ਪੇਂਡੂ ਖੇਤਰ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਲੀਆਂ ਸਰਕਾਰੀ ਸਕੀਮਾਂ ਸਿਰਫ਼ ਕਾਗਜ਼ਾਂ ਤੱਕ

02/09/2021 3:50:29 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ(ਸੁਖਪਾਲ ਢਿੱਲੋਂ/ਪਵਨ ਤਨੇਜਾ)-ਪੇਂਡੂ ਖੇਤਰ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਾਲੀਆਂ ਸਰਕਾਰੀ ਸਕੀਮਾਂ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਹੋ ਕੇ ਰਹਿ ਜਾਂਦਾਂ ਹੈ ਤੇ ਸਿਆਸੀ ਪਾਰਟੀਆਂ ਦੇ ਨੇਤਾਵਾਂ ਵੱਲੋਂ ਪੇਂਡੂਆਂ ਨਾਲ ਕੀਤੇ ਗਏ ਵਾਅਦੇ ਵੀ ਵਫ਼ਾ ਨਹੀਂ ਹੁੰਦੇ। ਜਿਸ ਕਰਕੇ ਪਿੰਡਾਂ ਵਿਚ ਰਹਿਣ ਵਾਲੇ ਬਸ਼ਿੰਦਿਆਂ ਦਾ ਹੁਣ ਵੀ ਉਹੋ ਹੀ ਹਾਲ ਹੈ। ਜੋ ਅਜਾਦੀ ਤੋਂ ਪਹਿਲਾਂ ਹੁੰਦਾ ਸੀ। ਖ਼ਾਸ ਕਰਕੇ ਦੂਰ-ਦੁਰਾਂਡੇ ਵਾਲੇ ਅਤੇ ਪੱਛੜੇ ਹੋਏ ਪਿੰਡਾਂ ਵੱਲ ਸਮੇਂ ਦੀਆਂ ਸਰਕਾਰਾਂ ਨੇ ਬਿਲਕੁਲ ਧਿਆਨ ਹੀ ਨਹੀਂ ਦਿੱਤਾ ਤੇ ਅਜਿਹੇ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਨੂੰ ਅੱਜ ਤੱਕ ਲੋੜੀਦੀਆਂ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲ ਸਕੀਆ। ਅਜਿਹੇ ਹੀ ਪਿੰਡਾਂ ਵਿਚੋਂ ਇਸ ਖੇਤਰ ਦਾ ਇਕ ਪਿੰਡ ਹੈ ਕੌੜਿਆਵਾਲੀ ਉਰਫ਼ ਚੱਕ ਮਦਰੱਸਾ। ਜਿਥੇ ਅਨੇਕਾਂ ਘਾਟਾ ਰੜਕ ਰਹੀਆਂ ਹਨ ਤੇ ਬਹੁਤ ਸਾਰੀਆਂ ਸਮੱਸਿਆਵਾਂ ਹਨ ਪਰ ਸਰਕਾਰਾਂ ਨੇ ਇਸ ਪਿੰਡ ਨੂੰ ਹਮੇਸ਼ਾ ਹੀ ਅੱਖੋ-ਪਰੋਖੇ ਕਰੀ ਰੱਖਿਆ ਹੈ।

ਨਹਿਰੀ ਪਾਣੀ ਦੀ ਵੱਡੀ ਘਾਟ ਨੇ ਇਸ ਪਿੰਡ ਦੀ ਕਿਸਾਨੀ ਨੂੰ ਰਗੜ ਕੇ ਰੱਖ ਦਿੱਤਾ ਹੈ ਕਿਉਂਕਿ ਪਾਣੀ ਤੋਂ ਬਿਨਾਂ ਫ਼ਸਲਾਂ ਨਹੀਂ ਹੁੰਦੀਆਂ ਤੇ ਜਮੀਨਾਂ ਖਾਲੀ ਰਹਿ ਜਾਂਦੀਆਂ ਹਨ। ਇਥੋਂ ਦੇ ਕਿਸਾਨਾਂ ਦੀ ਜਮੀਨ ਟੇਲਾਂ ਤੇ ਪੈਦੀ ਹੈ ਤੇ ਸ਼ੁਰੂ ਤੋਂ ਹੀ ਨਹਿਰੀ ਪਾਣੀ ਦੀ ਘਾਟ ਹੈ। ਅਜੇ ਤਾਂ  ਨੇੜਿਓਂ ਲੰਘਦੀ ਚੰਦ ਭਾਨ ਡਰੇਨ ਦੇ ਪਾਣੀ ਕਿਸਾਨਾਂ ਨੂੰ ਬਚਾਈ ਖੜ੍ਹਾ ਹੈ। ਜ਼ਮੀਨ ਦਾ ਕੁੱਲ ਰਕਬਾ 1853 ਏਕੜ ਹੈ ਪਰ ਇਸ ਵਿਚੋਂ ਕਰੀਬ 500 ਏਕੜ ਜ਼ਮੀਨ ਪਾਣੀ ਦੀ ਘਾਟ ਦੇ ਕਾਰਨ ਬੰਜਰ ਬਣ ਰਹੀ ਹੈ ਤੇ ਫ਼ਸਲਾਂ ਨਹੀਂ ਹੁੰਦੀਆ। ਗ੍ਰਾਂਮ ਪੰਚਾਇਤ ਦੀ 26 ਏਕੜ ਜ਼ਮੀਨ ਵੀ ਬਿਲਕੁਲ ਬੇਕਾਰ ਪਈ ਹੈ। ਕਿਸਾਨ ਵਰਗ ਬੇਹੱਦ ਪ੍ਰੇਸ਼ਾਨ ਹੈ ਤੇ ਜ਼ਮੀਨਾਂ ਬੇ-ਅਦਾਬ ਪਈਆਂ ਹਨ। ਲਗਭਗ 2300 ਦੀ ਆਬਾਦੀ ਵਾਲੇ ਉਕਤ ਪਿੰਡ ਵਿਚ 1200 ਵੋਟਰ ਹਨ। 

ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਦੇ ਉੱਚ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਮੁਸ਼ਕਿਲਾਂ ਨਾਲ ਜੂਝ ਰਹੇ ਉਕਤ ਪਿੰਡ ਦੀ ਤੁਰੰਤ ਸਾਰ ਲਈ ਜਾਵੇ ਤੇ ਸਾਰੀਆ ਘਾਟਾਂ ਨੂੰ ਦੂਰ ਕਰਕੇ ਪਿੰਡ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾਵੇ। ਭਾਵੇਂ ਸਰਕਾਰ ਇਕ ਪਾਸੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੀਆਂ ਗੱਲਾਂ ਕਰਦੀ ਹੈ ਪਰ ਕੌੜਿਆਂਵਾਲੀ ਪਿੰਡ 'ਚ ਅਜੇ ਤੱਕ ਸਰਕਾਰੀ ਸਿਹਤ ਡਿਸਪੈਂਸਰੀ ਹੀ ਨਹੀਂ ਹੈ। ਇਸ ਤਰ੍ਹਾਂ ਪਸ਼ੂਆਂ ਦੇ ਇਲਾਜ ਲਈ ਪਸ਼ੂ ਹਸਪਤਾਲ ਨਹੀਂ ਹੈ। ਬਿਮਾਰ ਹੋਏ ਪਸ਼ੂਆਂ ਦਾ ਇਲਾਜ ਕਰਵਾਉਣਾ ਔਖਾ ਹੈ। ਪਿੰਡ ਵਾਸੀਆਂ ਦੀ ਮੰਗ ਹੈ ਕਿ ਇਥੇ ਸਿਹਤ ਡਿਸਪੈਂਸਰੀ ਅਤੇ ਪਸ਼ੂ ਹਸਪਤਾਲ ਬਣਾਇਆ ਜਾਵੇ। ਪਿੰਡ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਤੇ ਸਰਕਾਰੀ ਮਿਡਲ ਸਕੂਲ ਹੀ ਚੱਲ ਰਹੇ ਹਨ ਤੇ ਇਸ ਤੋਂ ਅੱਗੇ ਪੜ੍ਹਾਈ ਕਰਨ ਲਈ ਬੱਚਿਆਂ ਨੂੰ ਲੱਖੇਵਾਲੀ, ਰਾਮਗੜ੍ਹ ਚੂੰਘਾਂ, ਭਾਗਸਰ ਅਤੇ ਹੋਰਨਾਂ ਪਿੰਡਾਂ ਦੇ ਸਕੁਲਾਂ ਵਿਚ ਜਾਣਾ ਪੈਂਦਾ ਹੈ। ਜਿਸ ਕਰਕੇ ਕਈ ਬੱਚੇ ਪਡ਼੍ਹਾਈ ਤੋਂ ਵਾਂਝੇ ਵੀ ਰਹਿ ਜਾਂਦੇ ਹਨ ਤੇ ਖ਼ਾਸ ਕਰਕੇ ਲੜਕੀਆਂ ਲਈ ਬਾਹਰਲੇ ਪਿੰਡਾਂ ਵਿਚ ਜਾਣਾ ਬਹੁਤ ਔਖਾ ਹੈ। ਪਿੰਡ ਵਿਚ ਘੱਟੋਂ-ਘੱਟ ਦਸਵੀਂ ਤੱਕ ਸਕੂਲ ਬਣਾਇਆ ਜਾਵੇ। ਪਿੰਡ ਵਿਚ ਧਰਤੀ ਹੇਠਲਾਂ ਪਾਣੀ ਪੀਣ ਯੋਗ ਨਹੀਂ ਤੇ ਬੇਹੱਦ ਖ਼ਰਾਬ ਹੈ। ਲੋਕ ਟੈਂਕਰਾਂ ਆਦਿ ਰਾਹੀਂ ਪਾਣੀ ਲੈ ਕੇ ਆਉਦੇ ਹਨ। ਅੱਧੇ ਪਿੰਡ ਨੂੰ ਮਦਰੱਸੇ ਪਿੰਡ ਦੇ ਜਲ ਘਰ ਦਾ ਪਾਣੀ ਆਉਂਦਾ ਹੈ ਜਦ ਕਿ ਅੱਧੇ ਹਿੱਸੇ ਵਿਚ ਪਿੰਡ ਦੇ ਜਲਘਰ ਦਾ ਹੀ ਪਾਣੀ ਟੂਟੀਆ ਰਾਹੀਂ ਸਪਲਾਈ ਹੁੰਦਾ ਹੈ। ਜਦ ਇਹ ਪਾਣੀ ਨਹੀਂ ਆਉਂਦਾ ਤਾਂ ਲੋਕ ਔਖੇ ਹੁੰਦੇ ਹਨ। ਪਿੰਡ ਵਾਸੀਆਂ ਅਨੁਸਾਰ ਧਰਤੀ ਹੇਠਲੇ ਮਾੜੇ ਪਾਣੀ ਨੇ ਲੋਕਾਂ ਨੂੰ ਕੈਂਸਰ, ਕਾਲਾ ਪੀਲੀਆ, ਦਿਲ ਦੇ ਰੋਗ, ਗੁਰਦਿਆਂ ਦੇ ਰੋਗ ਅਤੇ ਹੱਡੀਆਂ ਦੀਆਂ ਬਿਮਾਰੀਆ ਲਗਾ ਦਿੱਤੀਆਂ ਹਨ। ਜਲਘਰ ਵਿਚ ਸਾਫ਼ ਸਫ਼ਾਈ ਵੀ ਕਿਧਰੇ ਨਜ਼ਰ ਨਹੀਂ ਆ ਰਹੀ। ਕੌੜਿਆਂਵਾਲੀ ਪਿੰਡ ਤੋਂ ਭਾਗਸਰ ਨੂੰ ਜਾਣ ਵਾਲਾ ਕੱਚਾ ਰਸਤਾ ਜੋ ਸਿਰਫ਼ ਦੋ ਕੁ ਕਿਲੋਮੀਟਰ ਹੀ ਹੈ, ਨੂੰ ਪੱਕਾ ਕੀਤਾ ਜਾਵੇ। ਲਾਇਬ੍ਰੇਰੀ ਖੋਲ੍ਹੀ ਜਾਵੇ ਤੇ ਡਾਕਘਰ ਵੀ ਬਣਾਇਆ ਜਾਵੇ। 


Aarti dhillon

Content Editor

Related News