ਦੇਸ਼ ਦੇ ਭਵਿੱਖ ਛੋਟੇ ਬੱਚਿਆਂ ਦੇ ਸਕੂਲ ਬੈਗਾਂ ’ਚ ਪਹੁੰਚ ਗਿਆ ਹੈ ਬੂਟ ਪਾਲਿਸ਼ ਦਾ ਸਾਮਾਨ

12/08/2019 9:53:06 PM

ਮਮਦੋਟ, (ਸ਼ਰਮਾ, ਜਸਵੰਤ)- ਜਿਥੇ ਸਾਡਾ ਦੇਸ਼ ਅੱਜ ਅਾਜ਼ਾਦ ਹੋਣ ਦੀ 72ਵੀਂ ਵਰ੍ਹੇਗੰਢ ਦੇ ਜਸ਼ਨ ਮਨਾ ਰਿਹਾ ਹੈ ਅਤੇ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ, ਸਾਰੀਆਂ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਦੇਸ਼ ’ਚੋਂ ਗਰੀਬੀ ਹਟਾਓ ਦਾ ਨਾਅਰਾ ਦੇ ਕੇ ਗਰੀਬੀ ਖਤਮ ਕਰਨ ਲਈ ਲੱਖਾਂ ਉਪਰਾਲੇ ਕੀਤੇ ਪਰ ਇੰਨਾ ਸਮਾਂ ਬੀਤਣ ਦੇ ਬਾਵਜੂਦ ਦੇਸ਼ ’ਚੋਂ ਗਰੀਬੀ ਤਾਂ ਕਿ ਖਤਮ ਹੋਣੀ ਸੀ ਗਰੀਬੀ ਨਾਲ ਜੂਝਦਾ ਗਰੀਬ ਖਤਮ ਹੋ ਰਿਹਾ ਹੈ। ਕਈ ਗਰੀਬ ਪਰਿਵਾਰਾਂ ਦੇ ਛੋਟੇ ਬੱਚਿਆਂ ਨੂੰ ਆਪਣੀ ਰੋਜ਼ੀ-ਰੋਟੀ ਚਲਾਉਣ ਲਈ ਖੇਡਣ ਕੁੱਦਣ ਦੇ ਸਮੇਂ ਅਤੇ ਪਡ਼੍ਹਾਈ ਦੀ ਉਮਰ ਵਿਚ ਬੂਟ ਪਾਲਿਸ਼ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਪੈ ਰਿਹਾ ਹੈ। ਅੱਜ ਮਮਦੋਟ ਬਾਜ਼ਾਰ ’ਚ ਬੂਟ ਪਾਲਿਸ਼ ਕਰਨ ਲਈ ਘੁੰਮਦੇ ਚਾਰ ਛੋਟੇ ਬੱਚਿਆਂ ਨੂੰ ਦੇਖ ਕੇ ਮਨ ਬਹੁਤ ਉਦਾਸ ਹੋਇਆ। ਜਦ ਉਨ੍ਹਾਂ ਛੋਟੇ ਬੱਚਿਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਮਾਤਾ-ਪਿਤਾ ਵੀ ਕੰਮ ਕਰਦੇ ਹਨ ਪਰ ਬੇਰੋਜ਼ਗਾਰੀ ਹੋਣ ਕਰ ਕੇ ਉਨ੍ਹਾਂ ਦੀ ਕਮਾਈ ਨਾਲ ਸਾਡੇ ਘਰ ਦਾ ਗੁਜ਼ਾਰਾ ਨਹੀਂ ਚੱਲਦਾ। ਉਨ੍ਹਾਂ ਆਪਣੇ ਨਾਂ ਪੁੱਛਣ ’ਤੇ ਸਾਗਰ, ਅਕਸ਼ੈ, ਘੰਮੂ ਅਤੇ ਰਾਜਵੀਰ ਦੱਸੇ, ਜੋ ਕਿ ਪਡ਼੍ਹਾਈ ਵਿਚੇ ਛੱਡ ਕੇ ਆਪਣੇ ਸਕੂਲ ਵਾਲੇ ਬੈਗਾਂ ਵਿਚ ਬੂਟ ਪਾਲਿਸ਼ ਕਰਨ ਵਾਸਤੇ ਪਾਲਿਸ਼ ਵਾਲੀ ਡੱਬੀ ਅਤੇ ਬਰਸ਼ ਲੈ ਕੇ ਮਮਦੋਟ ਦੀ ਹਰ ਦੁਕਾਨ ਅਤੇ ਸਰਕਾਰੀ ਜਗ੍ਹਾ ’ਤੇ ਜਾਂਦੇ ਹਾਂ ਅਤੇ ਉਨ੍ਹਾਂ ’ਚੋਂ ਕਈ ਆਦਮੀ ਉਨ੍ਹਾਂ ਤੋਂ ਬੂਟ ਪਾਲਿਸ਼ ਕਰਵਾ ਲੈਂਦੇ ਹਨ, ਜਿਸ ਨਾਲ ਉਨ੍ਹਾਂ ਦੀ ਸਾਰੇ ਦਿਨ ਦੀ ਕਮਾਈ 50 ਤੋਂ 100 ਰੁਪਏ ਪ੍ਰਤੀ ਦਿਨ ਬਣ ਜਾਂਦੀ ਹੈ। ਇਨ੍ਹਾਂ ਪੈਸਿਆਂ ਨਾਲ ਉਹ ਆਪਣੇ ਮਾਪਿਆਂ ਦਾ ਘਰ ਚਲਾਉਣ ਵਿਚ ਸਾਥ ਦਿੰਦੇ ਹਾਂ। ਜਦ ਇਨ੍ਹਾਂ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਜਾ ਕੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਮਾਈ ਭੋਲੀ ਚੌਕ ਦੇ ਨਜ਼ਦੀਕ ਮਮਦੋਟ ਵਿਚ ਬਸਤੀ ਵਿਚ ਝੁੱਗੀਆਂ ਬਣਾ ਕੇ ਰਹਿੰਦੇ ਹਾਂ। ਸਰਕਾਰ ਵੱਲੋਂ ਜੋ ਗਰੀਬ ਵਿਅਕਤੀਆਂ ਨੂੰ ਸਮੇਂ-ਸਮੇਂ ਸਿਰ ਸਹੂਲਤਾਂ ਮਿਲਦੀਆਂ ਹਨ, ਉਹ ਸਾਨੂੰ ਨਹੀਂ ਮਿਲਦੀਆਂ, ਸਗੋਂ ਉਨ੍ਹਾਂ ਸਾਰੀਆਂ ਸਹੂਲਤਾਂ ਨੂੰ ਸਰਮਾਏਦਾਰ ਲੋਕ ਆਪਣਾ ਅਸਰ- ਰਸੂਖ ਵਿਖਾ ਕੇ ਲੈ ਲੈਂਦੇ ਹਨ ਅਤੇ ਗਰੀਬ ਵਿਅਕਤੀ ਹੱਥ ਮਲਦਾ ਰਹਿ ਜਾਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜੋ ਪ੍ਰਧਾਨ ਮੰਤਰੀ ਅਾਵਾਸ ਯੋਜਨਾ ਦੇ ਅਧੀਨ ਮਕਾਨ ਬਣਾਉਣ ਲਈ ਗ੍ਰਾਂਟ ਮਿਲੀ ਹੈ, ਉਹ ਵੀ ਸਾਨੂੰ ਨਾ ਮਿਲ ਕੇ ਵੱਡੇ-ਵੱਡੇ ਲੋਕਾਂ ਨੂੰ ਮਿਲ ਗਈ ਹੈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਸਰਕਾਰ ਵੱਲੋਂ ਕੋਈ ਰੋਜ਼ਗਾਰ ਦਿੱਤਾ ਜਾਵੇ ਤਾਂ ਅਸੀਂ ਕਿਉਂ ਆਪਣੇ ਛੋਟੇ ਬੱਚਿਆਂ ਨੂੰ ਬੂਟ ਪਾਲਿਸ਼ ਕਰਨ ਲਈ ਭੇਜ ਸਕੀਏ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਰ ਕੇ ਹੀ ਗਰੀਬ ਹੋਰ ਗਰੀਬ ਅਤੇ ਹੋਰ ਅਮੀਰ ਹੋ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਨੂੰ ਕੋਈ ਰੋਜ਼ਗਾਰ ਦਾ ਸਾਧਨ ਦਿੱਤਾ ਜਾਵੇ ਤਾਂ ਜੋ ਅਸੀਂ ਵੀ ਆਪਣੇ ਬੱਚਿਆਂ ਦੇ ਸਕੂਲ ਬੈਗਾਂ ’ਚੋਂ ਪਾਲਿਸ਼ ਵਾਲੇ ਬਰਸ਼ ਡੱਬੀ ਕੱਢ ਕੇ ਦੁਬਾਰਾ ਤੋਂ ਕਿਤਾਬਾਂ ਪਾ ਸਕੀਏ ਤਾਂ ਜੋ ਬੱਚੇ ਪਡ਼੍ਹਾਈ ਕਰ ਕੇ ਆਪਣਾ ਭਵਿੱਖ ਉਜੱਵਲ ਬਣਾ ਸਕਣ ।


Bharat Thapa

Content Editor

Related News