ਪੁਲਸ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਰੰਗੇ ਹੱਥੀਂ ਫੜਿਆ ਚਿੱਟੇ ਦਾ ਤਸਕਰ
Thursday, Sep 15, 2022 - 11:18 PM (IST)
ਲੁਧਿਆਣਾ/ਮਲੌਦ (ਸ਼ਿਵਰੰਜਨ ਧੀਰ) : ਪਿੰਡ ਸਿਹੌੜਾ ਸਾਹਿਬ ਦੇ ਯੂਥ ਕਲੱਬ, ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਚਿੱਟੇ ਦੇ ਤਸਕਰਾਂ ਖਿਲਾਫ਼ ਵਿੱਢੀ ਮੁਹਿੰਮ ਦੌਰਾਨ ਬੱਸ ਸਟੈਂਡ ਸਿਹੌੜਾ ਵਿਖੇ ਹੇਅਰ ਕਟਿੰਗ ਦੀ ਦੁਕਾਨ ਕਰਨ ਵਾਲੇ ਚਿੱਟੇ ਦੇ ਤਸਕਰ ਜਬਰ ਸਿੰਘ ਜਬਰੂ ਨੂੰ ਰੰਗੇ ਹੱਥੀਂ ਫੜ ਕੇ ਮਲੌਦ ਪੁਲਸ ਦੇ ਹਵਾਲੇ ਕੀਤਾ ਗਿਆ, ਜਿਸ ਦੀ ਯੂਥ ਕਲੱਬ ਸਿਹੌੜਾ ਦੇ ਗਰੁੱਪ 'ਚ ਚੱਲ ਰਹੀ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮੌਜੂਦਾ ਸਰਪੰਚ ਇਸ਼ਵਿੰਦਰ ਕੌਰ ਦੇ ਪਤੀ ਸਮਾਜਸੇਵੀ ਜਗਜੀਵਨ ਸਿੰਘ ਕਾਲਾ ਨੇ ਪੰਚਾਇਤ ਵੱਲੋਂ ਪਾਈ ਵੀਡੀਓ ਵਿੱਚ ਕਿਹਾ ਕਿ ਤਸਕਰ ਜਬਰ ਸਿੰਘ ਜਬਰੂ ਪਿਛਲੇ ਲੰਮੇ ਸਮੇਂ ਤੋਂ ਚਿੱਟੇ ਦੀ ਤਸਕਰੀ ਕਰਦਾ ਆ ਰਿਹਾ ਸੀ, ਜੋ ਦੁਕਾਨ ਤੋਂ ਰੰਗੇ ਹੱਥੀਂ ਫੜਿਆ ਗਿਆ ਹੈ।
ਇਹ ਵੀ ਪੜ੍ਹੋ : ਮੋਟਰਸਾਈਕਲ 'ਤੇ ਘਰੋਂ ਨਿਕਲੇ ਨੌਜਵਾਨ ਨਾਲ ਵਾਪਰਿਆ ਹਾਦਸਾ, ਮਿੰਟਾਂ 'ਚ ਹੀ ਪਿਆ ਚੀਕ-ਚਿਹਾੜਾ
ਉਨ੍ਹਾਂ ਪਿੰਡ ਸਿਹੌੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਿਹੜਾ ਵੀ ਪਿੰਡ ਦਾ ਮੋਹਤਬਰ ਇਸ ਤਸਕਰ ਦੀ ਜ਼ਮਾਨਤ ਕਰਵਾਉਣ ਦੀ ਕੋਸ਼ਿਸ਼ ਕਰੇਗਾ, ਉਸ ਖਿਲਾਫ਼ ਵੀ ਪੰਚਾਇਤ ਕਾਰਵਾਈ ਕਰੇਗੀ ਤੇ ਪਿੰਡ ਵਾਸੀ ਉਨ੍ਹਾਂ ਦਾ ਮੁਕੰਮਲ ਬਾਈਕਾਟ ਕਰਨਗੇ। ਜਦੋਂ ਇਸ ਸਬੰਧੀ ਥਾਣਾ ਮਲੌਦ ਦੇ ਇੰਚਾਰਜ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਕਾਫੀ ਸਮੇਂ ਤੋਂ ਚਿੱਟੇ ਦੀ ਤਸਕਰੀ ਕਰਦਾ ਆ ਰਿਹਾ ਸੀ, ਜਿਸ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਰੰਗੇ ਹੱਥੀਂ ਕਾਬੂ ਕੀਤਾ ਗਿਆ, ਜਿਸ ਖਿਲਾਫ਼ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਪੁਲਸ ਥਾਣਾ ਪਾਇਲ ਅਧੀਨ ਪੈਂਦੇ ਪਿੰਡ ਧਮੋਟ ਕਲਾਂ 'ਚ ਵੀ ਚਿੱਟਾ ਤਸਕਰੀ ਦੇ ਆਮ ਚਰਚੇ ਹੋ ਰਹੇ ਹਨ।
ਇਹ ਵੀ ਪੜ੍ਹੋ : ਖਿਡੌਣੇ ਵੇਚ ਕੇ ਚਲਾਉਂਦਾ ਸੀ ਘਰ ਪਰ ਜ਼ਿੰਦਗੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।