ਈਦ ਮੌਕੇ ਮਾਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਉਣ ਦੇ ਚਰਚੇ ਜ਼ੋਰਾਂ ’ਤੇ

04/22/2021 2:23:59 PM

ਸ਼ੇਰਪੁਰ (ਅਨੀਸ਼)-ਬੀਤੇ ਤਿੰਨ ਦਿਨਾਂ ਤੋਂ ਸੋਸ਼ਲ ਮੀਡੀਆ ਉਪਰ ਈਦ ਮੌਕੇ ਮਾਲੇਰਕੋਟਲਾ ਨੂੰ ਪੰਜਾਬ ਦੇ 23ਵੇ ਜ਼ਿਲ੍ਹੇ ਵਜੋਂ ਮਾਨਤਾ ਦਿੱਤੇ ਜਾਣ ਦੀਆ ਖਬਰਾਂ ਨਾਲ ਇਲਾਕੇ ਦੀ ਰਾਜਨੀਤੀ ਗਰਮਾ ਗਈ ਹੈ। ਸੋਸ਼ਲ ਮੀਡੀਆ ਉਪਰ ਚੱਲ ਰਹੀ ਖਬਰ ਅਨੁਸਾਰ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾ ਵੱਲੋਂ ਮੁਸਲਿਮ ਬਹੁ-ਗਿਣਤੀ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਨੂੰ ਈਦ ਸਮੇਂ ਜ਼ਿਲ੍ਹਾ ਬਣਾਇਆ ਜਾਵੇਗਾ। ਇਸ ਅਨੁਸਾਰ ਸੰਗਰੂਰ ਜ਼ਿਲ੍ਹੇ ’ਚ ਪੈਂਦੀ ਸਬ-ਡਵੀਜ਼ਨ ਧੂਰੀ ਅਤੇ ਤਹਿਸੀਲ ਸ਼ੇਰਪੁਰ ਨੂੰ ਮਾਲੇਰਕੋਟਲਾ ਜ਼ਿਲ੍ਹੇ ਅਧੀਨ ਲਿਆ ਜਾਵੇਗਾ। ਇਸ ਖਬਰ ਨਾਲ ਜਿੱਥੇ ਮਾਲੇਰਕੋਟਲਾ ਸ਼ਹਿਰ ਵਾਸੀਆਂ ’ਚ ਖੁਸ਼ੀ ਦਾ ਮਾਹੌਲ ਹੈ, ਉਥੇ ਹੀ ਧੂਰੀ ਅਤੇ ਸ਼ੇਰਪੁਰ ਇਲਾਕੇ ’ਚੋਂ ਮਾਲੇਰਕੋਟਲਾ ਨਾਲ ਜੋੜੇ ਜਾਣ ਦਾ ਵਿਰੋਧ ਸ਼ੁਰੂ ਹੋ ਗਿਆ ਹੈ, ਸੋਸ਼ਲ ਮੀਡੀਆ ਉਪਰ ਧੂਰੀ ਅਤੇ ਸ਼ੇਰਪੁਰ ਨਾਲ ਸਬੰਧਤ ਲੋਕਾਂ ਵੱਲੋਂ ਨਵੇਂ ਬਣਨ ਜਾ ਰਹੇ ਜ਼ਿਲ੍ਹੇ ’ਚ ਸ਼ਾਮਲ ਕਰਨ ਦੀਆਂ ਕਨਸੋਆਂ ਕਾਰਨ ਸਿਆਸੀ ਆਗੂਆਂ ’ਚ ਵੀ ਵਿਰੋਧਾਭਾਸ ਦੇਖਣ ਨੂੰ ਮਿਲ ਰਿਹਾ ਹੈ।

ਇਸ ਮਾਮਲੇ ਸਬੰਧੀ ਸਭ ਤੋਂ ਵੱਧ ਵਿਰੋਧ ਸ਼ੇਰਪੁਰ ਇਲਾਕੇ ’ਚ ਦੇਖਣ ਨੂੰ ਮਿਲ ਰਿਹਾ ਹੈ। ਸਾਬਕਾ ਵਿਧਾਨ ਸਭਾ ਹਲਕਾ ਸ਼ੇਰਪੁਰ, ਜੋ ਮੌਜੂਦਾ ਵਿਧਾਨ ਸਭਾ ਹਲਕਾ ਮਹਿਲ ਕਲਾਂ (ਰਿਜ਼ਰਵ) ਦਾ ਹਿੱਸਾ ਬਣ ਚੁੱਕਾ ਹੈ ਅਤੇ ਇਸ ਦਾ ਬਲਾਕ ਤੇ ਤਹਿਸੀਲ ਦਫਤਰ ਦਾ ਘੇਰਾ ਵੀ ਧੂਰੀ ਅਤੇ ਸ਼ੇਰਪੁਰ ਦੋ ਹਲਕਿਆਂ ’ਚ ਵੰਡਿਆ ਹੋਇਆ ਹੈ। ਸ਼ੇਰਪੁਰ ਤਹਿਸੀਲ ਨਾਲ ਸਬੰਧਤ 38 ਪਿੰਡਾਂ ’ਚੋ 21 ਪਿੰਡ ਹਲਕਾ ਮਹਿਲ ਕਲਾਂ (ਰਿਜ਼ਰਵ) ਅਤੇ 17 ਪਿੰਡ ਹਲਕਾ ਧੂਰੀ ’ਚ ਪੈਂਦੇ ਹਨ। ਪ੍ਰਸ਼ਾਸਨਿਕ ਤੌਰ ’ਤੇ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਦਾ ਹਿੱਸਾ ਹੈ, ਜਦਕਿ ਸਿਆਸੀ ਤੌਰ ’ਤੇ ਬਰਨਾਲਾ ਜ਼ਿਲ੍ਹੇ ਦਾ ਹਿੱਸਾ ਹੈ। ਸ਼ੇਰਪੁਰ ਅਤੇ ਆਲੇ-ਦੁਆਲੇ ਦੇ ਪਿੰਡਾਂ ਦੀ ਕਾਫੀ ਪੁਰਾਣੀ ਮੰਗ ਰਹੀ ਹੈ ਕਿ ਸ਼ੇਰਪੁਰ ਨੂੰ ਬਰਨਾਲਾ ਜ਼ਿਲ੍ਹੇ ’ਚ ਸ਼ਾਮਲ ਕਰ ਕੇ ਇਸ ਨੂੰ ਸਬ-ਡਵੀਜ਼ਨ ਦਾ ਦਰਜਾ ਦਿੱਤਾ ਹੈ।

ਪਿਛਲੀ ਅਕਾਲੀ ਸਰਕਾਰ ਸਮੇਂ ਇਹ ਮਾਮਲਾ ਮੁੱਖ ਮੰਤਰੀ ਦਰਬਾਰ  ’ਚ ਵੀ ਪੁੱਜਿਆ ਸੀ ਪਰ ਹੁਣ ਮਾਲੇਰਕੋਟਲਾ ਜ਼ਿਲ੍ਹਾ ਬਣਾ ਕੇ ਇਸ ’ਚ ਸ਼ਾਮਲ ਕਰਨ ਦੀਆਂ ਖਬਰਾਂ ਨੇ ਇਲਾਕੇ ਦੇ ਚਿੰਤਕਾਂ ਅਤੇ ਸਿਆਸੀ ਆਗੂਆਂ ਨੂੰ ਘੁੰਮਣਘੇਰੀ ’ਚ ਪਾ ਦਿੱਤਾ ਹੈ। ਇਸ ਸਬੰਧੀ ਇਲਾਕੇ ਦੇ ਆਗੂਆਂ, ਜਿਨ੍ਹਾਂ ’ਚ ਕਾਂਗਰਸੀ ਆਗੂ ਤੇ ਮਾਰਕੀਟ ਕਮੇਟੀ ਮੈਂਬਰ ਜਸਮੇਲ ਸਿੰਘ ਬੜੀ, ਪਬਲਿਕ ਹੈਲਪਲਾਈਨ ਦੇ ਪ੍ਰਧਾਨ ਨਵਲਜੀਤ ਗਰਗ ਐਡਵੋਕੇਟ, ਐਡਵੋਕੇਟ ਤੇਜਵਿੰਦਰ ਸਿੰਘ, ਐਡਵੋਕੇਟ ਯੋਗੇਸ਼ ਕੁਮਾਰ, ਅਜੀਤਪਾਲ ਸਿੰਘ ਨੰਬਰਦਾਰ ਪੰਜਗਰਾਈਆਂ, ਨੰਬਰਦਾਰ ਦਰਬਾਰਾ ਸਿੰਘ ਟਿੱਬਾ, ਤਹਿਸੀਲ ਪ੍ਰਧਾਨ ਰੁਲਦੂ ਰਾਮ, ਚੇਤਨ ਗੋਇਲ ਸੋਨੀ ਪ੍ਰਧਾਨ ਸੈਲਰ ਐਸੋਸੀਏਸ਼ਨ, ਜਨ ਸਹਾਰਾ ਕਲੱਬ ਦੇ ਆਗੂ ਸੁਸ਼ੀਲ ਕੁਮਾਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਮੁਸਲਿਮ ਬਹੁ-ਗਿਣਤੀ ਸ਼ਹਿਰ ਮਾਲੇਰਕੋਟਲਾ ਨੂੰ ਜ਼ਿਲ੍ਹੇ ਵਜੋਂ ਦਰਜਾ ਦੇਣ ਦਾ ਸਵਾਗਤ ਕਰਦੇ ਹਨ ਪਰ ਸ਼ੇਰਪੁਰ ਤਹਿਸੀਲ ਨੂੰ ਇਸ ’ਚ ਸਾਮਲ ਕਰਨ ਦਾ ਵਿਰੋਧ ਕਰਦੇ ਹਨ, ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਇਆ ਜਾਵੇ ਪਰ ਉਨ੍ਹਾਂ ਦੀ ਡੇਢ ਦਹਾਕਾ ਪੁਰਾਣੀ ਮੰਗ ਸ਼ੇਰਪੁਰ ਨੂੰ ਸਬ-ਡਵੀਜਨ ਦਾ ਦਰਜਾ ਦੇ ਕੇ ਬਰਨਾਲਾ ’ਚ ਸ਼ਾਮਲ ਕਰਨ ਨੂੰ ਵੀ ਪੂਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਮਾਲੇਰਕੋਟਲਾ ’ਚ ਸ਼ੇਰਪੁਰ ਨੂੰ ਸ਼ਾਮਲ ਕੀਤਾ ਜਾਂਦਾ ਹੈ ਕਿ ਸ਼ੇਰਪੁਰ ਦਾ ਭੂਗੋਲਿਕ, ਪ੍ਰਸ਼ਾਸਨਿਕ ਅਤੇ ਸਿਆਸੀ ਤੌਰ ’ਤੇ ਕਾਫੀ ਨੁਕਸਾਨ ਹੋ ਜਾਵੇਗਾ, ਅਜਿਹਾ ਹੋਣ ਨਾਲ ਇਤਿਹਾਸਕ ਕਸਬਾ ਸ਼ੇਰਪੁਰ ਦਾ ਵਜੂਦ ਖਤਮ ਹੋਵੇਗਾ ਅਤੇ ਇਹ ਕਸਬਾ ਤਿੰਨ ਜ਼ਿਲ੍ਹਿਆਂ ਬਰਨਾਲਾ, ਸੰਗਰੂਰ ਅਤੇ ਮਾਲੇਰਕੋਟਲਾ ਦੀ ਸਿਆਸੀ ਘੁੰਮਣਘੇਰੀ ’ਚ ਫਸ ਕੇ ਰਹਿ ਜਾਵੇਗਾ।


Manoj

Content Editor

Related News