ਪੰਜਾਬ ਸਰਕਾਰ ਵਲੋਂ ਬਣਾਈ ''ਸਿੱਟ'' ਨੂੰ ਦਰ-ਕਿਨਾਰ ਕਰ ਕੇ ਬਾਦਲ ਨੂੰ ਸਨਮਾਨਤ ਕਰਨਾ ਮੰਦਭਾਗਾ: ਰਣਜੀਤ ਸਿੰਘ

Monday, Nov 04, 2019 - 01:20 PM (IST)

ਪੰਜਾਬ ਸਰਕਾਰ ਵਲੋਂ ਬਣਾਈ ''ਸਿੱਟ'' ਨੂੰ ਦਰ-ਕਿਨਾਰ ਕਰ ਕੇ ਬਾਦਲ ਨੂੰ ਸਨਮਾਨਤ ਕਰਨਾ ਮੰਦਭਾਗਾ: ਰਣਜੀਤ ਸਿੰਘ

ਫਤਿਹਗੜ੍ਹ ਸਾਹਿਬ (ਜੱਜੀ)—ਅੱਜ ਸਿੱਖ ਸਿਕਲੀਗਰ ਸੈੱਲ ਪੰਜਾਬ ਦੇ ਪ੍ਰਧਾਨ ਜ਼ਿਲੇ ਸਿੰਘ ਦਿੜਬਾ ਦੀ ਅਗਵਾਈ 'ਚ ਪੰਜਾਬ, ਹਰਿਆਣਾ, ਯੂ. ਪੀ. ਤੇ ਦਿੱਲੀ ਦੇ ਅਹੁਦੇਦਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਗੁਰਮਤਿ ਵਿਦਿਆਲਿਆ ਜਥਾ ਰੰਧਾਵਾ ਦੇ ਸਥਾਨ ਫਤਿਹਗੜ੍ਹ ਸਾਹਿਬ ਵਿਖੇ ਹੋਈ, ਜਿਸ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇ. ਭਾਈ ਰਣਜੀਤ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਐੱਸ. ਜੀ. ਪੀ. ਸੀ. ਵੱਲੋਂ ਸਿੱਖ ਸਿਕਲੀਗਰ ਬਰਾਦਰੀ ਦੀ ਹੋ ਰਹੀ ਅਣਦੇਖੀ ਤੋਂ ਤੰਗ ਆ ਕੇ ਸਿਕਲੀਗਰ ਬਰਾਦਾਰੀ ਦੇ ਅਹੁਦੇਦਾਰਾਂ ਨੇ ਪੰਥਕ ਅਕਾਲੀ ਲਹਿਰ ਨੂੰ ਭਾਈ ਰਣਜੀਤ ਸਿੰਘ ਦੀ ਹਾਜ਼ਰੀ 'ਚ ਸਮਰਥਨ ਦਿੱਤਾ ਤੇ ਇਕ ਮੰਗ-ਪੱਤਰ ਵੀ ਦਿੱਤਾ। ਸਿੱਖ ਸਿਕਲੀਗਰ ਸੈੱਲ ਪੰਜਾਬ ਦੇ ਪ੍ਰਧਾਨ ਜ਼ਿਲੇ ਸਿੰਘ ਦਿੜਬਾ ਨੇ ਭਾਈ ਰਣਜੀਤ ਸਿੰਘ ਨੂੰ ਕਿਰਪਾਨ ਤੇ ਸਿਰੋਪਾਓ ਵੀ ਭੇਟ ਕੀਤਾ।

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਧਾਰਮਕ ਨਿਜ਼ਾਮ ਬਦਲਣ ਲਈ ਹੁਣ ਲੋਕ ਪੰਥਕ ਅਕਾਲੀ ਲਹਿਰ ਨਾਲ ਵੱਡੀ ਪੱਧਰ 'ਤੇ ਜੁੜ ਰਹੇ ਹਨ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਜੇਕਰ ਨਵਾਂ ਅਕਾਲੀ ਦਲ ਬਣਦਾ ਹੈ ਤਾਂ ਬਾਦਲ ਪਰਿਵਾਰ ਨੂੰ ਉਸ 'ਚੋਂ ਬਾਹਰ ਰੱਖਿਆ ਜਾਵੇ ਤਾਂ ਹੀ ਠੀਕ ਹੋ ਸਕਦਾ ਹੈ। ਜਦ ਉਨ੍ਹਾਂ ਨੂੰ ਪੁੱਛਿਆ ਕਿ ਉਹ ਨਵੇਂ ਅਕਾਲੀ ਦਲ 'ਚ ਸਹਿਯੋਗ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪੰਥਕ ਅਕਾਲੀ ਲਹਿਰ ਇਕ ਨਿਰੋਲ ਧਾਰਮਕ ਸੰਸਥਾ ਹੈ ਤੇ ਰਾਜਨੀਤਕ ਖੇਤਰ ਤੋਂ ਦੂਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਕਾਸ਼ ਸਿੰਘ ਬਾਦਲ ਲਗਭਗ 100 ਸਾਲ ਦੇ ਹੋਣ ਵਾਲੇ ਹਨ ਤੇ ਅਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਇਕ ਤੁੱਕ ਵੀ ਸਹੀ ਨਹੀਂ ਬੋਲ ਸਕਦੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ 'ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਕੈਪਟਨ ਸਰਕਾਰ ਵੱਲੋਂ ਸਨਮਾਨਤ ਕੀਤੇ ਜਾਣ ਦੇ ਜਵਾਬ 'ਚ ਉਨ੍ਹਾਂ ਇਸ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਪ੍ਰਕਾਸ਼ ਸਿੰਘ ਬਾਦਲ ਨੂੰ ਸਨਮਾਨਤ ਕਰਨ ਦਾ ਮਤਲਬ ਹੈ ਕਿ ਕਾਂਗਰਸ ਨੇ ਬਰਗਾੜੀ, ਬਹਿਬਲ ਕਲਾਂ ਤੇ ਬੇਅਦਬੀ ਮਾਮਲਿਆਂ ਦੀ ਜਾਂਚ ਦਾ ਭੋਗ ਪਾ ਦਿੱਤਾ ਹੈ ਤੇ ਹੁਣ ਪੰਜਾਬ ਸਰਕਾਰ ਤੋਂ ਇਨਸਾਫ ਦੀ ਕੋਈ ਆਸ ਨਹੀਂ ਹੈ। ਪੰਜਾਬ ਸਰਕਾਰ ਨੇ ਆਪਣੀ ਹੀ ਸਿੱਟ ਦੀ ਰਿਪੋਰਟ ਨੂੰ ਅਣਦੇਖਾ ਕਰ ਕੇ ਇਹ ਸਨਮਾਨ ਪ੍ਰਕਾਸ਼ ਸਿੰਘ ਬਾਦਲ ਨੂੰ ਦੇਣ ਦਾ ਐਲਾਨ ਕੀਤਾ ਹੈ, ਜਿਸ ਨੂੰ ਕੌਮ ਕਦੇ ਮਾਫ ਨਹੀਂ ਕਰੇਗੀ।


author

Shyna

Content Editor

Related News