ਮਜੀਠੀਆ ਖ਼ਿਲਾਫ਼ FIR ਮਾਮਲੇ 'ਚ ਅਕਾਲੀ ਦਲ ਵੱਲੋਂ ਬਰਨਾਲਾ ਦੇ ਡੀ.ਐੱਸ.ਪੀ ਦਫ਼ਤਰ ਦੇ ਬਾਹਰ ਦਿੱਤਾ ਧਰਨਾ

12/25/2021 11:56:10 AM

ਬਰਨਾਲਾ (ਵਿਵੇਕ ਸਿੰਧਵਾਨੀ) : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਦੇ ਡਰੱਗ ਮਾਮਲੇ ’ਚ ਦਰਜ ਕੀਤੀ ਐੱਫ਼. ਆਈ ਆਰ ਦੇ ਖ਼ਿਲਾਫ਼ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਡੀ.ਐੱਸ.ਪੀ ਦਫ਼ਤਰ ਦੇ ਬਾਹਰ ਇਕੱਠ ਕਰ ਕੇ ਧਰਨਾ ਦਿੱਤਾ ਗਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਬੀ.ਸੀ. ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਭਦੌੜ ਤੋਂ ਪਾਰਟੀ ਦੇ ਉਮੀਦਵਾਰ ਐਡਵੋਕੇਟ ਸਤਨਾਮ ਸਿੰਘ ਰਾਹੀ ਅਤੇ ਸਾਬਕਾ ਮੁੱਖ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਨੇ ਕਿਹਾ ਕਿ ਕਾਂਗਰਸ ਸਰਕਾਰ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ’ਚ ਕਦੇ ਵੀ ਸਫ਼ਲ ਨਹੀਂ ਹੋ ਸਕੇਗੀ। ਉਹ ਜਿੰਨਾ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰੇਗੀ ਅਕਾਲੀ ਓਨੇ ਹੀ ਹੋਰ ਮਜ਼ਬੂਤ ਹੋ ਕੇ ਉੱਭਰਨਗੇ। 

ਇਹ ਵੀ ਪੜ੍ਹੋ : ਮਜੀਠੀਆ ਖ਼ਿਲਾਫ਼ ਝੂਠੇ ਪੁਲਸ ਮਾਮਲੇ ਵਿਰੁੱਧ ਪੁਲਸ ਲਾਈਨ ਅੱਗੇ ਧਰਨਾ ਅੱਜ : ਸੰਘਰੇੜੀ

ਉਨ੍ਹਾਂ ਕਿਹਾ ਕਾਂਗਰਸੀ ਲੀਡਰਸ਼ਿਪ ਨੇ ਬਦਲਾਖੋਰੀ ਦੀ ਭਾਵਨਾ ਨਾਲ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਖ਼ਿਲਾਫ਼ ਨਾਜਾਇਜ਼ ਪੁਲਸ ਕੇਸ ਦਰਜ ਕਰਕੇ ਜਿਹੜੀ ਪਿਰਤ ਪਾ ਦਿੱਤੀ ਹੈ, ਉਹ ਕਾਂਗਰਸੀਆਂ ਨੂੰ ਆਉਣ ਵਾਲੇ ਸਮੇਂ ਵਿੱਚ ਬਹੁਤ ਮਹਿੰਗੀ ਪਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬਾਬਾ ਟੇਕ ਸਿੰਘ ਧਨੌਲਾ ਅਤੇ ਯੂਥ ਵਿੰਗ ਦੇ ਕੌਮੀ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਕਾਂਗਰਸੀ ਲੀਡਰਸ਼ਿਪ ਲਈ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਦੇਸ਼ ਵਿਰੋਧੀ ਤਾਕਤਾਂ ਪੰਜਾਬ ਨੂੰ ਦਹਿਲਾਉਣ ਦੀ ਤਾਕ ’ਚ ਹਨ ਅਤੇ ਕਾਂਗਰਸ ਲੀਡਰ ਉਨ੍ਹਾਂ ਦੇ ਮਨਸੂਬੇ ਫੇਲ੍ਹ ਕਰਨ ਦੀ ਬਜਾਏ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨਾਲ ਨਿੱਜੀ ਕਿੜਾਂ ਕੱਢਣ ਵਿੱਚ ਲੱਗੇ ਹੋਏ ਹਨ।  ਉਨ੍ਹਾਂ ਕਿਹਾ ਕਾਂਗਰਸ ਸਰਕਾਰ ਵੱਲੋਂ ਸਾਢੇ ਚਾਰ ਸਾਲਾਂ ਦੇ ਆਪਣੇ ਕਾਰਜਕਾਲ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ ਵਿਰੁੱਧ ਪੂਰੀ ਅੱਡੀ ਚੋਟੀ ਦਾ ਜ਼ੋਰ ਲਾਇਆ ਪਰ ਉਨ੍ਹਾਂ ਵਿਰੁੱਧ ਇੱਕ ਵੀ ਪੁਖਤਾ ਸਬੂਤ ਨਹੀਂ ਜੁਟਾ ਸਕੇ ਪਰ ਹੁਣ ਜਦੋਂ ਚੋਣਾਂ ਨੇੜੇ ਆ ਗਈਆਂ ਤਾਂ ਸਰਕਾਰ ਵੱਲੋਂ ਆਪਣੀ ਹਾਰ ਨੂੰ ਦੇਖਦਿਆਂ ਤੇ ਬਿਕਰਮਜੀਤ ਸਿੰਘ ਮਜੀਠੀਆ ਦੀ ਚੜ੍ਹਤ ਨੂੰ ਦੇਖਦਿਆਂ ਉਨ੍ਹਾਂ ਦੇ ਵਿਰੁੱਧ ਝੂਠੇ ਕੇਸ ਦਰਜ ਕਰਵਾ ਦਿੱਤਾ ਗਿਆ ਹੈ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਨੂੰ ਝੂਠੇ ਕੇਸਾਂ ’ਚ ਉਲਝਾ ਕੇ ਇਸ ਦਾ ਲਾਭ ਆਉਣ ਵਾਲੀਆਂ ਚੋਣਾਂ ’ਚ ਲਿਆ ਜਾ ਸਕੇ ਪਰ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੇ ਮਨਸੂਬਿਆਂ ਨੂੰ ਕਦੇ ਕਾਮਯਾਬ ਨਹੀਂ ਹੋਣ ਦੇਣਗੇ।

ਇਹ ਵੀ ਪੜ੍ਹੋ : ਮਜੀਠੀਆ ’ਤੇ ਹੋਈ ਐੱਫ. ਆਰ. ਆਈ ’ਤੇ ਬੋਲੇ ਅਸ਼ਵਨੀ ਸ਼ਰਮਾ, 'ਜਿਹੜਾ ਵੀ ਨਸ਼ਾ ਕਰਦਾ ਉਸ ’ਤੇ ਹੋਵੇ ਕਾਰਵਾਈ'

ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਜੀਵ ਸ਼ੋਰੀ ਅਤੇ ਸਰਕਲ ਪ੍ਰਧਾਨ ਬੇਅੰਤ ਸਿੰਘ ਬਾਠ ਨੇ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਪਹਿਲਾਂ ਮਾਝੇ ਦੇ ਜਰਨੈਲ ਬਿਕਰਮਜੀਤ ਸਿੰਘ ਮਜੀਠੀਆ ਤੇ ਬਿਨਾ ਸਬੂਤ ਅਤੇ ਬਿਨਾਂ ਸੋਚੇ ਸਮਝੇ ਨਸ਼ਿਆਂ ਦੇ ਸਬੰਧ ਵਿੱਚ ਇਲਜ਼ਾਮਬਾਜ਼ੀ ਕੀਤੀ ਅਤੇ ਬਾਅਦ ਵਿੱਚ ਕੋਰਟ ’ਚ ਮੁਆਫੀ ਮੰਗਣੀ ਪਈ ਸੀ। ਹੁਣ ਉਹ ਦਿਨ ਦੂਰ ਨਹੀਂ ਜਦੋਂ ਕਾਂਗਰਸ ਨੂੰ ਵੀ ਮਜੀਠੀਆ ਉਪਰ ਲਾਏ ਗਏ ਇਲਜ਼ਾਮ ਮੁਆਫੀ ਮੰਗ ਕੇ ਵਾਪਸ ਲੈਣੇ ਪੈਣਗੇ।ਉਨ੍ਹਾਂ ਕਿਹਾ ਕਾਂਗਰਸ ਦੀ ਇਸ ਕਾਲੀ ਕਰਤੂਤ ਨੇ ਪੰਜਾਬ ਦੇ ਲੋਕਾਂ ਅੰਦਰ ਅਜਿਹਾ ਜੋਸ਼ ਭਰ ਦਿੱਤਾ ਹੈ ਕਿ ਉਹ ਆਉਣ ਵਾਲੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਦੀਆਂ ਜੜ੍ਹਾਂ ਪੁੱਟ ਕੇ ਰੱਖ ਦੇਣਗੇ। ਸਰਕਲ ਪ੍ਰਧਾਨ ਰਾਜ ਧੌਲਾ ਅਤੇ ਜਤਿੰਦਰ ਜਿੰਮੀ ਨੇ ਕਿਹਾ ਕਿ ਪਹਿਲਾਂ ਤਾਂ ਕਾਂਗਰਸੀ ਕਹਿੰਦੇ ਸਨ ਕਿ ਮਜੀਠੀਆ ਨਸ਼ੇ ਦਾ ਸੌਦਾਗਰ ਹੈ ਪਰ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਹੁਣ ਤਾਂ ਮਜੀਠੀਆ ਸੱਤਾ ਵਿਚ ਨਹੀਂ ਹੈ ਫਿਰ ਹੁਣ ਨਸ਼ੇ ਕੌਣ ਵੇਚਦਾ ਹੈ ਕਿ ਹੁਣ ਨਸ਼ੇ ਬੰਦ ਹੋ ਗਏ ਹਨ ਜਾਂ ਬੇਅਦਬੀਆਂ ਬੰਦ ਹੋ ਗਈਆਂ ਹਨ। ਹੁਣ ਆਏ ਦਿਨ ਕਿਸੇ ਨਾ ਕਿਸੇ ਧਰਮ ਦੇ ਪਵਿੱਤਰ ਗ੍ਰੰਥਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਕਿ ਕਾਂਗਰਸ ਸਰਕਾਰ ਅਤੇ ਆਮ ਆਦਮੀ ਪਾਰਟੀ ਰਲ ਕੇ ਚੋਣਾਂ ਦੇ ਮੱਦੇਨਜ਼ਰ ਗੇਮ ਖੇਡ ਰਹੇ ਹਨ।

ਉਨ੍ਹਾਂ ਕਿਹਾ ਕਾਂਗਰਸ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਹਾਰ ਸਪਸ਼ਟ ਨਜ਼ਰ ਆ ਰਹੀ ਹੈ।ਸੀਨੀਅਰ ਅਕਾਲੀ ਆਗੂ ਤਰਲੋਚਨ ਤਪਾ,ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਅਤੇ ਜਥੇਦਾਰ ਬਲਦੇਵ ਸਿੰਘ ਚੂੰਘਾ ਨੇ ਕਿਹਾ ਕਿ ਬਦਲਾਖੋਰੀ ਦੀ ਭਾਵਨਾ ਨਾਲ ਅਕਾਲੀ ਆਗੂਆਂ ’ਤੇ ਜ਼ੁਲਮ ਢਾਹੁਣ ਵਾਲੇ ਕਾਂਗਰਸੀ ਲੀਡਰ ਹੁਣ ਉਨ੍ਹਾਂ ਹੀ ਧੱਕਾ ਕਰਨ,ਜਿਨ੍ਹਾਂ ਖ਼ੁਦ ਸਹਿ ਸਕਦੇ ਹੋਣ। ਕਿਉਂਕਿ ਸਮਾਂ ਬਦਲਣ ਲੱਗਿਆਂ ਕੋਈ ਬਹੁਤੀ ਦੇਰ ਨਹੀਂ ਲੱਗਦੀ। ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਆਗੂ ਅਤੇ ਵਰਕਰ ਝੂਠੇ ਪਰਚਿਆਂ ਤੇ ਜੇਲ੍ਹ ਜਾਣ ਤੋਂ ਨਹੀਂ ਡਰਦੇ ਅਤੇ ਸਮਾਂ ਆਉਣ ’ਤੇ ਹਰ ਵਧੀਕੀ ਦਾ ਹਿਸਾਬ ਬਰਾਬਰ ਕਰਨਾ ਵੀ ਜਾਣਦੇ ਹਨ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


Anuradha

Content Editor

Related News