ਐੱਸ. ਡੀ. ਐੱਮ. ਨੇ ਲਿਆ ਵੱਖ-ਵੱਖ  ਡੇਰਿਆਂ ’ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ

Saturday, Jan 12, 2019 - 01:35 AM (IST)

ਐੱਸ. ਡੀ. ਐੱਮ. ਨੇ ਲਿਆ ਵੱਖ-ਵੱਖ  ਡੇਰਿਆਂ ’ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ

ਅਬੋਹਰ, (ਰਹੇਜਾ)– ਪੰਚਕੂਲਾ ਦੀ ਸੀ. ਬੀ. ਆਈ. ਅਦਾਲਤ ਵੱਲੋਂ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦਾ ਦੋਸ਼ੀ ਕਰਾਰ ਦੇਣ ਤੋਂ ਬਾਅਦ ਹਾਈ ਕੋਰਟ ਦੇ ਹੁਕਮਾਂ ’ਤੇ ਪੁਲਸ ਅਤੇ ਪ੍ਰਸ਼ਾਸਨ ਨੇ ਪੂਰੇ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰ ਵਿਚ ਸੁਰੱਖਿਆ ਵਧਾ ਦਿੱਤੀ ਹੈ। ਐੱਸ. ਡੀ. ਐੱਮ. ਪੂਨਮ ਸਿੰਘ ਨੇ ਸ਼ਹਿਰ ਦੇ ਸੁਭਾਸ਼ ਨਗਰ ਵਿਖੇ ਅਤੇ ਕਿੱਕਰਖੇਡ਼ਾ ਵਿਖੇ ਡੇਰਿਆਂ ’ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਦੇ ਨਾਲ ਨਾਇਬ ਤਹਿਸੀਲਦਾਰ ਖੂਈਆਂ ਸਰਵਰ ਅਵਿਨਾਸ਼ ਚੰਦਰ, ਨਾਇਬ ਤਹਿਸੀਲਦਾਰ ਬਰਜਿੰਦਰ ਸਿੰਘ ਅਤੇ ਹੋਰ ਅਧਿਕਾਰੀ ਮੌਜੂਦ ਸਨ। ਇੰਨਾ ਹੀ ਨਹੀਂ ਸ਼ਹਿਰ ਦੇ ਚੱਪੇ-ਚੱਪੇ ’ਤੇ ਪੁਲਸ ਟੁਕੜੀਆਂ ਦੀ ਨਿਯੁਕਤੀ ਕੀਤੀ ਗਈ ਅਤੇ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ ’ਚ ਬਣੇ ਮੰਦਰਾਂ, ਗੁਰਦੁਆਰਿਆਂ ਆਦਿ ’ਤੇ ਵੀ ਸੁਰੱਖਿਆ ਵਧਾ ਦਿੱਤੀ ਗਈ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲ ਦੀ ਐੱਸ. ਐੱਮ. ਓ. ਅਤੇ ਫਾਇਰ ਬ੍ਰਿਗੇਡ ਨੂੰ ਵੀ ਪ੍ਰਬੰਧ ਪੂਰੇ ਕਰਨ ਲਈ ਕਿਹਾ ਗਿਆ ਤਾਂ ਜੋ ਕਿਸੇ ਵੀ ਐਮਰਜੈਂਸੀ ਹਾਲਾਤ ਨਾਲ ਤੁਰੰਤ ਨਿਬਡ਼ਿਆ ਜਾ ਸਕੇ। ਇਸ ਤੋਂ ਇਲਾਵਾ ਸ਼ਹਿਰ ’ਚ ਬਣੀ ਅਸਲੇ ਅਤੇ ਤੇਜ਼ਾਬ ਦੀਆਂ ਦੁਕਾਨਾਂ ਵੀ ਬੰਦ ਰਹੀਆਂ। ਬਾਅਦ ਦੁਪਹਿਰ ਰਾਮ ਰਹੀਮ ਨੂੰ ਪੱਤਰਕਾਰ ਹੱਤਿਆ ਦਾ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਐੱਸ. ਡੀ. ਐੱਮ. ਨੇ ਦੱਸਿਆ ਕਿ  ਖੇਤਰ ’ਚ ਸੁਰੱਖਿਆ ਵਿਵਸਥਾ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ, ਜਿਸ ਦੇ ਤਹਿਤ ਸੁਭਾਸ਼ ਨਗਰ ਦੇ ਡੇਰੇ ਲਈ ਨਾਇਬ ਤਹਿਸੀਲਦਾਰ ਖੂਈਆਂ ਸਰਵਰ ’ਚ ਅਵਿਨਾਸ਼ ਚੰਦਰ, ਕਿੱਕਰਖੇੜਾ ਦੇ ਨਾਮਚਰਚਾ ਘਰ ਲਈ ਨਾਇਬ ਤਹਿਸੀਲਦਾਰ ਬਰਜਿੰਦਰ ਸਿੰਘ, ਡੇਰਾ ਸੱਚਾ ਸੌਦਾ ਖੂਈਆਂ ਸਰਵਰ ਲਈ ਬਿਜਲੀ ਬੋਰਡ ਦੇ ਐੱਸ. ਡੀ. ਓ. ਕੁਲਦੀਪ ਸਿੰਘ, ਨਾਮਚਰਚਾ ਘਰ ਸੀਤੋ ਗੁੰਨੋ ਲਈ ਈ. ਟੀ. ਓ. ਰਵਿੰਦਰ ਮੋਹਨ ਸ਼ਰਮਾ, ਬੱਸ ਸਟੈਂਡ ਅਬੋਹਰ ਲਈ ਮਾਰਕੀਟ ਕਮੇਟੀ ਅਧਿਕਾਰੀ ਸੁਲੋਧ ਬਿਸ਼ਨੋਈ, 220 ਕੇ.ਵੀ., ਬਿਜਲੀ ਘਰ ਮਲੋਟ ਰੋਡ ’ਤੇ ਮੈਨੇਜਰ ਮਾਰਕਫੈੱਡ ਅਬੋਹਰ ਛਿੰਦਰਪਾਲ, 66 ਕੇ.ਵੀ. ਬਿਜਲੀ ਗ੍ਰਿਡ ਗੰਗਾਨਗਰ ਰੋਡ ਲਈ ਲਾਲ ਚੰਦ ਮੈਨੇਜਰ ਪੰਜਾਬ ਐਗਰੋ ਦੀਆਂ ਡਿਊਟੀਆਂ ਲਗਾਈਆਂ ਗਈਆਂ। 


author

KamalJeet Singh

Content Editor

Related News