ਗੁਰਦਾਸ ਬਾਦਲ ਦੀ ਸਿਹਤ ''ਚ ਸੁਧਾਰ: ਹਨੀ ਫੱਤਣਵਾਲਾ

Friday, Jan 11, 2019 - 12:52 PM (IST)

ਗੁਰਦਾਸ ਬਾਦਲ ਦੀ ਸਿਹਤ ''ਚ ਸੁਧਾਰ: ਹਨੀ ਫੱਤਣਵਾਲਾ

ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ) - ਸਾਬਕਾ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ, ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਦਿਲ ਦਾ ਦੌਰਾ ਪਿਆ ਸੀ, ਦੀ ਸਿਹਤ 'ਚ ਸੁਧਾਰ ਆ ਗਿਆ ਹੈ। ਉਨ੍ਹਾਂ ਨੂੰ 4 ਦਿਨ ਪਹਿਲਾਂ ਪੀ. ਜੀ. ਆਈ. ਵਿਖੇ ਦਾਖਲ ਕਰਵਾਇਆ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਦੱਸਿਆ ਕਿ ਉਹ 3 ਦਿਨ ਪੀ. ਜੀ. ਆਈ. 'ਚ ਇਲਾਜ ਕਰਵਾਉਣ ਤੋਂ ਬਾਅਦ ਸ੍ਰੀ ਮੁਕਤਸਰ ਸਾਹਿਬ ਪਰਤੇ ਹਨ।

ਉਨ੍ਹਾਂ ਦੱਸਿਆ ਕਿ ਗੁਰਦਾਸ ਬਾਦਲ ਦੀ ਸਿਹਤ 'ਚ ਕਾਫ਼ੀ ਸੁਧਾਰ ਹੋਣ ਕਾਰਨ ਉਨ੍ਹਾਂ ਨੂੰ ਹੁਣ ਆਈ. ਸੀ. ਯੂ. 'ਚ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਗੁਰਦਾਸ ਬਾਦਲ ਇਸ ਸਮੇਂ ਆਈ. ਸੀ. ਯੂ. 'ਚ ਹਨ ਅਤੇ ਉਨ੍ਹਾਂ ਨੂੰ 4 ਦਿਨ ਬਾਅਦ ਪ੍ਰਾਈਵੇਟ ਰੂਮ 'ਚ ਸ਼ਿਫ਼ਟ ਕੀਤਾ ਜਾਵੇਗਾ। ਉਨ੍ਹਾਂ ਦਾ ਇਲਾਜ ਦਿਲ ਦੇ ਰੋਗਾਂ ਦੇ ਮਾਹਿਰ ਡਾ. ਰੋਹਿਤ ਮਨੋਜ ਵਲੋਂ ਕੀਤਾ ਜਾ ਰਿਹਾ ਹੈ। ਹਨੀ ਫੱਤਣਵਾਲਾ ਨੇ ਦੱਸਿਆ ਕਿ ਦੂਜੇ ਦਿਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਵੱਡੇ ਭਰਾ ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦਾ ਪਤਾ ਲੈਣ ਲਈ ਪੁੱਜੇ ਅਤੇ ਉੱਥੇ 2 ਘੰਟੇ ਰੁਕੇ। ਉਨ੍ਹਾਂ ਕਿਹਾ ਕਿ ਅਸੀਂ ਹਰ ਸਮੇਂ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਰਹਾਂਗੇ।


author

rajwinder kaur

Content Editor

Related News