ਸੰਘਣੀ ਧੁੰਦ ਲੋਕਾਂ ਲਈ ਬਣੀ ਆਫਤ, ਸਕੂਲਾਂ ਦੇ ਸਮੇਂ ’ਚ ਤਬਦੀਲੀ ਦੀ ਮੰਗ

Friday, Dec 09, 2022 - 01:14 PM (IST)

ਸੰਘਣੀ ਧੁੰਦ ਲੋਕਾਂ ਲਈ ਬਣੀ ਆਫਤ, ਸਕੂਲਾਂ ਦੇ ਸਮੇਂ ’ਚ ਤਬਦੀਲੀ ਦੀ ਮੰਗ

ਸਾਦਿਕ (ਦੀਪਕ) : ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਧੁੰਦ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਵੇਰ ਸਮੇਂ ਘਰੋਂ ਬਾਹਰ ਨਿਕਲਣ ’ਤੇ ਚਾਰ ਚੁਫੇਰੇ ਧੁੰਦ ਦੀ ਚਾਦਰ ਵਿਛੀ ਦਿਖਾਈ ਦਿੰਦੀ ਹੈ। ਸੜਕਾਂ ’ਤੇ ਵਿਜੀਬਿਲਟੀ ਨਾ ਦੇ ਬਰਾਬਰ ਹੁੰਦੀ ਹੈ। ਸਵੇਰ ਸਮੇਂ ਕੰਮ ਧੰਦਿਆਂ ’ਤੇ ਜਾਣ ਵਾਲੇ ਲੋਕਾਂ, ਸਕੂਲੀ ਬੱਚਿਆਂ ਅਤੇ ਹੋਰ ਨੌਕਰੀਆਂ ’ਤੇ ਜਾਣ ਵਾਲੇ ਕਰਮਚਾਰੀਆਂ ਨੂੰ ਮਜਬੂਰਨ ਧੁੰਦ ’ਚ ਸੜਕਾਂ ’ਤੇ ਨਿਕਲਣਾ ਪੈਦਾ ਹੈ। ਧੁੰਦ ਕਾਰਨ ਹਰ ਸਮੇਂ ਹਾਦਸੇ ਦਾ ਖਤਰਾ ਬਣਿਆ ਰਹਿੰਦਾ ਹੈ। ਇਨ੍ਹਾਂ ਹਾਲਾਤ ਕਾਰਨ ਲੋਕਾਂ ਵਲੋਂ ਪ੍ਰਸਾਸ਼ਨ ਤੋਂ ਸਕੂਲਾਂ ਦੇ ਸਮੇਂ ’ਚ ਤਬਦੀਲੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਧੁੰਦ ਕਾਰਨ ਹੋਣ ਵਾਲੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ। ਸਾਦਿਕ ਇਲਾਕੇ ਦੇ ਇਕ ਸਕੂਲ ਵੱਲੋਂ ਸਮੇਂ ’ਚ ਤਬਦੀਲੀ ਦੀ ਖ਼ਬਰ ਹੈ ਜਿਸ ਦੀ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਭਾਜਪਾ ਦੀ ਨਫਰਤ ਦੀ ਸਿਆਸਤ ਨੂੰ ਦਿੱਲੀ ਵਾਸੀਆਂ ਨੇ ਨਕਾਰਿਆ : ਭਗਵੰਤ ਮਾਨ    

ਸਥਾਨਕ ਲੋਕਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਸਵੇਰ ਸਮੇਂ ਧੁੰਦ ਸੰਘਣੀ ਹੁੰਦੀ ਹੈ। ਸੜਕਾਂ ’ਤੇ ਜਾ ਰਹੇ ਵ੍ਹੀਕਲ ਬਿਲਕੁਲ ਨੇੜੇ ਤੋਂ ਹੀ ਦਿਖਾਈ ਦਿੰਦੇ ਹਨ। ਸਕੂਲੀ ਵ੍ਹੀਕਲਾਂ ਨੇ ਵੱਖ-ਵੱਖ ਥਾਵਾਂ ਤੋਂ ਬੱਚੇ ਲੈਣੇ ਹੁੰਦੇ ਹਨ ਜਿਸ ਲਈ ਉਨ੍ਹਾਂ ਨੂੰ ਕਈ ਥਾਵਾਂ ’ਤੇ ਰੁਕਣਾ ਪੈਦਾ ਹੈ। ਸੜਕਾਂ ’ਤੇ ਧੁੰਦ ਕਾਰਨ ਵਿਜ਼ੀਬਿਲਟੀ ਨਹੀ ਹੁੰਦੀ ਤੇ ਪਿਛੋਂ ਆ ਰਹੇ ਵ੍ਹੀਕਲਾਂ ਦਾ ਖੜੇ ਵ੍ਹੀਕਲ ਵਿਚ ਵੱਜਣ ਦਾ ਡਰ ਬਣਿਆ ਰਹਿੰਦਾ ਹੈ। ਇਸ ਸਬੰਧੀ ਸਕੂਲ ਵੈਨ ਡਰਾਈਵਰ ਹਰਜਿੰਦਰ ਸਿੰਘ ਨੇ ਕਿਹਾ ਕਿ ਸਵੇਰ ਸਮੇਂ ਪਿੰਡਾਂ ਦੇ ਲਿੰਕ ਰੋਡਾਂ ’ਤੇ ਮੇਨ ਸੜਕਾਂ ਤੋਂ ਵੱਧ ਧੁੰਦ ਹੁੰਦੀ ਹੈ। ਬੱਚਿਆਂ ਨੂੰ ਸਕੂਲ ’ਚ ਸਮੇਂ ਸਿਰ ਪਹੁੰਚਾਉਣਾ ਹੁੰਦਾ ਹੈ। ਪਿੰਡਾਂ ’ਚ ਸੰਘਣੀ ਧੁੰਦ ਕਾਰਨ ਗੱਡੀ ਸੜਕ ਤੋਂ ਹੇਠਾਂ ਖੇਤਾਂ ’ਚ ਉਤਰਨ ਦਾ ਡਰ ਲੱਗਿਆ ਰਹਿੰਦਾ ਹੈ।

ਇਹ ਵੀ ਪੜ੍ਹੋ : ਐੱਮ. ਸੀ. ਡੀ. ਚੋਣ ਨਤੀਜਿਆਂ ਦੇ ਅਧਾਰ ’ਤੇ ਹੋਵੇਗੀ ਸੰਸਦ ਮੈਂਬਰਾਂ ਦੇ ਕੰਮ ਦੀ ਸਮੀਖਿਆ    

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News