ਫਿਰੋਜ਼ਪੁਰ ਦੇ ਉਦਯੋਗਪਤੀ ਨੇ ਮੁੜ ਵੰਡਿਆ ਰਾਸ਼ਨ, ਕਿਹਾ ‘ਗਰੀਬਾਂ ਨਾਲ ਖੜ੍ਹਨ ਦਾ ਸਮਾਂ’

03/31/2020 9:59:47 AM

ਫਿਰੋਜ਼ਪੁਰ (ਹਰਚਰਨ ਬਿੱਟੂ) - ਪਿਛਲੇ ਤਿੰਨ ਦਿਨ ਤੋਂ ਪਿੰਡਾਂ ਅਤੇ ਸ਼ਹਿਰ 'ਚ ਰਾਸ਼ਨ ਵੰਡ ਰਹੇ ਫਿਰੋਜ਼ਪੁਰ ਦੇ ਉਘੇ ਉਦਯੋਗਪਤੀ ਅਤੇ ਸਮਾਜ ਸੇਵਕ ਵੀ.ਪੀ. ਸਿੰਘ ਨੇ ਅੱਜ ਚੌਥੇ ਦਿਨ ਵੀ ਗ਼ਰੀਬ ਮਜ਼ਦੂਰਾਂ ਨੂੰ ਰਾਸ਼ਨ ਵੰਡਿਆ। ਵੀ. ਪੀ. ਸਿੰਘ ਵਲੋਂ ਦੁੱਧ ਦਾ ਵੱਡਾ ਟੈਂਕਰ ਭਰਕੇ ਲਿਆਂਦਾ ਗਿਆ ਸੀ। ਦੁੱਧ ਦੇ ਨਾਲ-ਨਾਲ ਖੰਡ ਅਤੇ ਚਾਹ ਪੱਤੀ ਦੇ ਪੈਕੇਟ ਵੀ ਵੰਡੇ ਗਏ। ਫਿਰੋਜ਼ਪੁਰ ਛਾਉਣੀ ਦੇ ਰਾਮ ਬਾਗ, ਫਿਰੋਜ਼ਪੁਰ ਸ਼ਹਿਰ ਦੇ ਗੋਲ ਬਾਗ, ਵਸਤੀ ਨਿਜ਼ਾਮ ਦੀਨ ਅਤੇ ਗੋਬਿੰਦ ਨਗਰੀ ਦੇ 1500 ਸੌ ਦੇ ਕਰੀਬ ਗਰੀਬ ਅਤੇ ਲੋੜਵੰਦਾਂ ਨੂੰ ਦੁੱਧ ਅਤੇ ਰਾਸ਼ਨ ਦਾ ਭੁਗਤਾਨ ਕੀਤਾ ਗਿਆ। ਰਾਸ਼ਨ ਵੰਡਣ ਵੇਲੇ ਐੱਸ.ਐੱਸ.ਪੀ. ਭੁਪਿੰਦਰ ਸਿੰਘ ਅਤੇ ਐੱਸ.ਪੀ.ਡੀ. ਅਜੇ ਰਾਜ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। 

ਪ੍ਰੈੱਸ ਨਾਲ ਗੱਲਬਾਤ ਕਰਦਿਆਂ ਵੀ.ਪੀ. ਸਿੰਘ ਨੇ ਆਖਿਆ ਕਿ ਉਹ ਆਪਣੇ ਮਨ ਦੀ ਸੰਤੁਸ਼ਟੀ ਲਈ ਇਹ ਸਭ ਕੁਝ ਕਰ ਰਹੇ ਹਨ। ਕੋਰੋਨਾ ਵਾਇਰਸ ਦੇ ਕਾਰਨ ਕਰਫ਼ਿਊ ਲਗਾਉਣਾ ਸਰਕਾਰ ਦੀ ਚੰਗੀ ਸੋਚ ਸੀ ਪਰ ਕਰਫ਼ਿਊ ਕਾਰਨ ਦਿਹਾੜੀਦਾਰ ਲੋਕ ਜੋ ਰੋਜ਼ਾਨਾ ਕਮਾ ਕੇ ਆਪਣੇ ਪਰਿਵਾਰਾਂ ਦਾ ਢਿੱਡ ਪਾਲਦੇ ਹਨ, ਉਨ੍ਹਾਂ ਲੋਕਾਂ ਲਈ ਬਹੁਤ ਮੁਸ਼ਕਲ ਹੋ ਗਿਆ ਹੈ। ਅਜਿਹੇ ਵਿਚ ਇਨ੍ਹਾਂ ਲੋਕਾਂ ਦੀ ਬਾਂਹ ਫੜਨੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਵੀ.ਪੀ. ਸਿੰਘ ਨੇ ਕਿਹਾ ਕਿ ਫਿਰੋਜ਼ਪੁਰ ਦੀਆਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਇਸ ਮੁਸੀਬਤ ਵਿਚ ਅੱਗੇ ਆ ਰਹੀਆਂ ਹਨ ਅਤੇ ਆਪਣੇ-ਆਪਣੇ ਪੱਧਰ 'ਤੇ ਸੇਵਾ ਕਰ ਰਹੀਆਂ ਹਨ। ਉਨ੍ਹਾਂ ਦੀ ਵੀ ਸੋਚ ਹੈ ਕਿ ਮੇਰੇ ਸ਼ਹਿਰ ਦਾ ਕੋਈ ਵੀ ਵਸਨੀਕ ਭੁੱਖਾ ਨਾ ਸੌਵੇਂ। ਇਸ ਮੌਕੇ ਰਾਜਪਾਲ ਸਿੰਘ, ਸਰਪੰਚ ਜਰਨੈਲ ਸਿੰਘ ਵਿਰਕ, ਜਸਵੰਤ ਸਿੰਘ ਲਾਡੋ, ਕੁਲਵਿੰਦਰ ਸਿੰਘ ਸਿੱਧੂ, ਅਮਨ ਮੈਨੀ, ਦਵਿੰਦਰ ਸਿੰਘ ਰਾਜਾ, ਪਰਮਜੀਤ ਸਿੰਘ ਹਾਜ਼ੀ ਵਾਲਾ, ਵਿੱਕੀ ਸੰਧੂ, ਮੁੱਖਾ ਐੱਮ.ਸੀ. ਆਦਿ ਹਾਜ਼ਰ ਸਨ।


rajwinder kaur

Content Editor

Related News