ਬੈਂਕਾਂ ਦੀ ਹੜਤਾਲ ਕਾਰਨ ਜ਼ਿਲੇ ’ਚ 50 ਕਰੋੜ ਦਾ ਲੈਣ-ਦੇਣ ਰੁਕਿਆ
Thursday, Dec 27, 2018 - 01:13 AM (IST)
ਮੋਗਾ, (ਗੋਪੀ)- ਬੈਂਕ ਮੁਲਾਜ਼ਮਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਕੀਤੀ ਗਈ ਦੇਸ਼ ਵਿਆਪੀ ਹਡ਼ਤਾਲ ਕਾਰਨ ਜਿੱਥੇ ਰੋਜ਼ਾਨਾ ਦਾ ਕੰਮ-ਕਾਜ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਬੈਂਕ ਮੁਲਾਜ਼ਮਾਂ ਨੇ ਹਡ਼ਤਾਲ ਕਰ ਕੇ ਆਪਣੀਆਂ ਮੰਗਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਦਿਆਂ ਆਪਣਾ ਰੋਹ ਵੀ ਜਤਾਇਆ ਹੈ। 21 ਤੋਂ 23 ਦਸੰਬਰ ਤੱਕ ਹਡ਼ਤਾਲ ਦੇ ਸੱਦੇ ’ਤੇ ਬੈਂਕਾਂ ਬੰਦ ਰਹਿਣ ਮਗਰੋਂ ਸਿਰਫ 24 ਤਰੀਕ ਨੂੰ ਹੀ ਖੁੱਲ੍ਹੀਆਂ ਤੇ 25 ਨੂੰ ਕ੍ਰਿਸਮਸ ਦੀ ਛੁੱਟੀ ਅਤੇ ਅੱਜ ਫਿਰ ਹਡ਼ਤਾਲ ਦੇ ਸੱਦੇ ’ਤੇ ਬੈਂਕਾਂ ਬੰਦ ਰਹਿਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬੈਂਕਾਂ ’ਚ ਜਿਥੇ ਪੈਸੇ ਜਮ੍ਹਾ ਕਰਵਾਉਣ ਤੇ ਕਢਾਉਣ ਵਾਲਿਆਂ ਨੂੰ ਮੁਸ਼ਕਲਾਂ ਪੇਸ਼ ਆਈਆਂ, ਉੱਥੇ ਹੀ ਬੈਂਕਾਂ ’ਤੇ ਨਿਰਭਰ ਵੱਡੇ ਵਪਾਰੀਆਂ ਦਾ ਕੰਮ-ਕਾਜ ਪਿਛਲੇ ਤਿੰਨ ਦਿਨਾਂ ਤੋਂ ਪੂਰੀ ਤਰ੍ਹਾਂ ਰੁਕ ਗਿਆ। ਸ਼ਹਿਰ ਅੰਦਰ ਅੱਜ ਬੈਂਕ ਆਫ ਇੰਡੀਆ, ਐੱਸ. ਬੀ. ਆਈ., ਓਰੀਅੈਂਟਲ ਬੈਂਕ, ਪੰਜਾਬ ਨੈਸ਼ਨਲ ਬੈਂਕ ਸਮੇਤ ਕਈ ਸਰਕਾਰੀ ਬੈਂਕਾਂ ਬੰਦ ਰਹੀਆਂ ਅਤੇ ਇਸ ਹੜਤਾਲ ਕਾਰਨ ਜ਼ਿਲੇ ’ਚ 50 ਕਰੋੜ ਦਾ ਲੈਣ-ਦੇਣ ਰੁਕਿਆ।
ਦੱਸਣ ਬਣਦਾ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਹਡ਼ਤਾਲ ਦੀ ਜਾਣਕਾਰੀ ਨਾ ਹੋਣ ਕਾਰਨ ਲੋਕ ਬੈਂਕਾਂ ’ਚ ਆ ਗਏ ਪਰ ਬੈਂਕਾਂ ਦੇ ਬਾਹਰ ਛੁੱਟੀ ਅਤੇ ਹਡ਼ਤਾਲ ਦੇ ਲੱਗੇ ਬੈਨਰ ਅਤੇ ਤਾਲਾ ਦੇਖ ਕੇ ਬਿਨਾਂ ਕੰਮ ਕੀਤੇ ਵਾਪਸ ਪਰਤ ਗਏ। ਦੂਜੇ ਪਾਸੇ ਇਕ ਸ਼ਹਿਰ ਵਾਸੀ ਰਜਨੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੀ ਬੇਟੀ ਦਾ ਵਿਆਹ ਰੱਖਿਆ ਗਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਪੈਸੇ ਦੀ ਮੌਕੇ ’ਤੇ ਸਖਤ ਲੋਡ਼ ਪੈ ਗਈ ਪਰ ਜਦੋਂ ਉਹ ਬੈਂਕ ਗਏ ਤਾਂ ਬੈਂਕ ਬੰਦ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਅਤੇ ਜੇਕਰ ਉਨ੍ਹਾਂ ਨੂੰ ਹਡ਼ਤਾਲ ਦੀ ਜਾਣਕਾਰੀ ਪਹਿਲਾਂ ਹੁੰਦੀ ਤਾਂ ਉਹ ਪਹਿਲਾਂ ਹੀ ਇੰਤਜ਼ਾਮ ਕਰ ਕੇ ਰੱਖਦੇ।
ਬੱਧਨੀ ਕਲਾਂ, (ਮਨੋਜ)- ਬੈਂਕ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਲਈ ਕੀਤੀ ਗਈ ਦੇਸ਼ ਵਿਆਪੀ ਹਡ਼ਤਾਲ ਕਾਰਨ ਅੱਜ ਕਸਬਾ ਬੱਧਨੀ ਕਲਾਂ ਦੇ ਸਾਰੇ ਬੈਂਕ, ਜਿਨ੍ਹਾਂ ’ਚ ਓਰੀਐਂਟਲ ਬੈਂਕ ਆਫ ਕਾਮਰਸ, ਪੰਜਾਬ ਨੈਸ਼ਨਲ ਬੈਂਕ, ਸਟੇਟ ਬੈਂਕ ਆਫ ਇੰਡੀਆ ਆਦਿ ਬੰਦ ਰਹੇ। ਬੀਤੇ ਸ਼ਨੀਵਾਰ, ਐਤਵਾਰ ਦੀ ਛੁੱਟੀ ਹੋਣ ਕਰਕੇ ਸੋਮਵਾਰ ਬੈਂਕ ਖੁੱਲ੍ਹੇ ਪਰ ਮੰਗਲਵਾਰ ਛੁੱਟੀ ਅਤੇ ਬੁੱਧਵਾਰ ਹਡ਼ਤਾਲ ਕਰਕੇ ਫਿਰ ਦੋ ਦਿਨ ਲਗਾਤਾਰ ਬੈਂਕ ਬੰਦ ਰਹੇ, ਜਿਸ ਕਾਰਨ ਵਪਾਰੀਆਂ, ਦੁਕਾਨਦਾਰਾਂ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ ਕਸਬੇ ਦਾ ਐੱਚ. ਡੀ. ਐੱਫ. ਸੀ. ਬੈਂਕ ਜੋ ਹਡ਼ਤਾਲ ’ਚ ਸ਼ਾਮਲ ਨਹੀਂ ਸੀ, ਖੁੱਲ੍ਹਾ ਰਹਿਣ ਕਰਕੇ ਲੋਕਾਂ ਨੂੰ ਕੁਝ ਰਾਹਤ ਮਿਲੀ। ਲੋਕਾਂ ਨੇ ਮੰਗ ਕੀਤੀ ਬੈਂਕ ਮੁਲਾਜ਼ਮਾਂ ਦੀਆਂ ਮੰਗਾਂ ਮੰਨ ਕੇ ਵਾਰ-ਵਾਰ ਹੁੰਦੀ ਹਡ਼ਤਾਲ ਨੂੰ ਖਤਮ ਕਰਵਾਇਆ ਜਾਵੇ।
ਬਾਘਾਪੁਰਾਣਾ, (ਅਜੇ)-ਬੈਂਕਾਂ ਦੇ ਰਲੇਵੇਂ ਖਿਲਾਫ਼ ਸਰਕਾਰੀ ਬੈਂਕਾਂ ਦੇ ਅਧਿਕਾਰੀਆਂ ਵੱਲੋਂ ਅੱਜ ਹਡ਼ਤਾਲ ਕੀਤੀ ਗਈ। ਸ਼ਹਿਰ ਦੇ ਸੈਂਟਰਲ ਬੈਂਕ ਆਫ ਇੰਡੀਆ, ਇਲਾਹਾਬਾਦ ਬੈਂਕ, ਓ.ਬੀ. ਸੀ. ਬੈਂਕ, ਪੰਜਾਬ ਐਂਡ ਸਿੰਧ ਬੈਂਕ, ਕੈਨਰਾ ਬੈਂਕ, ਬੈਂਕ ਆਫ ਇੰਡੀਆ ਆਦਿ ਮੁਕੰਮਲ ਤੌਰ ’ਤੇ ਬੰਦ ਰਹੇ, ਜਿਸ ਕਰਕੇ ਗਾਹਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਵੱਖ-ਵੱਖ ਬੈਂਕਾਂ ਬਾਹਰ ਖਡ਼੍ਹੇ ਸ਼ਰਨਪ੍ਰੀਤ ਸਿੰਘ, ਮਨਜੀਤ ਸਿੰਘ, ਸਤੀਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਅੱਜ ਬੈਂਕ ਵਿਚ ਰਕਮ ਲੈਣ, ਚੈÎÎੱਕ ਬੁੱਕ, ਸਰਕਾਰੀ ਰਕਮ ਜਮ੍ਹਾ ਕਰਵਾਉਣ, ਡਿਮਾਂਡ ਡਰਾਫਟ ਬਣਵਾਉਣ ਲਈ ਆਏ ਸਨ ਪਰ ਬੈਂਕ ਬੰਦ ਹੋਣ ਕਰਕੇ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਸਾਨੂੰ ਵਾਪਸ ਜਾਣਾ ਪੈ ਰਿਹਾ ਹੈ।
ਕੋਟ ਈਸੇ ਖਾਂ, (ਗਾਂਧੀ)-ਸਰਕਾਰੀ ਬੈਂਕਾਂ ਵਿਚ ਕੁਝ ਦਿਨਾਂ ਬਾਅਦ ਦੂਜੀ ਵਾਰ ਹੋਈ ਹਡ਼ਤਾਲ ਕਾਰਨ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਜ਼ਿਕਰਯੋਗ ਹੈ ਕਿ ਅੱਜ ਤੋਂ ਕੁਝ ਦਿਨ ਪਹਿਲਾਂ 21 ਦਸੰਬਰ ਨੂੰ ਬੈਂਕ ਮੁਲਾਜ਼ਮਾਂ ਵਲੋਂ ਹਡ਼ਤਾਲ ਕੀਤੀ ਗਈ ਸੀ, ਜਿਸ ਤੋਂ ਬਾਅਦ ਚੌਥੇ ਸ਼ਨੀਵਾਰ ਅਤੇ ਐਤਵਾਰ ਬੈਂਕ ਬੰਦ ਸੀ, ਜਿਸ ਦੇ ਕਾਰਨ ਲਗਾਤਾਰ ਤਿੰਨ ਦਿਨ ਸਰਕਾਰੀ ਬੈਂਕ ਬੰਦ ਰਹੇ ਤੇ ਆਮ ਜਨਤਾ ਦੇ ਨਾਲ-ਨਾਲ ਵਪਾਰੀਆਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਉਸੇ ਤਰ੍ਹਾਂ 25 ਦਸੰਬਰ ਨੂੰ ਕ੍ਰਿਸਮਸ ਦੀ ਛੁੱਟੀ ਦੇ ਬਾਅਦ ਬੈਂਕ ਮੁਲਾਜ਼ਮਾਂ ਵਲੋਂ 26 ਦਸੰਬਰ ਨੂੰ ਫਿਰ ਹਡ਼ਤਾਲ ਕੀਤੀ ਗਈ, ਜਿਸ ਕਾਰਨ ਇੱਕ ਵਾਰ ਫਿਰ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅੱਜ ਦਿਨ ਦੀ ਇਸ ਹਡ਼ਤਾਲ ਕਾਰਨ ਬਹੁਤ ਸਾਰੇ ਲੋਕਾਂ ਨੂੰ ਹਡ਼ਤਾਲ ਦਾ ਪਤਾ ਨਾ ਹੋਣ ਕਾਰਨ ਨਿਰਾਸ਼ ਘਰ ਵਾਪਸ ਪਰਤਣਾ ਪਿਆ, ਦੂਜੇ ਪਾਸੇ ਜਿੰਨ੍ਹਾਂ ਲੋਕਾਂ ਦਾ ਝੁਕਾਅ ਪ੍ਰਾਈਵੇਟ ਬੈਂਕਾਂ ਵੱਲ ਵਧਦਾ ਦੇਖਿਆ ਗਿਆ ਕਿਉਂਕਿ ਇੰਨ੍ਹਾਂ ਹਡ਼ਤਾਲਾਂ ਦੇ ਦਿਨ ਵਿਚ ਪ੍ਰਾਈਵੇਟ ਬੈਂਕ ਖੁੱਲੇ ਰਹੇ, ਜਿਸ ਕਾਰਨ ਪ੍ਰਾਈਵੇਟ ਬੈਂਕਾਂ ਵਿਚ ਖਾਤਾ ਹੋਲਡਰਾਂ ਨੇ ਕਾਫੀ ਰਾਹਤ ਮਹਿਸੂਸ ਕੀਤੀ।
