ਪੇਂਡੂ ਮਜ਼ਦੂਰ ਯੂਨੀਅਨ ਵੱਲੋਂ 29 ਨੂੰ ਬਲਾਕ ਦਫਤਰਾਂ ਦਾ ਕੀਤਾ ਜਾਵੇਗਾ ਘਿਰਾਓ

Wednesday, Jan 23, 2019 - 12:53 AM (IST)

ਪੇਂਡੂ ਮਜ਼ਦੂਰ ਯੂਨੀਅਨ ਵੱਲੋਂ 29 ਨੂੰ ਬਲਾਕ ਦਫਤਰਾਂ ਦਾ ਕੀਤਾ ਜਾਵੇਗਾ ਘਿਰਾਓ

ਮੋਗਾ, (ਗੋਪੀ)- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਬਲਾਕ ਕਮੇਟੀ ਨੇ ਕਾਂਗਰਸ ਸਰਕਾਰ ਵੱਲੋਂ ਸਰਕਾਰੀ ਪੇਂਡੂ ਹਸਪਤਾਲਾਂ ਨੂੰ ਪ੍ਰਾਈਵੇਟ ਕਰਨ ਦੇ ਫੈਸਲੇ ਦੀ ਜ਼ੋਰਦਾਰ ਨਿਖੇਧੀ ਕੀਤੀ। ਯੂਨੀਅਨ ਵੱਲੋਂ ਪੇਂਡੂ ਮਜ਼ਦੂਰਾਂ ਦੀਆਂ ਮੰਗਾਂ ਦੇ ਹੱਲ ਲਈ 29 ਜਨਵਰੀ ਨੂੰ ਪੰਜਾਬ ਭਰ ਵਿਚ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਦੇ ਦਫਤਰਾਂ ਦੇ ਕੀਤੇ ਜਾ ਰਹੇ ਘਿਰਾਓ ’ਚ ਇਸ ਮਸਲੇ ਨੂੰ ਜ਼ੋਰ-ਸ਼ੋਰ ਨਾਲ ਉਠਾਉਣ ਦਾ ਐਲਾਨ ਵੀ ਕੀਤਾ ਗਿਆ। ਯੂਨੀਅਨ ਦੇ ਬਲਾਕ ਪ੍ਰਧਾਨ ਹਰਬੰਸ ਸਿੰਘ  ਰੋਡੇ, ਜ਼ਿਲਾ ਆਗੂ ਮਲਕੀਤ ਨੇ ਕਿਹਾ ਕਿ ਕੈਪਟਨ ਸਰਕਾਰ ਕਾਰਪੋਰੇਟ ਘਰਾਣਿਆਂ ਅਤੇ ਵੱਡੇ ਜਗੀਰਦਾਰਾਂ ਅਤੇ ਭੂੰਮੀਪਤੀਆਂ ਨੂੰ ਖੁਸ਼ ਕਰ ਰਹੀ ਹੈ ਅਤੇ ਮਿਹਨਤੀ ਲੋਕਾਂ ਸਮੇਤ ਮਜ਼ਦੂਰਾਂ ਦੀਆਂ ਮੰਗਾਂ ਦਾ ਕੋਈ ਹੱਲ ਨਹੀਂ ਕਰ  ਰਹੀ। ਵਿੱਦਿਆ ਅਤੇ ਸਿਹਤ ਵਰਗੀਆਂ ਬੁਨਿਆਦੀ ਸਹੂਲਤਾਂ ਤੱਕ ਦੇਣ ਤੋਂ ਸਰਕਾਰ ਹੱਥ ਜੋਡ਼ਦੀ ਹੋਈ ਇਹ ਮਹਿਕਮੇ ਪ੍ਰਾਈਵੇਟ ਹੱਥਾਂ ਵਿਚ ਦੇਣ ਲਈ ਤਿਆਰੀਆਂ ਕਰੀ ਬੈਠੀ ਹੈ। ਉਨ੍ਹਾਂ ਦੱਸਿਆ ਕਿ ਲੋਡ਼ਵੰਦ ਕਿਰਤੀਆਂ ਨੂੰ ਗ੍ਰਾਮ ਸਭਾਵਾਂ ਦੇ ਇਜਲਾਸਾਂ ਵਿਚ ਪਾਸ ਮਤਿਆਂ ਉੱਪਰ ਤੁਰੰਤ ਕਾਰਵਾਈ ਕਰ ਕੇ ਰਿਹਾਇਸ਼ੀ ਪਲਾਟ ਤੇ ਮਕਾਨ ਉਸਾਰੀ ਲਈ ਗਰਾਂਟ ਦੇਣ, ਰਹਿੰਦੇ ਪਿੰਡਾਂ ਵਿਚ ਗ੍ਰਾਮ ਸਭਾਵਾਂ ਦੇ ਇਜਲਾਸ ਬੁਲਾ ਕੇ ਪਲਾਟ ਦੇਣ ਲਈ ਮਤੇ ਪਾਸ ਕਰਨ, ਮਗਨਰੇਗਾ ਤਹਿਤ ਸਾਲ ਭਰ ਰੁਜ਼ਗਾਰ ਦੇਣ ਜਾਂ ਮਜ਼ਦੂਰਾਂ ਦੀ ਲੋਡ਼ ਅਨੁਸਾਰ ਬੇਰੁਜ਼ਗਾਰੀ ਭੱਤਾ ਦੇਣ, ਦਿਹਾਡ਼ੀ ਪ੍ਰਤੀ ਦਿਨ 500 ਰੁਪਏ ਕਰਨ, ਮਗਨਰੇਗਾ ਤਹਿਤ ਕੀਤੇ ਕੰਮ ਦੇ ਮਿਹਨਤਾਨੇ ਦਾ ਭੁਗਤਾਨ ਸਮੇਤ ਮੁਆਵਜ਼ਾ ਦੇਣ, ਕੱਚੇ ਮਕਾਨਾਂ ਨੂੰ ਪੱਕੇ ਕਰਨ ਲਈ ਗ੍ਰਾਂਟਾਂ ਦੇਣ, ਕੱਟੇ ਨੀਲੇ ਕਾਰਡ ਬਣਵਾਉਣ ਦੇ ਨਾਲ-ਨਾਲ ਪੀਣ ਵਾਲੇ ਸਾਫ ਪਾਣੀ ਦਾ ਮੁਫਤ ਪ੍ਰਬੰਧ ਕਰਨ ਅਤੇ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਨ ਵਰਗੀਆਂ ਮੰਗਾਂ ਦੇ ਹੱਲ ਲਈ 29 ਜਨਵਰੀ ਨੂੰ ਪੰਜਾਬ ਭਰ ਵਿਚ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਦੇ ਦਫਤਰਾਂ ਦਾ ਘਿਰਾਓ ਕਰ ਕੇ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਮੌਕੇ ਮੁਫਤ ਵਿੱਦਿਆ ਅਤੇ ਇਲਾਜ ਦੀ ਸਹੂਲਤਾਂ ਦੇਣ ਦੇ ਮੁੱਦੇ ਨੂੰ ਵੀ ਉਠਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਯੂਨੀਅਨ ਨੇ ਐੱਸ. ਸੀ/ਬੀ. ਸੀ. ਪਰਿਵਾਰਾਂ ਨੂੰ ਮਿਲਦੀ ਘਰੇਲੂ ਬਿਜਲੀ ਬਿੱਲ ਮੁਆਫ਼ੀ ਦੀ ਸਹੂਲਤ ਖੋਹਣ ਲਈ ਲਾਈਆਂ ਸ਼ਰਤਾਂ ਦਾ ਵਿਰੋਧ ਕੀਤਾ ਹੈ। 


author

KamalJeet Singh

Content Editor

Related News