ਪੜ੍ਹੋ ਪੰਜਾਬ ਤਹਿਤ ਟੈਸਟ ਕਰਵਾਉਣ ਆਏ ਅਧਿਕਾਰੀਆਂ ਦਾ ਅਧਿਆਪਕਾਂ ਵਲੋਂ ਵਿਰੋਧ
Friday, Feb 22, 2019 - 05:48 PM (IST)
ਫਰੀਦਕੋਟ (ਜਗਤਾਰ) - ਫਰੀਦਕੋਟ ਦੇ ਪਿੰਡ ਕ੍ਹਿਲਾ ਨੌਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਸਥਿਤੀ ਉਸ ਸਮੇਂ ਤਨਾਅਪੂਰਨ ਬਣ ਗਈ ਜਦੋਂ ਉੱਪ ਜ਼ਿਲਾ ਸਿੱਖਿਆ ਅਫਸਰ ਨੂੰ ਅਧਿਆਪਕਾਂ ਨੇ ਸਕੂਲ 'ਚੋਂ ਭਜਾ ਦਿੱਤਾ। ਇਸ ਮੌਕੇ ਅਧਿਆਪਕਾਂ ਨੇ ਪੜ੍ਹੋ ਪੰਜਾਬ ਤਹਿਤ ਪੁਲਸ ਦੀ ਮਦਦ ਨਾਲ ਹੋਣ ਵਾਲੇ ਟੈਸਟ ਦਾ ਵੀ ਜ਼ੋਰਦਾਰ ਵਿਰੋਧ ਕੀਤਾ।
ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਜ਼ਿਲੇ ਦੇ ਉਪ ਸਿੱਖਿਆ ਅਧਿਕਾਰੀ ਪ੍ਰਦੀਪ ਦਿਉੜਾ ਫਰੀਦਕੋਟ ਦੇ ਨਾਲ ਲਗਦੇ ਪਿੰਡ ਕਿਲ੍ਹਾ ਨੌਂ ਦੇ ਐਲੀਮੈਂਟਰੀ ਸਕੂਲ 'ਚ ਟੈਸਟ ਲੈਣ ਵਾਲੀ ਟੀਮ ਸਣੇ ਪੁਲਸ ਮੁਲਾਜ਼ਮਾਂ ਨਾਲ ਪਹੁੰਚੇ ਸਨ। ਉਨ੍ਹਾਂ ਨੇ ਉਸ ਸਕੂਲ ਦੇ ਅਧਿਆਪਕਾਂ ਨੂੰ ਬੱਚਿਆਂ ਦਾ ਪੜ੍ਹੋ ਪੰਜਾਬ ਤਹਿਤ ਟੈਸਟ ਕਰਵਾਉਣ ਲਈ ਕਿਹਾ, ਜਿਸ ਦਾ ਸਮੂਹ ਅਧਿਆਪਕਾਂ ਨੇ ਤੁਰੰਤ ਬਾਈਕਾਟ ਕਰ ਦਿੱਤਾ। ਪ੍ਰਦੀਪ ਦਿਉੜਾ ਵਲੋਂ ਇਸ ਬਾਈਕਾਟ ਬਾਰੇ ਲਿਖਤ 'ਚ ਮੰਗਣ 'ਤੇ ਅਧਿਆਪਕਾਂ ਨੇ ਆਪਣੇ ਬਾਈਕਾਟ ਬਾਰੇ ਲਿਖਤੀ ਰੂਪ 'ਚ ਦੇ ਦਿੱਤਾ। ਇਸ ਦੇ ਬਾਵਜੂਦ ਜਦ ਉਨ੍ਹਾਂ ਨੇ ਅਧਿਆਪਕਾਂ 'ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਅਧਿਆਪਕਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਸਕੱਤਰ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਅਧਿਆਪਕਾਂ ਦਾ ਰੋਹ ਵੇਖ ਸਿੱਖਿਆ ਸਕੱਤਰ ਆਪਣੀ ਗੱਡੀ 'ਚ ਬੈਠ ਕੇ ਭੱਜ ਗਏ। ਇਸ ਸਬੰਧ 'ਚ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਕੋਈ ਜਵਾਬ ਨਹੀਂ ਦਿੱਤਾ।