ਫੌਜਾ ਸਿੰਘ ਸਰਾਰੀ ਦੇ ਕਾਰਜਕਾਲ ਦੀ ਜਾਂਚ ਕੇਂਦਰੀ ਏਜੰਸੀ ਤੋਂ ਕਰਵਾਉਣੀ ਚਾਹੀਦੀ ਹੈ: ਤਰੁਣ ਚੁੱਘ
Saturday, Jan 07, 2023 - 05:51 PM (IST)
ਚੰਡੀਗੜ੍ਹ- ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ 10 ਮਹੀਨਿਆਂ ਦੀ ਸਰਕਾਰ ਵਿਚ ਭ੍ਰਿਸ਼ਟਾਚਾਰ 'ਚ ਫਸੇ ਦੂਜੇ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਅਸਤੀਫੇ ਦੇਣ ਨਾਲ ਪੱਕਾ ਹੋ ਗਿਆ ਕਿ ਇਮਾਨਦਾਰ ਸਰਕਾਰ ਦਾ ਦਾਅਵਾ ਕਰਨ ਵਾਲੀ ਭਗਵੰਤ ਮਾਨ ਦੀ ਕੈਬਨਿਟ ਭ੍ਰਿਸ਼ਟਾਚਾਰ 'ਚ ਡੁੱਬੀ ਹੋਈ ਹੈ। ਭਗਵੰਤ ਮਾਨ ਸਰਕਾਰ ਆਪਣੇ ਭ੍ਰਿਸ਼ਟ ਮੰਤਰੀ ਦਾ ਅਸਤੀਫ਼ਾ ਲੈ ਕੇ ਇਲਜ਼ਾਮਾਂ ਤੋਂ ਮੁਕਤ ਨਹੀਂ ਹੋ ਸਕਦੀ। ਨੈਤਿਕਤਾ ਦੀ ਮੰਗ ਹੈ ਕਿ ਇਸ ਸਾਬਕਾ ਮੰਤਰੀ ਖ਼ਿਲਾਫ਼ ਕੇਂਦਰੀ ਜਾਂਚ ਏਜੰਸੀ ਤੋਂ ਕਰਵਾਈ ਜਾਵੇ ਤਾਂ ਜੋ ਸੂਬੇ ਦੇ ਲੋਕਾਂ ਨੂੰ ਸਰਾਰੀ ਵੱਲੋਂ ਕੀਤੇ ਗਏ ਭ੍ਰਿਸ਼ਟਾਚਾਰ ਦਾ ਸੱਚ ਪਤਾ ਲੱਗ ਸਕੇ।
ਇਹ ਵੀ ਪੜ੍ਹੋ- ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਦੇ ਅਸਤੀਫ਼ੇ 'ਤੇ ਭਾਜਪਾ ਆਗੂ ਵੇਰਕਾ ਦਾ ਵੱਡਾ ਬਿਆਨ
ਉਨ੍ਹਾਂ ਕਿਹਾ ਕਿ 3 ਮਹੀਨੇ ਪਹਿਲਾਂ ਸਰਾਰੀ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਨੇ ਮਾਨ ਸਰਕਾਰ ਨੇ ਕਿਉਂ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਸਰਾਰੀ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ। ਭ੍ਰਿਸ਼ਟਾਚਾਰ ਦੇ ਇਲਜ਼ਾਮ ਤੋਂ ਬਾਅਦ ਵੀ ਸਰਾਰੀ ਮੰਤਰੀ ਅਹੁਦੇ 'ਤੇ ਰਹੇ। ਇਸ ਕਾਰਜਕਾਲ ਦੌਰਾਨ ਉਨ੍ਹਾਂ ਨੇ ਕਿੰਨੀਆਂ ਫ਼ਾਈਲਾਂ ਦਾ ਨਿਪਟਾਰਾ ਕੀਤਾ, ਕਿੰਨੇ ਸਰਕਾਰੀ ਟੈਂਡਰ ਹੋਏ, ਸਰਕਾਰ ਇਨ੍ਹਾਂ ਦੀ ਜਾਂਚ ਕਰਵਾਉਣ ਦੀ ਹਿੰਮਤ ਕਰ ਸਕੇਗੀ, ਇਸ 'ਤੇ ਆਮ ਆਦਮੀ ਪਾਰਟੀ ਦੀ ਅਥਾਹ ਇਮਾਨਦਾਰੀ ਦਾ ਸਬੂਤ ਮਿਲੇਗਾ।
ਚੁੱਘ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੂੰ ਇਹ ਜ਼ਰੂਰ ਯਾਦ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਇਕ ਸਾਥੀ ਅਤੇ ਦਿੱਲੀ ਸਰਕਾਰ ਦੇ ਮੰਤਰੀ ਸਤਿੰਦਰ ਜੈਨ ਭ੍ਰਿਸ਼ਟਾਚਾਰ ਦੇ ਇਕ ਮਾਮਲੇ 'ਚ ਪਿਛਲੇ 8 ਮਹੀਨਿਆਂ ਤੋਂ ਤਿਹਾੜ ਜੇਲ੍ਹ ਵਿਚ ਬੰਦ ਹਨ, ਪਰ ਆਪਣੇ ਆਪ ਨੂੰ ਇਮਾਨਦਾਰ ਹੋਣ ਦਾ ਦਾਅਵਾ ਕਰਨ ਵਾਲੇ ਅਰਵਿੰਦ ਕੇਜਰੀਵਾਲ ਨੇ ਇਸ ਮੰਤਰੀ ਨੂੰ ਬਰਖ਼ਾਸਤ ਨਹੀਂ ਕੀਤਾ। ਆਮ ਆਦਮੀ ਪਾਰਟੀ ਦੀ ਕਹਿਣੀ ਅਤੇ ਕਰਨੀ 'ਚ ਬਹੁਤ ਵੱਡਾ ਫ਼ਰਕ ਹੈ। ਇਮਾਨਦਾਰ ਸਰਕਾਰ ਦੇ ਦੋ ਮੰਤਰੀ ਭ੍ਰਿਸ਼ਟਾਚਾਰ 'ਚ ਸ਼ਾਮਲ ਹੋਣ ਕਾਰਨ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਹਨ।
ਇਹ ਵੀ ਪੜ੍ਹੋ- ਬਾਰਡਰ ’ਤੇ ਵਿਜੀਬਿਲਟੀ ਜ਼ੀਰੋ ਬਣੀ BSF ਲਈ ਚੁਣੌਤੀ, ਲਗਾਤਾਰ ਵਧ ਰਹੀ ਹੈ ਪਾਕਿਸਤਾਨੀ ਡਰੋਨਾਂ ਦੀ ਮੂਵਮੈਂਟ
ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਦਾ ਦੋਹਰਾ ਚਿਹਰਾ ਸਾਫ਼ ਨਜ਼ਰ ਆ ਰਿਹਾ ਹੈ। ਤਿਹਾੜ ਜੇਲ੍ਹ 'ਚ ਬੰਦ ਸਤਿੰਦਰ ਜੈਨ ਨੂੰ ਮੰਤਰੀ ਦੇ ਅਹੁਦੇ ਤੋਂ ਕਿਉਂ ਨਹੀਂ ਹਟਾਇਆ ਗਿਆ, ਜੇਲ੍ਹ ਨੂੰ ਆਲੀਸ਼ਾਨ VIP ਆਰਾਮਦਾਇਕ ਬਣਾਇਆ ਹੋਇਆ ਹੈ, ਪਰ ਆਪਣੇ ਆਪ ਨੂੰ ਆਮ ਆਦਮੀ ਦਾ ਟੈਗ ਦੇਣ ਵਾਲੇ ਕੇਜਰੀਵਾਲ ਸਾਹਿਬ ਚੁੱਪ ਕਿਉਂ ਹਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।