ਇਨਸਾਫ਼ ਮਿਲਣਾ ਹਰ ਇਕ ਦਾ ਹੱਕ ਹੈ, ਕਿਸੇ ਵੀ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : SSP

01/21/2021 12:01:21 AM

ਮਾਨਸਾ: ਜ਼ਿਲ੍ਹਾ ਪੁਲਸ ਲੋਕਾਂ ਦੀ ਸੇਵਾ, ਸੁਰੱਖਿਆ, ਇਨਸਾਫ ਦੇਣ ਅਤੇ ਦੁੱਖ ਤਕਲੀਫਾਂ ਸੁਣਨ ਤੋਂ ਇਲਾਵਾ ਵੱਡੇ ਪੱਧਰ 'ਤੇ ਨਸ਼ੇ, ਨਜਾਇਜ ਸ਼ਰਾਬ, ਭਗੌੜਿਆਂ ਨੂੰ ਕਾਬੂ ਕਰਨ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਖਤਰਨਾਕ ਗਿਰੋਹਾਂ ਨੂੰ ਕਾਬੂ ਕਰ ਚੁੱਕੀ ਹੈ। ਮਾਨਸਾ ਪੁਲਸ ਨੇ ਕੁੱਝ ਅਜਿਹੇ ਮਾਮਲੇ ਵੀ ਸੁਲਝਾਏ ਹਨ, ਜੋ ਲੰਮੇਂ ਸਮੇਂ ਤੋਂ ਲਟਕੇ ਹੋਏ ਸਨ ਅਤੇ ਉਨ੍ਹਾਂ ਦੇ ਹੱਲ ਹੋਣ ਦੀ ਕੋਈ ਉਮੀਦ ਨਹੀਂ ਸੀ। ਬਤੌਰ ਐਸ. ਐਸ. ਪੀ. ਸੁਰੇਂਦਰ ਲਾਂਬਾ ਨੇ ਵਧੀਕੀਆਂ ਨੂੰ ਲੈ ਕੇ ਨਾ ਕਦੇ ਪੁਲਸ, ਨਾ ਕਦੇ ਸਿਆਸਤਦਾਨਾਂ ਅਤੇ ਨਾ ਹੀ ਕਦੇ ਵੱਡੇ ਲੋਕਾਂ ਦੀ ਪ੍ਰਵਾਹ ਕੀਤੀ ਹੈ। ਉਨ੍ਹਾਂ ਅਨੁਸਾਰ ਇੰਨਸਾਫ ਮਿਲਣਾ ਹਰ ਇੱਕ ਨੂੰ ਜਰੂਰੀ ਹੈ ਅਤੇ ਵਧੀਕੀਆਂ ਅਤੇ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕੁੱਝ ਸ਼ਿਕਾਇਤਾਂ ਪੁਲਸ ਵਿਰੁੱਧ ਮਿਲਣ ਤੇ ਵੀ ਉਹ ਕਾਰਵਾਈ ਨੂੰ ਅੰਜਾਮ ਦੇ ਚੁੱਕੇ ਹਨ। ਜਿੰਨਾਂ ਦੀ ਅਗਵਾਈ ਵਿੱਚ ਮਾਨਸਾ ਪੁਲਿਸ ਭ੍ਰਿਸ਼ਟਾਚਾਰ ਰਹਿਤ ਇਮਾਨਦਾਰੀ ਵਾਲੀ ਡਿਊਟੀ ਨਿਭਾ ਰਹੀ ਹੈ। ਮਾਨਸਾ ਪੁਲਸ ਦਾ ਯਤਨ ਹੈ ਕਿ ਪੁਲਸ ਨੇ ਲੋਕਾਂ ਨੁੰ ਸੁਰੱਖਿਆ ਤੇ ਇੰਨਸਾਫ ਦੇਣਾ ਹੁੰਦਾ ਹੈ, ਉਸਦੇ ਦਰ ਤੋਂ ਕੋਈ ਬੇਉਮੀਦਾ ਅਤੇ ਵਧੀਕੀਆਂ ਦਾ ਸ਼ਿਕਾਰ ਨਾ ਹੋਵੇ। ਪੁਲਸ ਮਾਨਸਾ ਨੇ ਕੋਰੋਨਾ ਦੇ ਖਿਲਾਫ ਜੰਗ ਲੜਨ ਤੋਂ ਇਲਾਵਾ ਸੜਕੀ ਆਵਾਜਾਈ ਦੀਆਂ ਦੁਰਘਟਨਾਵਾਂ ਰੋਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਅਤੇ ਲੋਕਾਂ ਨੂੰ ਕੋਰੋਨਾ ਤੋਂ ਸਾਵਧਾਨ ਕਰਨ ਵਿੱਚ ਆਪਣੇ ਤੌਰ ਤੇ ਜਾਗਰੂਕ ਸੈਮੀਨਾਰ ਆਦਿ ਕਰਵਾਏ। ਅੱਜਕੱਲ ਮਾਨਸਾ ਪੁਲਸ ਦਾ ਸੜਕ ਸੁਰੱਖਿਆ ਅਭਿਆਨ ਚੱਲ ਰਿਹਾ ਹੈ, ਜਿਸ ਤਹਿਤ ਵਾਹਨਾਂ ਤੇ ਵੱਡੀ ਤਦਾਦ ਵਿੱਚ ਰਿਫਲੈਕਟਰ ਲਾਏ ਜਾ ਚੁੱਕੇ ਹਨ। ਵੱਖ ਵੱਖ ਪਹਿਲੂਆਂ ਅਤੇ ਪੁਲਸ ਦੀ ਕਾਰਗੁਜਾਰੀ ਸਬੰਧੀ ਐਸ. ਐਸ. ਪੀ. ਸੁਰੇਂਦਰ ਲਾਂਬਾ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ।

ਪੁਲਸ ਦੀ ਕੀ ਹੈ ਕਾਰਗੁਜਾਰੀ?
ਜ਼ਿਲ੍ਹਾ ਪੁਲਸ ਲੋਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਇੰਨਸਾਫ ਦੇਣ ਲਈ ਹੈ। ਆਮ ਤੌਰ ਤੇ ਪੁਲਸ ਦੀ ਭੂਮਿਕਾ ਨੂੰ ਸ਼ੱਕੀ ਨਜ਼ਰ ਨਾਲ ਦੇਖਿਆ ਜਾਂਦਾ ਹੈ, ਪਰ ਮਾਨਸਾ ਪੁਲਸ ਨੇ ਲੰਮੇਂ ਸਮੇਂ ਵਿੱਚ ਲੋਕਾਂ ਲਈ ਹਮੇਸ਼ਾਂ ਦਰਵਾਜੇ ਖੁੱਲੇ ਰੱਖ ਕੇ ਉਨ੍ਹਾਂ ਨੂੰ ਇੰਨਸਾਫ ਤੇ ਸੁਰੱਖਿਆ ਮੁਹੱਈਆ ਕਰਵਾਈ। ਸਮਾਜ ਦੇ ਬੁਰੇ ਅਨਸਰਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆ ਕੇ ਅਜਿਹੇ ਵਿਅਕਤੀਆਂ ਨੂੰ ਜੇਲ੍ਹਾਂ ਵਿੱਚ ਡੱਕਿਆ ਜੋ ਸਮਾਜ ਵਿੱਚ ਭੈਅ ਅਤੇ ਬੁਰਾਈਆਂ ਪੈਦਾ ਕਰਦੇ ਸਨ। ਪੁਲਸ ਦੇ ਕੋਲ ਅਨੇਕਾਂ ਸ਼ਿਕਾਇਤਾਂ ਆਉਂਦੀਆਂ ਜਾਂਦੀਆਂ ਹਨ ਅਤੇ ਹਰ ਸ਼ਿਕਾਇਤ ਨੂੰ ਗੰਭੀਰਤਾ ਨਾਲ ਵਿਚਾਰ ਕੇ ਉਸ 'ਤੇ ਕਾਰਵਾਈ, ਸ਼ਿਕਾਇਤ ਕਰਤਾ ਦੀ ਸੁਣਵਾਈ ਕਰਕੇ ਇੰਨਸਾਫ ਮੁਹੱਈਆ ਕਰਵਾਇਆ ਜਾਂਦਾ ਹੈ। ਹੁਣ ਤੱਕ ਮਾਨਸਾ ਪੁਲਸ ਸੈਂਕੜੇ ਅਜਿਹੇ ਮਾਮਲੇ ਹੱਲ ਕਰ ਚੁੱਕੀ ਹੈ, ਜਿੰਨਾਂ ਪ੍ਰਤੀ ਆਮ ਲੋਕਾਂ ਦੀਆਂ ਅਨੇਕਾਂ ਸ਼ਿਕਾਇਤਾਂ ਅਤੇ ਪੁਲਸ ਵੱਲੋਂ ਕੋਈ ਸੁਣਵਾਈ ਨਾ ਕਰਨ ਦੇ ਸ਼ਿੱਕਵੇ ਸਨ। ਜਿੰਨਾ ਸਾਰਿਆਂ ਨੂੰ ਦੂਰ ਕਰ ਦਿੱਤਾ ਗਿਆ ਹੈ ਅਤੇ ਇਸ ਭਰੋਸਾ ਦਿੱਤਾ ਹੈ ਕਿ ਪੁਲਸ ਕੋਲ ਹਰ ਵਿਅਕਤੀ ਦੀ ਸੁਣਵਾਈ ਅਤੇ ਸੁਰੱਖਿਆ ਉਪਲੱਬਧ ਹੈ, ਇਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਭੈਅ ਨਾ ਮੰਨਿਆ ਜਾਵੇ। ਹਰ ਆਮ ਵਿਅਕਤੀ ਪੁਲਸ ਅਧਿਕਾਰੀਆਂ ਨਾਲ ਆਪਣੀ ਗੱਲਬਾਤ ਰੱਖਣ ਲਈ ਅਜਾਦ ਹੈ। ਉਸ 'ਤੇ ਕੋਈ ਬੰਦਿਸ਼ ਜਾਂ ਨਾ ਸੁਣਵਾਈ ਹੋਣ ਦਾ ਸਵਾਲ ਵੀ ਪੈਦਾ ਨਹੀਂ ਹੁੰਦਾ। ਪੁਲਸ ਲੋਕਾਂ ਦੀ ਸੁਰੱਖਿਆ ਅਤੇ ਹਿਫਾਜਤ ਲਈ ਹੈ।

ਹੁਣ ਤੱਕ ਨਸ਼ੇ ਖਿਲਾਫ ਪੁਲਸ ਨੇ ਕੀ ਕੀਤਾ?
ਮਾਨਸਾ ਪੁਲਸ ਨਸ਼ਿਆਂ ਦੇ ਖਿਲਾਫ ਵਿਸ਼ੇਸ਼ ਅਭਿਆਨ ਚਲਾ ਕੇ ਨਸ਼ਾ ਤਸਕਰੀ ਦੇ ਸੈਂਕੜੇ ਵਿਅਕਤੀਆਂ ਨੂੰ ਕਾਬੂ ਕਰਨ ਤੋਂ ਇਲਾਵਾ ਵੱਡੀ ਤਦਾਦ ਵਿੱਚ ਬਾਹਰਲੇ ਸੂਬਿਆਂ ਤੋਂ ਆਉਂਦੀ ਸ਼ਰਾਬ,ਸਮੈਕ, ਅਫੀਮ ਆਦਿ ਬਰਾਮਦ ਕਰ ਚੁੱਕੀ ਹੈ। ਅਨੇਕਾਂ ਵਿਅਕਤੀਆਂ ਨੂੰ ਜੋ ਪੁਲਸ ਨੂੰ ਚਕਮਾ ਦੇ ਕੇ ਅਦਾਲਤ ਵੱਲੋਂ ਭਗੌੜੇ ਐਲਾਨੇ ਜਾ ਚੁੱਕੇ ਸਨ, ਨੂੰ ਕਾਬੂ ਕਰਕੇ ਜੇਲ ਭੇਜਿਆ ਗਿਆ ਹੈ। ਹੁਣ ਤੱਕ ਮਾਨਸਾ ਪੁਲਿਸ ਹੈਰੋਇੰਨ, ਸਮੈਕ, ਭੁੱਕੀ, ਗਾਂਜਾ, ਦਵਾਈਆਂ, ਟੀਕੇ, ਸੁਲਫਾ, ਭੰਗ, ਲਾਹਣ, ਸ਼ਰਾਬ ਦੀ ਵੱਡੀ ਖੇਪ ਫੜ੍ਹ ਚੁੱਕੀ ਹੈ। ਆਮ ਤੌਰ ਤੇ ਨਸ਼ਾ ਤਸਕਰ ਬਿੰਨਾ ਨੰਬਰ ਵਾਲੀਆਂ ਗੱੜੀਆਂ ਜਾਂ ਗੱਡੀਆਂ ਦੇ ਨੰਬਰ ਬਦਲ ਕੇ ਬਾਹਰਲੇ ਸੂਬਿਆਂ ਤੋਂ ਨਸ਼ੀਲੇ ਪਦਾਰਥ ਲਿਆ ਕੇ ਉਨ੍ਹਾਂ ਨੂੰ ਸਪਲਾਈ ਕਰਦੇ ਹਨ, ਪਰ ਮਾਨਸਾ ਪੁਲਸ ਦੀ ਪੈਨੀ ਨਜ਼ਰ ਨੇ ਤਸਕਰਾਂ ਦੇ ਮਨਸੂਬੇ ਤੋੜਦਿਆਂ ਨਸ਼ਾ ਤਸਕਰਾਂ ਨੂੰ ਠੱਲ ਹੀ ਨਹੀਂ ਪਾਈ, ਬਲਕਿ ਵੱਡੀ ਪੱਧਰ ਤੇ ਵਾਹਨਾਂ ਸਮੇਤ ਨਸ਼ਿਆਂ ਦੀ ਖੇਪ ਬਰਾਮਦ ਕਰਕੇ ਤਸਕਰਾਂ ਨੂੰ ਸਲਾਖਾਂ ਦੇ ਪਿੱਛੇ ਭੇਜਿਆ ਗਿਆ ਹੈ। ਪੁਲਸ ਨੂੰ ਸੂਚਨਾ ਮਿਲਦੇ ਹੀ ਅਨੇਕਾਂ ਤਸਕਰਾਂ ਦੇ ਪਤੇ ਲੱਗੇ ਅਤੇ ਜਿੰਨਾਂ ਨੂੰ ਫੜ੍ਹ ਕੇ ਪੁਲਸ ਹੋਰਨਾ ਤਸਕਰਾਂ ਤੱਕ ਪਹੁੰਚੀ। ਉਨ੍ਹਾਂ ਦੱਸਿਆ ਕਿ ਮਾਨਸਾ ਅੰਦਰ ਨਸ਼ੇ ਦੀ ਸਪਲਾਈ ਬਿਲਕੁੱਲ ਖਤਮ ਹੈ ਅਤੇ ਇਸ ਨੂੰ ਬੜ੍ਹੀ ਸਖਤੀ ਤੇ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਪੁਲਸ ਪ੍ਰਤੀ ਵੀ ਹੁੰਦੀਆਂ ਨੇ ਸ਼ਿਕਾਇਤਾਂ?
 ਪੁਲਸ ਮਾਨਸਾ ਲੋਕਾਂ ਨੂੰ ਸਮਰਪਿਤ ਹੈ। ਜ਼ਿਲ੍ਹੇ ਅੰਦਰ ਪੁਲਸ ਪ੍ਰਤੀ ਸ਼ਿਕਾਇਤਾਂ ਅਤੇ ਇਸ ਵਿੱਚ ਭ੍ਰਿਸ਼ਟਾਚਾਰ ਜਾਂ ਰਿਸ਼ਵਤਖੋਰੀ ਵਾਲੀ ਕੋਈ ਸ਼ਿਕਾਇਤ ਨਹੀਂ ਹੈ। ਵਧੀਕੀਆਂ ਨੂੰ ਲੈ ਕੇ ਵੀ ਮਾਨਸਾ ਪੁਲਿਸ ਪ੍ਰਤੀ ਕੋਈ ਸ਼ਿਕਾਇਤ ਕਦੇ ਨਹੀਂ ਆਈ, ਕੁੱਝ ਸ਼ਿਕਾਇਤਾਂ ਜੋ ਆਈਆਂ, ਉਨ੍ਹਾਂ ਅਨੁਸਾਰ ਫੌਰੀ ਤੌਰ ਤੇ ਕਾਰਵਾਈ ਕਰਕੇ ਉਨ੍ਹਾਂ ਨੂੰ ਅਮਲ ਵਿੱਚ ਲਿਆਂਦਾ ਗਿਆ। ਇਸ ਤੋਂ ਇਲਾਵਾ ਵੀ ਸਮੇਂ ਸਮੇਂ ਤੇ ਪੁਲਸ ਅਧਿਕਾਰੀਆਂ, ਥਾਣਿਆਂ ਅਤੇ ਆਮ ਲੋਕਾਂ ਦੀਆਂ ਆਉਣ ਵਾਲੀਆਂ ਸ਼ਿਕਾਇਤਾਂ ਨੂੰ ਸੰਜੀਦਗੀ ਨਾਲ ਲਿਆ ਜਾਂਦਾ ਹੈ। ਥਾਣਿਆਂ ਅੰਦਰ ਲੋਕਾਂ ਦੀ ਸੁਣਵਾਈ ਨੂੰ ਲਾਜਮੀ ਬਣਾਇਆ ਗਿਆ ਹੈ। ਹਰ ਆਉਣ ਵਾਲੀ ਸ਼ਿਕਾਇਤ, ਵੋਮੈਨ ਸੈਲ ਵਿੱਚ ਆਉਣ ਵਾਲੇ ਘਰੇਲੂ ਝਗੜਿਆਂ ਦੇ ਨਿਪਟਾਰੇ ਅਤੇ ਹਰ ਪੀੜ੍ਹਤ ਵਿਅਕਤੀ ਦੀ ਸੁਣਵਾਈ ਕਰਕੇ ਉਸ ਦਾ ਫੌਰੀ ਹੱਲ ਕਰਨਾ ਮਾਨਸਾ ਪੁਲਸ ਦੀ ਕੰਮ ਕਰਨ ਵਾਲੀ ਪਹਿਲੀ ਸੂਚੀ ਵਿੱਚ ਸ਼ਾਮਿਲ ਹੈ। ਇਸ ਤੋਂ ਇਲਾਵਾ ਔਰਤਾਂ ਨਾਲ ਛੇੜਛਾੜ, ਵਧੀਕੀਆਂ ਸਬੰਧੀ ਮਿਲਣ ਵਾਲੀਆਂ ਸ਼ਿਕਾਇਤਾਂ,ਸੂਚਨਾਵਾਂ ਤੇ ਮਾਨਸਾ ਪੁਲਿਸ ਮੌਕੇ ਤੇ ਪੁੱਜ ਕੇ ਨਿਪਟਾਰਾ ਕਰਦੀ ਹੈ।

ਮਾਨਸਾ ਅੰਦਰ ਥਾਣਿਆਂ ਦੇ ਕੰਮਕਾਜ ਕੀ ਨੇ?
ਜ਼ਿਲ੍ਹੇ ਦੇ ਹਰ ਥਾਣੇ ਅੰਦਰ ਲੋਕਾਂ ਦੀ ਸ਼ਿਕਾਇਤ ਸੁਣਨ ਲਈ ਵਿਸ਼ੇਸ਼ ਤੌਰ ਤੇ ਰਜਿਸ਼ਟਰ ਦਰਜ ਹਨ। ਇਸ ਤੋਂ ਇਲਾਵਾ ਵੋਮੈਨ ਸੈਲ, ਆਰਥਿਕ ਅਪਰਾਧਿਕ ਸ਼ਾਖਾ, ਸੀਆਈਏ ਸਟਾਫ, ਪੁਲਿਸ ਚੌਂਕੀਆਂ ਸਥਾਪਿਤ ਹਨ। ਜਿੰਨਾਂ ਵਿੱਚ ਲੋਕਾਂ ਦੀ ਸੁਣਵਾਈ ਤੋਂ ਇਲਾਵਾ ਚਲੰਤ ਮਾਮਲਿਆਂ ਨੂੰ ਮੌਕੇ ਤੇ ਨਿਪਟਾ ਕੇ ਲੋਕਾਂ ਨੂੰ ਇੰਨਸਾਫ ਦਿੱਤਾ ਜਾਂਦਾ ਹੈ। ਥਾਣਿਆਂ ਪ੍ਰਤੀ ਕਦੇ ਕੋਈ ਸ਼ਿਕਾਇਤ ਪੁਲਿਸ ਮੁੱਖੀ ਕੋਲ ਨਹੀਂ ਆਈ ਅਤੇ ਨਾ ਹੀ ਕਦੇ ਆਮ ਜਨਤਾ ਨੇ ਥਾਣਿਆਂ ਪ੍ਰਤੀ ਉਨ੍ਹਾਂ ਦੀ ਸੁਣਵਾਈ ਨਾ ਹੋਣ ਦਾ ਸ਼ਿਕਵਾ ਜਾਂ ਸ਼ਿਕਾਇਤ ਕੀਤੀ ਹੈ। ਔਰਤਾਂ ਲਈ ਸਥਾਪਿਤ ਸੈਲਾਂ ਅੰਦਰ ਵਿਸ਼ੇਸ਼ ਤੌਰ ਤੇ ਸੁਣਵਾਈ ਕੀਤੀ ਜਾਂਦੀ ਹੈ। ਮਹਿਲਾ ਪੁਲਿਸ ਵਿਸ਼ੇਸ਼ ਤੌਰ ਤੇ ਆਪਣਾ ਕੰਮਕਾਜ ਕਰਦੀ ਹੈ। ਔਰਤਾਂ ਦੀ ਸੁਣਵਾਈ ਲਈ ਪਹਿਲਾਂ ਤੋਂ ਵੀ ਵੋਮੈਨ ਸੈਲ ਸਥਾਪਿਤ ਹੈ, ਜਲਦੀ ਹੀ ਮਾਨਸਾ ਅੰਦਰ ਤਿੰਨ ਨਵੇਂ ਥਾਣਿਆਂ, ਥਾਣਾ ਸਿਟੀ-2 ਮਾਨਸਾ, ਥਾਣਾ ਸਦਰ ਮਾਨਸਾ ਅਤੇ ਥਾਣਾ ਝੁਨੀਰ ਦੇ ਥਾਣਿਆਂ ਦੀ ਇਮਾਰਤ ਨਵੀਂ ਬਣਾਏ ਜਾਣ ਦੀ ਯੋਜਨਾ ਉਲੀਕੀ ਗਈ ਹੈ। ਉਮੀਦ ਹੈ ਕਿ ਆਉਂਦੇ ਸਮੇਂ ਵਿੱਚ ਇੰਨ੍ਹਾਂ ਥਾਣਿਆਂ ਦੀਆਂ ਨਵੀਆਂ ਇਮਾਰਤਾਂ ਬਣ ਕੇ ਤਿਆਰ ਹੋ ਜਾਣਗੀਆਂ। ਜਿੱਥੇ ਲੋਕਾਂ ਨੂੰ ਇੰਨਸਾਫ ਅਤੇ ਪੁਲਿਸ ਸੁਰੱਖਿਆ ਹਰ ਵੇਲੇ ਮੁਹੱਈਆ ਹੋਵੇਗੀ।
   
ਕੀ ਪੁਲਸ ਤੇ ਪੈਂਦਾ ਹੈ ਰਾਜਨੀਤਿਕ ਦਬਾਅ?
ਨਹੀਂ, ਅਜਿਹਾ ਨਹੀਂ ਹੈ, ਇਸ ਸਿਰਫ ਕਹਿਣ ਕਹਾਉਣ ਦੀਆਂ ਗੱਲਾਂ ਹਨ। ਪੁਲਿਸ ਕਾਨੂੰਨ ਅਨੁਸਾਰ ਆਪਣਾ ਕੰਮ ਕਰਦੀ ਹੈ। ਇਹ ਜਰੂਰ ਹੈ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਨਾ ਪੁਲਿਸ ਦੀ ਡਿਊਟੀ ਹੈ। ਸਰਕਾਰ ਕੋਈ ਵੀ ਮੁਹਿੰਮ ਚਲਾਵੇ ਜਾਂ ਪੁਲਿਸ ਨੂੰ ਆਦੇਸ਼ ਕਰੇ ਤਾਂ ਪੁਲਿਸ ਉਸ ਅਨੁਸਾਰ ਆਪਣੀ ਡਿਊਟੀ ਤਨਦੇਹੀ ਨਾਲ ਕਰਦੀ ਹੈ। ਉਸ ਦਾ ਕੰਮ ਸਭ ਨੂੰ ਇੰਨਸਾਫ ਦੇਣਾ ਅਤੇ ਸਭ ਦੀ ਸੁਣਵਾਈ ਕਰਨਾ ਹੈ। ਪੁਲਿਸ ਦੀ ਨਜਰ ਵਿੱਚ ਕੋਈ ਛੋਟਾ ਜਾਂ ਵੱਡਾ ਨਹੀਂ ਹੁੰਦਾ ਅਤੇ ਨਾ ਹੀ ਉਹ ਕੋਈ ਸਮਾਜਿਕ ਮੱਤਭੇਦ ਰੱਖਦੀ ਹੈ। ਮਾਨਸਾ ਪੁਲਿਸ ਨੇ ਹਰ ਮਾਮਲੇ ਵਿੱਚ ਕਾਨੂੰਨ ਨੂੰ ਅੱਗੇ ਰੱਖ ਕੇ ਕੰਮ ਕੀਤੇ ਅਤੇ ਕਰ ਰਹੀ ਹੈ। ਇਸ ਅਧੀਨ ਉਸ ਉਤੇ ਕਦੇ ਕੋਈ ਵੀ ਰਾਜਨੀਤਿਕ ਦਬਾਅ ਨਹੀਂ ਪਾਇਆ ਗਿਆ ਅਤੇ ਨਾ ਹੀ ਪੁਲਿਸ ਨੇ ਅਜਿਹਾ ਕਦੇ ਕੋਈ ਦਬਾਅ ਮੰਨਿਆ ਹੈ। ਇਹ ਖੁਸ਼ੀ ਦੀ ਗੱਲ ਹੈ ਕਿ ਮਾਨਸਾ ਪੁਲਿਸ ਦਾ ਰਿਕਾਰਡ ਬੋਲਦਾ ਹੈ ਕਿ ਉਸ ਨੇ ਸਭ ਤਰ੍ਹਾਂ ਦੇ ਲੋਕਾਂ ਨੂੰ ਬਰਾਬਰ ਦਾ ਮੰਨ ਕੇ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਕੰਮ ਕੀਤੇ ਅਤੇ ਕਰ ਰਹੀ ਹੈ। ਵਧੀਕੀਆਂ ਅਤੇ ਧੱਕੇਸ਼ਾਹੀਆਂ ਨੂੰ ਪੁਲਿਸ ਸਖਤੀ ਨਾਲ ਲੈਂਦੀ ਹੈ ਅਤੇ ਨਸ਼ਾ ਤਸਕਰਾਂ ਖਿਲਾਫ ਉਸ ਦੀ ਮੁਹਿੰਮ ਜੋਰਾਂ ਸ਼ੋਰਾਂ ਤੇ ਹੈ।


Bharat Thapa

Content Editor

Related News