ਖੇਤ ''ਚ ਖੰਭਾ ਲੱਗਣ ਤੋਂ ਰੋਕਣ ਲਈ ਕਿਸਾਨ ਦੇ ਹੱਕ ''ਚ ਲਗਾਇਆ ਗਿਆ ਧਰਨਾ ਚੁੱਕਿਆ

Saturday, Jun 06, 2020 - 10:15 PM (IST)

ਖੇਤ ''ਚ ਖੰਭਾ ਲੱਗਣ ਤੋਂ ਰੋਕਣ ਲਈ ਕਿਸਾਨ ਦੇ ਹੱਕ ''ਚ ਲਗਾਇਆ ਗਿਆ ਧਰਨਾ ਚੁੱਕਿਆ

ਸੰਗਰੂਰ/ਸੰਦੌੜ,(ਰਿਖੀ) : ਪਿੰਡ ਬਿਸ਼ਨਗੜ ਸਥਿਤ ਗਰਿੱਡ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਗਰੁੱਪ ਵੱਲੋਂ ਇੱਕ ਕਿਸਾਨ ਦੇ ਖੇਤ ਵਿਚ ਖੰਭਾ ਲੱਗਣ ਤੋਂ ਰੋਕਣ ਦੇ ਲਈ ਪੱਕੇ ਤੌਰ 'ਤੇ ਲਗਾਇਆ ਗਿਆ ਧਰਨਾ ਅੱਜ ਥਾਣਾ ਮੁਖੀ ਸੰਦੌੜ ਦੇ ਭਰੋਸੇ ਉਪਰੰਤ ਚੁੱਕ ਦਿੱਤਾ ਗਿਆ ਹੈ। ਕਿਸਾਨ ਯੂਨੀਅਨ ਨੇ ਥਾਣਾ ਸੰਦੌੜ ਦੇ ਮੁਖੀ ਇੰਸਪੈਕਟਰ ਕੁਲਵੰਤ ਸਿੰਘ ਦੇ ਨਾਲ ਗੱਲਬਾਤ ਕਰਕੇ ਇਹ ਧਰਨਾ ਚੁੱਕਣ ਦਾ ਐਲਾਨ ਕੀਤਾ। ਕਿਸਾਨ ਯੂਨੀਅਨ ਦੇ ਖਜਾਨਚੀ ਕੁਲਵਿੰਦਰ ਸਿੰਘ ਭੂਦਨ, ਸੁਰ ਸਿੰਘ ਮਹੋਲੀ ਅਤੇ ਡਾ. ਅਮਰਜੀਤ ਸਿੰਘ ਧਲੇਰ ਨੇ ਕਿਹਾ ਕਿ ਥਾਣਾ ਮੁਖੀ ਸੰਦੌੜ ਨੇ ਭਰੋਸਾ ਦਿੱਤਾ ਹੈ ਕਿ ਇਸ ਮਸਲੇ ਨੂੰ ਮਿਲ ਬੈਠ ਕੇ ਹੱਲ ਕਰਵਾ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਇਸ ਦੇ ਬਾਵਜੂਦ ਬਿਜਲੀ ਵਿਭਾਗ ਨੇ ਫਿਰ ਵੀ ਖੇਤ ਵਿਚ ਖੰਭਾ ਲਗਾਉਣ ਦੀ ਜਿੱਦ ਕੀਤੀ ਤਾਂ ਸੰਘਰਸ ਨੂੰ ਵੱਡੇ ਪੱਧਰ 'ਤੇ ਉਲੀਕਿਆ ਜਾਵੇਗਾ ਅਤੇ ਕਿਸੇ ਵੀ ਕੀਮਤ 'ਤੇ ਕਿਸਾਨ ਦੇ ਖੇਤ ਵਿਚ ਧਰਨਾ ਨਹੀਂ ਲੱਗਣ ਦਿੱਤਾ ਜਾਵੇਗਾ। 

ਜ਼ਿਕਰਯੋਗ ਹੈ ਕਿ ਬਿਜਲੀ ਮਹਿਕਮੇ ਦੇ ਵੱਲੋਂ ਰੇਲਵੇ ਵਿਭਾਗ ਦੇ ਕੁੱਪ ਕਲਾਂ ਸਟੇਸ਼ਨ ਲਈ ਗਰਿੱਡ ਦੇ 'ਚੋਂ ਇਕ ਲਾਈਨ ਕੱਢੀ ਜਾ ਰਹੀ ਹੈ ਅਤੇ ਗਰਿੱਡ ਦੇ ਨਜ਼ਦੀਕ ਪਿੰਡ ਬਿਸ਼ਨਗੜ੍ਹ ਦੇ ਕਿਸਾਨ ਜਰਨੈਲ ਸਿੰਘ ਦੇ ਖੇਤ 'ਚ ਇਕ ਹੋਰ ਵੱਡਾ ਖੰਭਾ ਲਗਾਇਆ ਜਾ ਰਿਹਾ ਹੈ। ਕਿਸਾਨਾਂ ਵੱਲੋਂ ਬਿਜਲੀ ਮਹਿਕਮੇ ਵੱਲੋਂ ਲਗਾਏ ਜਾ ਰਹੇ ਖੰਭੇ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਕਤ ਕਿਸਾਨ ਦੇ ਖੇਤ ਵਿਚ ਪਹਿਲਾਂ ਹੀ ਡੇਢ ਦਰਜਨ ਦੇ ਕਰੀਬ ਖੰਭੇ ਲੱਗੇ ਹੋਏ ਹਨ। ਇਸ ਧਰਨੇ ਮੌਕੇ ਨਿਰਮਲ ਸਿੰਘ ਅਲੀਪੁਰ, ਗੁਰਮੇਲ ਸਿੰਘ ਮਹੋਲੀ, ਮਨਜੀਤ ਸਿੰਘ ਫਰਵਾਲੀ, ਹਰਬੰਸ ਸਿੰਘ ਮਾਣਕੀ,ਦਰਸਨ ਸਿੰਘ ਦੁਲਮਾਂ, ਕੁਲਦੀਪ ਸਿੰਘ ਝਨੇਰ ਆਦਿ ਹਾਜ਼ਰ ਸਨ।
 


author

Deepak Kumar

Content Editor

Related News