ਫਿਰੋਜ਼ਪੁਰ: ਟਿੱਡੀ ਦਲ ਦੇ ਕਿਸੇ ਵੀ ਸੰਭਾਵਤ ਹਮਲੇ ਤੋਂ ਬਚਾਅ ਲਈ ਪ੍ਰਸ਼ਾਸਨ ਨੇ ਕੀਤੀਆਂ ਤਿਆਰੀਆਂ ਸ਼ੁਰੂ

05/30/2020 12:14:34 PM

ਫਿਰੋਜ਼ਪੁਰ (ਮਲਹੋਤਰਾ): ਖੇਤੀਬਾੜੀ ਮਹਿਕਮੇ ਵਲੋਂ ਟਿੱਡੀ ਦਲਾਂ ਦੇ ਪੰਜਾਬ ਵਿਚ ਹਮਲੇ ਹੋਣ ਸਬੰਧੀ ਕੋਈ ਅਲਰਟ ਜਾਰੀ ਨਾ ਹੋਣ ਦਾ ਖੁਲਾਸਾ ਕੀਤੇ ਜਾਣ ਦੇ ਦੋ ਦਿਨ ਬਾਅਦ ਹੀ ਜਿੱਥੇ ਸਰਕਾਰ ਨੇ ਇਸ ਮਾਮਲੇ ਵਿਚ ਗੰਭੀਰਤਾ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ ਉਥੇ ਜ਼ਿਲ੍ਹਾ ਪ੍ਰਸ਼ਾਸਨਾਂ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਵਰਨਣਯੋਗ ਹੈ ਕਿ ਦੋ ਦਿਨ ਪਹਿਲਾਂ 'ਜਗ ਬਾਣੀ' ਵਲੋਂ ਗੁਆਂਢੀ ਰਾਜਾਂ 'ਚ ਟਿੱਡੀ ਦਲ ਦੇ ਹਮਲੇ ਹੋਣ ਤੋਂ ਬਾਅਦ ਪੰਜਾਬ 'ਚ ਇਸ ਦਾ ਕੋਈ ਅਲਰਟ ਨਾ ਹੋਣ ਸਬੰਧੀ ਵਿਸਤਾਰ ਨਾਲ ਪ੍ਰਕਾਸ਼ਤ ਕੀਤਾ ਸੀ ਜਿਸ ਤੋਂ ਬਾਅਦ ਸਰਕਾਰ ਹਰਕਤ ਵਿਚ ਆ ਗਈ ਹੈ। ਸ਼ੁੱਕਰਵਾਰ ਡੀ.ਸੀ. ਕੁਲਵੰਤ ਸਿੰਘ ਦੀ ਅਗਵਾਈ ਵਿਚ ਹੋਈ ਮੀਟਿੰਗ 'ਚ ਉਨ੍ਹਾਂ ਕਿਹਾ ਕਿ ਟਿੱਡੀ ਦਲ ਦੇ ਕਿਸੇ ਵੀ ਸੰਭਾਵਤ ਹਮਲੇ ਤੋਂ ਫਸਲਾਂ ਨੂੰ ਬਚਾਉਣ ਦੇ ਲਈ ਐਕਸ਼ਨ ਪਲਾਨ ਤਿਆਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਹੁਣ 4 ਮਹੀਨਾਵਾਰ ਕਿਸ਼ਤਾਂ 'ਚ ਵੀ ਬਿੱਲ ਭਰ ਸਕਣਗੇ ਖਪਤਕਾਰ

ਉਨ੍ਹਾਂ ਖੇਤੀਬਾੜੀ ਵਿਭਾਗ, ਲੋਕਲ ਬਾਡੀਜ਼ ਮਹਿਕਮਾ, ਗ੍ਰਾਮੀਣ ਵਿਕਾਸ ਮਹਿਕਮਾ, ਸਿਹਤ ਮਹਿਕਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਦੇ ਹੋਏ ਕਿਹਾ ਕਿ ਸਰਕਾਰ ਵਲੋਂ ਰਾਜਸਥਾਨ ਬਾਰਡਰ ਦੇ ਨਜ਼ਦੀਕ ਇਲਾਕਿਆਂ ਨੂੰ ਮੁਸਤੈਦ ਰਹਿਣ ਅਤੇ 24 ਘੰਟੇ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਦੇ ਮੁੱਖ ਖੇਤੀਬਾੜੀ ਅਫਸਰ ਇਸ ਮੁਹਿੰਮ 'ਚ ਬਤੌਰ ਨੋਡਲ ਅਫਸਰ ਵਜੋਂ ਕੰਮ ਕਰਨਗੇ ਅਤੇ ਦੂਸਰੇ ਸਾਰੇ ਵਿਭਾਗਾਂ ਦੇ ਨਾਲ ਤਾਲਮੇਲ ਬਣਾ ਕੇ ਰੱਖਣਗੇ। ਉਹ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਦਾ ਇਕ ਵਟਸਐੱਪ ਗਰੁੱਪ ਬਣਾਉਣਗੇ, ਜਿਸ 'ਚ ਟਿੱਡੀ ਦਲ ਨਾਲ ਜੁੜੀਆਂ ਸਾਰੀਆਂ ਸੂਚਨਾਵਾਂ ਨੂੰ ਸਾਂਝਾ ਕੀਤਾ ਜਾਵੇਗਾ ਤਾਂਕਿ ਸਾਡੀ ਤਿਆਰੀ ਹੋਰ ਮਜ਼ਬੂਤ ਹੋ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਟਿੱਡੀ ਦਲ ਦਾ ਹਮਲਾ ਫਸਲਾਂ ਤੇ ਹੋਣ ਦੀ ਸੂਰਤ 'ਚ ਖੇਤਾਂ 'ਚ ਛਿੜਕਣ ਵਾਲੀ ਦਵਾਈ ਦਾ ਭਰਪੂਰ ਸਟਾਕ ਤਿਆਰ ਰੱਖਿਆ ਜਾਵੇ। ਇਸ ਤੋਂ ਇਲਾਵਾ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਮਾਰਕੀਟ ਕਮੇਟੀ ਦੀਆਂ ਗੱਡੀਆਂ, ਸਪਰੇਅ ਪੰਪ, ਰਾਤ ਨੂੰ ਆਪਰੇਸ਼ਨ ਚਲਾਉਣ ਦੇ ਲਈ ਸਰਚ ਲਾਈਟਾਂ ਸਮੇਤ ਸਾਰੇ ਸਾਧਨਾਂ ਦੀ ਸੂਚੀ ਬਣਾ ਕੇ ਰੱਖੀ ਜਾਵੇ ਅਤੇ ਇਹ ਸਾਰੀਆਂ ਲਿਸਟਾਂ ਖੇਤੀਬਾੜੀ ਮਹਿਕਮੇ ਵਲੋਂ ਸਬੰਧਿਤ ਮਹਿਕਮੇ ਤੋਂ ਇਕੱਠੀ ਕਰਕੇ ਤਿਆਰ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਖੇਤੀਬਾੜੀ ਮਹਿਕਮਾ, ਗ੍ਰਾਮੀਣ ਵਿਕਾਸ ਮਹਿਕਮਾ, ਬਿਜਲੀ ਮਹਿਕਮਾ, ਸਿਹਤ ਮਹਿਕਮਾ, ਪੰਚਾਇਤਾਂ ਦੇ 'ਚ ਆਪਸੀ ਤਾਲਮੇਲ 'ਚ ਕੋਈ ਕਮੀ ਨਹੀਂ ਹੋਣੀ ਚਾਹੀਦੀ। ਡਿਪਟੀ ਕਮਿਸ਼ਨਰ ਨੇ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤਾ ਕਿ ਜਿੱਥੇ ਵੀ ਇਸ ਤਰ੍ਹਾਂ ਦੇ ਅਟੈਕ ਦੀ ਸੂਚਨਾ ਮਿਲਦੀ ਹੈ, ਉੱਥੇ ਬਿਜਲੀ ਦੀ ਸਪਲਾਈ ਨਿਰੰਤਰ ਜਾਰੀ ਰੱਖਣ ਤਾਂਕਿ ਜ਼ਰੂਰਤ ਪੈਣ ਤੇ ਟਿਊਬਵੈੱਲ ਜਾਂ ਮੋਟਰ ਚਲਾ ਕੇ ਪਾਣੀ ਦੀ ਸਪਲਾਈ ਸੁਨਿਸ਼ਚਿਤ ਕੀਤੀ ਜਾ ਸਕੇ।

ਇਹ ਵੀ ਪੜ੍ਹੋ:  ਮੋਗਾ: ਸਿਟੀ ਡੀ.ਐੱਸ.ਪੀ. ਵਲੋਂ ਚਾਰਜ ਸੰਭਾਲਦੇ ਹੀ ਵੱਡੀ 'ਰੇਡ' ਕੀਤਾ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼

ਖਤਰਾ ਨਹੀਂ, ਪਰ ਫਿਰ ਵੀ ਕੀਤਾ ਜਾ ਰਿਹਾ ਜਾਗਰੂਕ
ਖੇਤੀਬਾੜੀ ਅਫ਼ਸਰ ਡਾ. ਮੁਖ਼ਤਿਆਰ ਸਿੰਘ ਭੁੱਲਰ ਨੇ ਦੱਸਿਆ ਕਿ ਖੇਤੀਬਾੜੀ ਮਹਿਕਮੇ ਦੇ ਅਧਿਕਾਰੀ ਤੇ ਮੁਲਾਜ਼ਮ ਰੋਜ਼ਾਨਾ ਪਿੰਡਾਂ ਵਿੱਚ ਸਰਵੇ ਕਰ ਰਹੇ ਹਨ, ਕਿਸਾਨਾਂ ਨਾਲ ਬੈਠਕਾਂ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਟਿੱਡੀ ਦਲ ਦੇ ਬਾਰੇ ਵਿੱਚ ਜਾਗਰੂਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫ਼ਿਲਹਾਲ ਫ਼ਿਰੋਜ਼ਪੁਰ ਵਿੱਚ ਟਿੱਡੀ ਦਲ ਦਾ ਵੀ ਖ਼ਤਰਾ ਨਹੀਂ ਹੈ ਲੇਕਿਨ ਕਿਸੇ ਵੀ ਸਥਿਤੀ ਨਾਲ ਨਿਪਟਣ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਲੜਾਈ ਵਿੱਚ ਕੰਮ ਆਉਣ ਵਾਲੇ ਸਾਰੇ ਸੰਸਾਧਨਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ ਅਤੇ ਸਾਰੇ ਸੰਸਾਧਨ ਬਿਲਕੁਲ ਤਿਆਰ ਰੱਖੇ ਗਏ ਹਨ ਤਾਂਕਿ ਜ਼ਰੂਰਤ ਪੈਣ ਤੇ ਉਨ੍ਹਾਂ ਨੂੰ ਕਦੀ ਵੀ ਇਸਤੇਮਾਲ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਝੋਨੇ ਦੀ ਲਵਾਈ ਨੂੰ ਲੈ ਕੇ ਕਿਸਾਨਾਂ ਦੀ ਚਿੰਤਾ ਬਰਕਰਾਰ , ਲਵਾਈ ਦਾ ਭਾਅ ਹੋਇਆ ਦੁੱਗਣਾ


Shyna

Content Editor

Related News