ਯਾਤਰੀਆਂ ਦਾ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰ ਕਾਬੂ
Sunday, Sep 30, 2018 - 06:47 AM (IST)

ਲੁਧਿਆਣਾ, (ਜ. ਬ.)- ਰੇਲਵੇ ਪੁਲਸ ਨੇ ਗੁਪਤ ਸੂਚਨਾ ਦੇ ਅਾਧਾਰ ’ਤੇ ਛਾਪਾਮਾਰੀ ਕਰ ਕੇ ਯਾਤਰੀਆਂ ਦਾ ਸਾਮਾਨ ਚੋਰੀ ਕਰਨ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ।
ਜਾਣਕਾਰੀ ਦਿੰਦੇ ਜੀ. ਆਰ. ਪੀ. ਦੇ ਐੱਸ. ਐੱਚ. ਓ. ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਸਟੇਸ਼ਨ ਦੇ ਨੇਡ਼ੇ ਜਗਰਾਓਂ ਪੁਲ ਦੇ ਹੇਠਾਂ ਇਕ ਇਸ ਤਰ੍ਹਾਂ ਦੇ ਗਿਰੋਹ ਦੇ ਮੈਂਬਰ ਹਨ ਜੋ ਟਰੇਨਾਂ ’ਚ ਸੁੰਨਸਾਨ ਰਸਤਿਆਂ ’ਤੇ ਯਾਤਰੀਆਂ ਦਾ ਕੀਮਤੀ ਸਾਮਾਨ ਚੋਰੀ ਕਰਦੇ ਤੇ ਲੁੱਟਦੇ ਹਨ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਅਾਧਾਰ ’ਤੇ ਏ. ਐੱਸ. ਆਈ. ਬਲਕਾਰ ਸਿੰਘ ਨੂੰ ਤੁਰੰਤ ਪੁਲਸ ਪਾਰਟੀ ਨਾਲ ਛਾਪਾਮਾਰੀ ਕਰਨ ਲਈ ਭੇਜਿਆ ਗਿਆ।
ਇੰਦਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਆਉਂਦੇ ਦੇਖ ਜਗਰਾਓਂ ਪੁਲ ਦੇ ਹੇਠਾਂ ਬੈਠੇ ਕੁਝ ਨੌਜਵਾਨਾਂ ਨੇ ਖਿਸਕਣ ਦਾ ਯਤਨ ਕੀਤਾ ਤਾਂ ਉਨ੍ਹਾਂ ਨੂੰ ਕਾਬੂ ਕਰ ਕੇ ਤਲਾਸ਼ੀ ਲਈ ਗਈ ਤਾਂ ਇਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ ਤੇ 2 ਮੋਬਾਇਲ ਬਰਾਮਦ ਹੋਏ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ੀਆਂ ਦੀ ਪਛਾਣ ਸਰਗਣਾ ਦਿਲਪ੍ਰੀਤ ਸਿੰਘ ਵਾਸੀ ਐੱਲ. ਆਈ. ਜੀ. ਫਲੈਟ ਚੰਡੀਗਡ਼੍ਹ ਰੋਡ, ਰਮਨਦੀਪ ਸਿੰਘ ਵਾਸੀ 33 ਫੁੱਟਾ ਰੋਡ ਸੁੰਦਰ ਨਗਰ, ਰਾਂਝਾ ਫਾਟਕ ਨੰ. 2 ਧੂਰੀ ਲਾਈਨ ਦੇ ਨੇਡ਼ੇ ਰਹਿਣ ਵਾਲਾ ਅਤੇ ਉਤਰ ਪ੍ਰਦੇਸ਼ ਜ਼ਿਲਾ ਰਜੌਰੀ ਹਾਲ ਵਾਸੀ ਬੱਸ ਸਟੈਂਡ ਦੇ ਸੋਨੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ’ਤੇ ਆਈ. ਪੀ. ਸੀ. ਦੀ ਧਾਰਾ 401, 411 ਅਤੇ ਆਰਮਜ਼ ਐਕਟ ਦੀ ਧਾਰਾ 25 ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।