ਐਗਜ਼ਿਟ ਪੋਲ : ਕਦੇ ਰਹੇ ਸਟੀਕ ਤਾਂ ਕਦੇ ਰਿਜ਼ਲਟ ਤੋਂ ਉਲਟ

03/08/2022 2:22:10 PM

ਚੰਡੀਗੜ੍ਹ : ਪੰਜਾਬ ’ਚ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ ਪਰ ਉਸ ਤੋਂ ਪਹਿਲਾਂ ਸੋਮਵਾਰ ਸ਼ਾਮ ਨੂੰ 5 ਸੂਬਿਆਂ ’ਚ ਚੋਣਾਂ ਸੰਪੰਨ ਹੋਣ ਤੋਂ ਬਾਅਦ ਐਗਜ਼ਿਟ ਪੋਲ ਆਉਣ ਦਾ ਸਿਲਸਿਲਾ ਸ਼ੁਰੂ ਹੋ ਚੁੱਕਿਆ ਹੈ। ਐਗਜ਼ਿਟ ਪੋਲ ਲਈ ਕਈ ਕੰਪਨੀਆਂ ਨੇ ਸਰਵੇ ਕੀਤਾ ਹੈ ਅਤੇ ਸਾਰਿਆਂ ਦੀ ਰਾਏ ਵੱਖ-ਵੱਖ ਹੈ। ਕਿਸੇ ਨੇ ਪੰਜਾਬ ’ਚ ਆਮ ਆਦਮੀ ਪਾਰਟੀ ਨੂੰ, ਕਿਸੇ ਨੇ ਕਾਂਗਰਸ ਨੂੰ ਅੱਗੇ ਰੱਖਿਆ ਹੈ। ਇਸ ਐਗਜ਼ਿਟ ਪੋਲ ’ਚ ਕਿੰਨਾ ਦਮ ਹੈ, ਇਹ ਤਾਂ 10 ਮਾਰਚ ਨੂੰ ਸਪੱਸ਼ਟ ਹੋ ਜਾਵੇਗਾ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਖੀਰ ਇਸ ਐਗਜ਼ਿਟ ਪੋਲ ’ਚ ਕਿੰਨੀ ਸਟੀਕਤਾ ਹੁੰਦੀ ਹੈ।

ਸਾਲ 2012 ਦਾ ਐਗਜ਼ਿਟ ਪੋਲ

ਪੰਜਾਬ ’ਚ ਸਾਲ 2012 ’ਚ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਜੋ ਐਗਜ਼ਿਟ ਪੋਲ ਆਏ ਸਨ, ਉਨ੍ਹਾਂ ’ਚ ਵੀ ਸਾਰਿਆਂ ਦੀ ਰਾਏ ਵੱਖ-ਵੱਖ ਸੀ। 2012 ਦੇ ਐਗਜ਼ਿਟ ਪੋਲ ’ਚ ਇੰਡੀਆ ਟੀ. ਵੀ. ਸੀ ਵੋਟਰ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ 47, ਕਾਂਗਰਸ ਨੂੰ 65 ਅਤੇ ਹੋਰਨਾਂ ਨੂੰ 5 ਸੀਟਾਂ ਦਿੱਤੀਆਂ ਸਨ। ਇਸੇ ਤਰ੍ਹਾਂ ਨਿਊਜ਼ 24 ਨੇ ਆਪਣੇ ਐਗਜ਼ਿਟ ਪੋਲ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ 52, ਕਾਂਗਰਸ ਨੂੰ 60 ਅਤੇ ਹੋਰਨਾਂ ਨੂੰ 5 ਸੀਟਾਂ ਦਿੱਤੀਆਂ ਸਨ। ਸੀ. ਐੱਨ. ਐੱਨ. ਆਈ. ਬੀ. ਐੱਨ. ਦੇ ਸਰਵੇ ’ਚ ਭਾਜਪਾ-ਅਕਾਲੀ ਦਲ ਨੂੰ 51 ਤੋਂ 63 ਅਤੇ ਕਾਂਗਰਸ ਨੂੰ 48 ਤੋਂ 60 ਸੀਟਾਂ ਦਿੱਤੀਆਂ ਗਈਆਂ ਸਨ। ਇਨ੍ਹਾਂ ਚੋਣਾਂ ’ਚ ਜੋ ਨਤੀਜੇ ਸਾਹਮਣੇ ਆਏ ਸਨ, ਉਨ੍ਹਾਂ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ 68 ਸੀਟਾਂ ਮਿਲੀਆਂ ਸਨ, ਜਦੋਂ ਕਿ ਕਾਂਗਰਸ ਨੂੰ 46 ਸੀਟਾਂ ਮਿਲੀਆਂ। ਹੋਰਨਾਂ ਨੂੰ 3 ਸੀਟਾਂ ’ਤੇ ਹੀ ਸਬਰ ਕਰਨਾ ਪਿਆ। 2012 ਦੇ ਐਗਜ਼ਿਟ ਪੋਲ ਅਤੇ ਰਿਜ਼ਲਟ ਨੂੰ ਜੇਕਰ ਵੇਖਿਆ ਜਾਵੇ ਤਾਂ ਜ਼ਿਆਦਾਤਰ ਨੇ ਕਾਂਗਰਸ ਨੂੰ 60 ਤੋਂ ਵੱਧ ਸੀਟਾਂ ਦਿੱਤੀ ਸੀ, ਜਦੋਂ ਕਿ ਅਕਾਲੀ ਦਲ-ਭਾਜਪਾ ਨੂੰ 50 ਸੀਟਾਂ ਦਿੱਤੀਆਂ ਸਨ। ਨਤੀਜੇ ਇਸ ਤੋਂ ਕੁਝ ਵੱਖ ਸਨ ਅਤੇ ਕਾਂਗਰਸ 50 ਤੋਂ ਹੇਠਾਂ ’ਤੇ ਹੀ ਸਿਮਟ ਗਈ।

ਇਹ  ਵੀ ਪੜ੍ਹੋ : ਕਾਂਗਰਸ ਰਾਜ ਸਭਾ ਲਈ ਨਵੇਂ ਚਿਹਰੇ ਸਾਹਮਣੇ ਲਿਆਵੇਗੀ!

ਸਾਲ 2017 ਦਾ ਐਗਜ਼ਿਟ ਪੋਲ

ਸਾਲ 2017 ’ਚ ਐਗਜ਼ਿਟ ਪੋਲ ’ਚ ਨਿਊਜ਼ 24 ਅਤੇ ਚਾਣਕਇਆ ਨੇ  ਆਮ ਆਦਮੀ ਪਾਰਟੀ ਨੂੰ 54 (+/-9), ਸ਼੍ਰੋਮਣੀ ਅਕਾਲੀ ਦਲ-ਭਾਜਪਾ ਨੂੰ 9 (+/-5) ਅਤੇ ਕਾਂਗਰਸ ਨੂੰ ਵੀ 54 (+/-9) ਸੀਟਾਂ ਦਿੱਤੀਆਂ ਸਨ। ਇਸੇ ਤਰ੍ਹਾਂ ਇੰਡੀਆ ਟੁਡੇ/ਐਕਸਿਸ ਦੇ ਐਗਜ਼ਿਟ ਪੋਲ ’ਚ ਆਮ ਆਦਮੀ ਪਾਰਟੀ ਨੂੰ 42 ਤੋਂ 51, ਕਾਂਗਰਸ ਨੂੰ 62 ਤੋਂ 71 ਅਤੇ ਭਾਜਪਾ-ਅਕਾਲੀ ਦਲ ਨੂੰ 4 ਤੋਂ 7 ਸੀਟਾਂ ਦਿੱਤੀਆਂ ਸਨ। ਇੰਡੀਆ ਟੀ. ਵੀ./ਸੀ-ਵੋਟਰ ਸਰਵੇ ’ਚ ਆਮ ਆਦਮੀ ਪਾਰਟੀ ਨੂੰ 59 ਤੋਂ 67, ਕਾਂਗਰਸ ਨੂੰ 41 ਤੋਂ 49 ਅਤੇ ਅਕਾਲੀ ਦਲ-ਭਾਜਪਾ ਨੂੰ 5 ਤੋਂ 13 ਸੀਟਾਂ ਆਉਣ ਦੀ ਸੰਭਾਵਨਾ ਪ੍ਰਗਟਾਈ ਸੀ। 2017 ਦੇ ਚੋਣਾਂ ’ਚ ਨਤੀਜੇ ਇਸ ਤੋਂ ਕੁਝ ਵੱਖ ਸਨ। ਕਾਂਗਰਸ ਨੂੰ 77 ਸੀਟਾਂ ਮਿਲੀਆਂ, ਜਦੋਂ ਕਿ ਆਮ ਆਦਮੀ ਪਾਰਟੀ ਨੂੰ 40 ਤੋਂ ਵੱਧ ਸੀਟਾਂ ਦਿੱਤੀਆਂ ਜਾ ਰਹੀਆਂ ਸਨ ਪਰ ਰਿਜ਼ਲਟ ’ਚ ਇਹ ਸਿਰਫ਼ 20 ਸੀਟਾਂ ’ਤੇ ਸਿਮਟ ਗਈ। ਸ਼੍ਰੋਮਣੀ ਅਕਾਲੀ ਦਲ ਨੂੰ 15 ਅਤੇ ਭਾਜਪਾ ਨੂੰ 3 ਸੀਟਾਂ ਮਿਲੀਆਂ। ਇਨ੍ਹਾਂ ਦੋਵਾਂ ਪਾਰਟੀਆਂ ਨੇ ਵੀ ਐਗਜ਼ਿਟ ਪੋਲ ਨਾਲੋਂ ਕੁਝ ਬਿਹਤਰ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ : ਰਾਣਾ ਸੋਢੀ ਅਤੇ ਸੁਰਜੀਤ ਖ਼ਿਲਾਫ਼ ਦਰਜ ਮਾਮਲਿਆਂ ਦੀ ਜਾਂਚ ਤੇਜ

ਉੱਤਰ ਪ੍ਰਦੇਸ਼ ਦਾ ਐਗਜ਼ਿਟ ਪੋਲ ਗਣਿਤ

ਉੱਤਰ ਪ੍ਰਦੇਸ਼ ’ਚ ਵੀ ਹਰ ਵਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਐਗਜ਼ਿਟ ਪੋਲ ਦੇ ਮਾਧਿਅਮ ਨਾਲ ਸਰਕਾਰ ਬਣਾਏ ਜਾਣ ਦੀ ਸੰਭਾਵਨਾ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕਈ ਵਾਰ ਨਤੀਜਾ ਅਤੇ ਐਗਜ਼ਿਟ ਪੋਲ ’ਚ ਬਹੁਤ ਫਰਕ ਦੇਖਣ ਨੂੰ ਮਿਲਿਆ ਹੈ। 2012 ’ਚ ਉੱਤਰ ਪ੍ਰਦੇਸ਼ ’ਚ ਸਟਾਰ ਨਿਊਜ਼ ਅਤੇ ਨੀਲਸਨ ਦੇ ਐਗਜ਼ਿਟ ਪੋਲ ’ਚ ਬਸਪਾ ਨੂੰ 83, ਸਮਾਜਵਾਦੀ ਨੂੰ 183, ਭਾਜਪਾ ਨੂੰ 71, ਕਾਂਗਰਸ ਅਤੇ ਆਰ. ਐੱਲ. ਡੀ. ਨੂੰ 51 ਸੀਟਾਂ ਦਿੱਤੀਆਂ ਗਈਆਂ ਸਨ। ਸੀ. ਐੱਨ. ਐੱਲ. ਆਈ. ਬੀ. ਐੱਨ. ਨੇ ਬਸਪਾ ਨੂੰ 65 ਤੋਂ 70, ਸਮਾਜਵਾਦੀ ਪਾਰਟੀ ਨੂੰ 232 ਤੋਂ 250, ਭਾਜਪਾ ਨੂੰ 28 ਤੋਂ 38, ਕਾਂਗਰਸ-ਆਰ. ਐੱਲ. ਡੀ. ਨੂੰ 36 ਤੋਂ 44 ਸੀਟਾਂ ਦਿੱਤੀਆਂ ਸਨ। ਆਜ ਤੱਕ ਦੇ ਐਗਜ਼ਿਟ ਪੋਲ ’ਚ ਬਸਪਾ ਨੂੰ 88 ਤੋਂ 98, ਸਮਾਜਵਾਦੀ ਪਾਰਟੀ ਨੂੰ 195 ਤੋਂ 210, ਭਾਜਪਾ ਨੂੰ 50 ਤੋਂ 56 ਅਤੇ ਕਾਂਗਰਸ-ਆਰ. ਐੱਲ. ਡੀ. ਨੂੰ 38 ਤੋਂ 42 ਸੀਟਾਂ ਦਿੱਤੀਆਂ ਗਈਆਂ ਸਨ ਪਰ ਜਦੋਂ ਨਤੀਜੇ ਆਏ ਤਾਂ ਕਈ ਚੀਜ਼ਾਂ ਵੱਖ ਦੇਖਣ ਨੂੰ ਮਿਲੀਆਂ। ਸਮਾਜਵਾਦੀ ਪਾਰਟੀ ’ਤੇ ਲਾਇਆ ਗਿਆ ਅੰਦਾਜਾ ਜ਼ਿਆਦਾਤਰ ਸਹੀ ਨਿਕਲਿਆ ਅਤੇ ਉਸ ਨੂੰ 224 ਸੀਟਾਂ ਮਿਲੀਆਂ। ਇਸੇ ਤਰ੍ਹਾਂ ਭਾਜਪਾ ਇਨ੍ਹਾਂ ਚੋਣਾਂ ’ਚ 47 ਸੀਟਾਂ ’ਤੇ ਹੀ ਸਿਮਟ ਗਈ। ਬਹੁਜਨ ਸਮਾਜ ਪਾਰਟੀ 80 ਸੀਟਾਂ ’ਤੇ ਸਿਮਟ ਗਈ, ਜਿਵੇਂ ਕ‌ਿ ਐਗਜ਼ਿਟ ਪੋਲ ’ਚ ਸੰਭਾਵਨਾ ਪ੍ਰਗਟਾਈ ਗਈ ਸੀ। ਕਾਂਗਰਸ ਵੀ ਆਰ. ਐੱਲ. ਡੀ. ਦੇ ਨਾਲ ਮਿਲ ਕੇ ਇੱਥੋਂ 37 ਸੀਟਾਂ ਹੀ ਲੈ ਸਕੀ।

ਇਸੇ ਤਰ੍ਹਾਂ 2017 ਦੇ ਯੂ. ਪੀ. ਵਿਧਾਨ ਸਭਾ ਚੋਣਾਂ ’ਚ ਐਗਜ਼ਿਟ ਪੋਲ ’ਚ ਭਾਜਪਾ ਨੂੰ 160 ਤੋਂ ਲੈ ਕੇ 309 ਤੱਕ ਸੀਟਾਂ ਦਿੱਤੀਆਂ ਗਈਆਂ ਸਨ, ਜਦੋਂ ਕਿ ਬਹੁਜਨ ਸਮਾਜ ਪਾਰਟੀ ਨੂੰ 28 ਤੋਂ 90 ਦੇ ਲਗਭਗ ਸੀਟਾਂ ਐਗਜ਼ਿਟ ਪੋਲ ’ਚ ਮਿਲੀਆਂ। ਉਨ੍ਹਾਂ ਚੋਣਾਂ ’ਚ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਮਿਲ ਕੇ ਚੋਣਾਂ ਲੜੀਆਂ ਸਨ। ਇਸ ਗਠਜੋੜ ਨੂੰ ਐਗਜ਼ਿਟ ਪੋਲ ’ਚ 47 ਤੋਂ ਲੈ ਕੇ 178 ਤੱਕ ਸੀਟਾਂ ਦਿੱਤੀਆਂ ਗਈਆਂ ਸਨ ਪਰ ਜਦੋਂ ਚੋਣ ਨਤੀਜੇ ਆਏ, ਉਨ੍ਹਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਭਾਜਪਾ ਨੂੰ ਉਮੀਦ ਮੁਤਾਬਿਕ 312 ਸੀਟਾਂ ਮਿਲੀਆਂ, ਜਦੋਂ ਕਿ ਬਹੁਜਨ ਸਮਾਜ ਪਾਰਟੀ ਦੀ ਸਭ ਤੋਂ ਬੁਰੀ ਸਥਿਤੀ ਸੀ। ਬਹੁਜਨ ਸਮਾਜ ਪਾਰਟੀ 19 ’ਤੇ ਸਿਮਟ ਗਈ ਅਤੇ ਸਮਾਜਵਾਦੀ ਪਾਰਟੀ ਨੇ ਕਾਂਗਰਸ ਨਾਲ ਮਿਲ ਕੇ 54 ਸੀਟਾਂ ਹਾਸਲ ਕੀਤੀਆਂ।

ਨੋਟ: ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Anuradha

Content Editor

Related News