300 ਗ੍ਰਾਮ ਹੈਰੋਇਨ ਸਮੇਤ 2 ਗ੍ਰਿਫਤਾਰ
Saturday, Jan 19, 2019 - 05:42 AM (IST)
ਰਾਏਕੋਟ, (ਭੱਲਾ)– ਰਾਏਕੋਟ ਸਦਰ ਪੁਲਸ ਨੇ ਦਿੱਲੀ ਤੋਂ ਇਕ ਨਾਈਜੀਰੀਅਨ ਨੂੰ ਗ੍ਰਿਫਤਾਰ ਕਰਕੇ ਉਸ ਦੀ ਨਿਸ਼ਾਨਦੇਹੀ ’ਤੇ 300 ਗ੍ਰਾਮ ਹੈਰੋਇਨ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਐੱਸ. ਐੱਸ. ਪੀ. ਵਰਿੰਦਰ ਸਿੰਘ ਬਰਾੜ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਬੀਤੇ ਦਿਨੀਂ ਲੁਧਿਆਣਾ ਦਿਹਾਤੀ ਪੁਲਸ ਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਅੱਧਾ ਕਿਲੋ ਹੈਰੋਇਨ, 610 ਗ੍ਰਾਮ ਕੋਕੀਨ ਤੇ 30 ਲੱਖ ਦੀ ਨਕਦੀ ਸਮੇਤ ਖੁਸ਼ਹਾਲੀ ਉਰਫ ਸਾਹਿਲ ਸ਼ਰਮਾ ਤੇ ਗਗਨ ਵਿਜ ਨੂੰ ਗ੍ਰਿਫਤਾਰ ਕੀਤਾ ਸੀ। ਕਾਬੂ ਕੀਤੇ ਗਏ ਉਕਤ ਕਥਿਤ ਦੋਸ਼ੀਆਂ ਦਾ ਪੁਲਸ ਰਿਮਾਂਡ ਹਾਸਲ ਕਰਨ ਉਪਰੰਤ ਜਦ ਪੁੱਛਗਿਛ ਕੀਤੀ ਗਈ ਤਾਂ ਇਕ ਨਾਈਜੀਰੀਅਨ ਇਬੂਕਾ ਉਕਨਕੋ ਦੀ ਗ੍ਰਿਫਤਾਰੀ ਲਈ ਡੀ. ਐੱਸ. ਪੀ. ਰਾਏਕੋਟ ਗੁਰਮੀਤ ਸਿੰਘ ਦੀ ਦੇਖ-ਰੇਖ ਹੇਠ ਥਾਣਾ ਸਦਰ ਰਾਏਕੋਟ ਦੀ ਮੁਖੀ ਸਿਮਰਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਦਿੱਲੀ ’ਚ ਜਾ ਕੇ ਛਾਪੇਮਾਰੀ ਕੀਤੀ, ਉਥੇ ਨਾਈਜੀਰੀਅਨ ਨਾਗਿਰਕ ਇਬੂਕਾ ਉਕਨਕੋ ਤੇ ਦੀਪਨ ਗੁਪਤਾ ਨੂੰ ਲੁਧਿਆਣਾ ਤੋਂ ਗ੍ਰਿਫਤਾਰ ਕਰਕੇ ਨਾਈਜੀਰੀਅਨ ਵਿਅਕਤੀ ਦੀ ਨਿਸ਼ਾਨਦੇਹੀ ’ਤੇ 300 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ। ਉਨ੍ਹਾਂ ਕਿਹਾ ਕਿ ਫੜੇ ਗਏ ਕਥਿਤ ਦੋਸ਼ੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ, ਜਿਸ ’ਚ ਹੋਰ ਵੀ ਅਹਿਮ ਖੁਲਾਸੇ ਹੋ ਸਕਦੇ ਹਨ।
