ਧੋਖਾਦੇਹੀ ਦੇ ਮਾਮਲੇ 'ਚ ਜਥੇਦਾਰ ਫੱਗੂਵਾਲਾ ਗ੍ਰਿਫ਼ਤਾਰ

Saturday, Jun 13, 2020 - 02:00 AM (IST)

ਧੋਖਾਦੇਹੀ ਦੇ ਮਾਮਲੇ 'ਚ ਜਥੇਦਾਰ ਫੱਗੂਵਾਲਾ ਗ੍ਰਿਫ਼ਤਾਰ

ਭਵਾਨੀਗੜ੍ਹ,(ਵਿਕਾਸ) : ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਦੋਸ਼ ਤਹਿਤ ਦਰਜ ਮਾਮਲੇ 'ਚ ਅੱਜ ਭਵਾਨੀਗੜ ਪੁਲਸ ਨੇ ਪਰਸ਼ੋਤਮ ਸਿੰਘ ਫੱਗੂਵਾਲਾ ਨੂੰ ਗ੍ਰਿਫਤਾਰ ਕੀਤਾ। ਦੱਸ ਦਈਏ ਕਿ ਫੱਗੂਵਾਲਾ ਖਿਲਾਫ਼ ਨੇੜਲੇ ਪਿੰਡ ਝਨੇੜੀ ਦੇ ਭਾਨ ਸਿੰਘ ਪੁੱਤਰ ਸੁੱਚਾ ਸਿੰਘ ਨੇ ਜਿਲ੍ਹਾ ਪੁਲਸ ਮੁਖੀ ਸੰਗਰੂਰ ਨੂੰ ਦਿੱਤੀ ਦਰਖਾਸਤ ਵਿਚ ਦੋਸ਼ ਲਗਾਇਆ ਸੀ ਕਿ ਉਕਤ ਪਰਸ਼ੋਤਮ ਸਿੰਘ ਵਾਸੀ ਪਿੰਡ ਫੱਗੂਵਾਲਾ ਨਾਲ ਕਾਫੀ ਨੇੜਤਾ ਅਤੇ ਦੂਰ ਦੀ ਰਿਸ਼ਤੇਦਾਰੀ ਹੋਣ ਕਾਰਨ ਉਸ ਦਾ ਸਾਡੇ ਘਰ ਕਾਫੀ ਆਉਣਾ ਜਾਣਾ ਸੀ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਪਰਸ਼ੋਤਮ ਸਿੰਘ ਨੇ ਉਸ ਦੇ ਲੜਕੇ ਹੁਸ਼ਿਆਰ ਸਿੰਘ ਉਰਫ ਲਾਡੀ ਨੂੰ ਪੀਜੀਆਈ ਘਾਂਬਦਾ ਵਿਖੇ ਨੌਕਰੀ 'ਤੇ ਲਗਵਾਉਣ ਦੀ ਗੱਲ ਆਖੀ ਤੇ ਕਿਹਾ ਕਿ ਇਸਦੇ ਲਈ 2 ਲੱਖ ਰੁਪਏ ਖਰਚ ਆਵੇਗਾ, ਜਿਸ ਦੇ ਤਹਿਤ ਉਨ੍ਹਾਂ ਨੇ ਇਕ ਲੱਖ ਰੁਪਏ ਆਪਣੇ ਰਿਸ਼ਤੇਦਾਰਾਂ ਤੋਂ ਇਕੱਠੇ ਕਰਕੇ ਪਹਿਲਾਂ ਦੇ ਦਿੱਤੇ ਅਤੇ ਬਾਕੀ ਦੇ ਇੱਕ ਲੱਖ ਰੁਪਏ ਨੌਕਰੀ ਦਵਾਉਣ ਤੋਂ ਬਾਅਦ ਦੇਣ ਦੀ ਗੱਲ ਤੈਅ ਹੋਈ। ਸ਼ਿਕਾਇਤ ਵਿਚ ਭਾਨ ਸਿੰਘ ਨੇ ਦੋਸ਼ ਲਗਾਇਆ ਕਿ ਪਰਸ਼ੋਤਮ ਸਿੰਘ ਨੇ ਨਾ ਹੀ ਉਸ ਦੇ ਲੜਕੇ ਨੂੰ ਨੌਕਰੀ ਲਗਵਾਇਆ ਅਤੇ ਨਾ ਹੀ ਉਨ੍ਹਾਂ ਵੱਲੋਂ ਦਿੱਤੇ ਇਕ ਲੱਖ ਰੁਪਏ ਉਨ੍ਹਾਂ ਨੂੰ ਵਾਪਸ ਕੀਤੇ। ਭਾਨ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ ਉਸ ਦੇ ਲੜਕੇ ਹੁਸ਼ਿਆਰ ਸਿੰਘ ਲਾਡੀ ਦੀ ਪਿਛਲੇ ਸਾਲ ਅਗਸਤ ਮਹੀਨੇ ਵਿਚ ਮੌਤ ਹੋ ਚੁੱਕੀ ਹੈ। ਮਾਮਲੇ ਸਬੰਧੀ ਐਸਐਸਪੀ ਸੰਗਰੂਰ ਦੇ ਹੁਕਮਾਂ 'ਤੇ ਭਵਾਨੀਗੜ੍ਹ ਪੁਲਸ ਨੇ ਭਾਨ ਸਿੰਘ ਦੀ ਸ਼ਿਕਾਇਤ 'ਤੇ ਠੱਗੀ ਮਾਰਨ ਦੇ ਦੋਸ਼ ਹੇਠ ਪਰਸ਼ੋਤਮ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਸੀ ਤੇ ਅੱਜ ਭਵਾਨੀਗੜ੍ਹ ਪੁਲਸ ਨੇ ਪਰਸ਼ੋਤਮ ਸਿੰਘ ਫੱਗੂਵਾਲਾ ਨੂੰ ਉਕਤ ਮਾਮਲੇ 'ਚ ਗ੍ਰਿਫਤਾਰ ਕਰ ਲਿਆ। ਥਾਣਾ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਸ ਸਬੰਧੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 


author

Deepak Kumar

Content Editor

Related News