਰ ’ਤੇ ਤਕਰੀਬਨ 57,000 ਰੁਪਏ ਦੇ ਕਰਜ਼ੇ ਦੀ ਤਲਵਾਰ ਲਟਕੀ ਰਹੇਗੀ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਸਰਕਾਰ ਨੇ ਕਿਸਾਨਾਂ ਦੇ ਕਰਜ਼ਾ ਮੁਆਫੀ ਬਾਰੇ ਗੋਂਗਲੂਆਂ ਤੋਂ ਮਿੱਟੀ ਝਾੜਨ ਦਾ ਹੀ ਕੰਮ ਕੀਤਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਕਰਜ਼ਾ ਮੁਆਫੀ ਦੇ ਨਾਂ ’ਤੇ 9500 ਕਰੋੜ ਰੁਪਏ ਕਰਜ਼ਾ ਲਿਆ ਹੈ ਪਰ ਕਿਸਾਨਾਂ ਦਾ ਅੱਧਾ ਕਰਜ਼ਾ ਵੀ ਮੁਆਫ ਨਹੀਂ ਕੀਤਾ।
 


Manoj

Content Editor

Related News