ਬੇਅਦਬੀਆਂ ਲਈ ਸ਼ੱਕ ਦੇ ਘੇਰੇ ’ਚ ਹੁਣ ਡੇਰਾ ਸਿਰਸਾ ਮੁਖੀ

Saturday, Mar 23, 2019 - 02:17 AM (IST)

ਬੇਅਦਬੀਆਂ ਲਈ ਸ਼ੱਕ ਦੇ ਘੇਰੇ ’ਚ ਹੁਣ ਡੇਰਾ ਸਿਰਸਾ ਮੁਖੀ

 ਫ਼ਰੀਦਕੋਟ, (ਰਾਜਨ)- ਬੇਅਦਬੀਆਂ : ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰ ਰਹੀ ‘ਸਿਟ’  ਵੱਲੋਂ ਇਹ ਸੱਚਾਈ ਜਗ ਜ਼ਾਹਰ ਕਰਨ ਲਈ ਕਿ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ  ਸਰੂਪ ਦੀਆਂ ਬੇਅਦਬੀਆਂ ਕਿਨ੍ਹਾਂ, ਕਿਸ ਮਨਸੂਬੇ ਨਾਲ ਅਤੇ ਕਿਸ ਦੇ ਇਸ਼ਾਰੇ ’ਤੇ ਹੋਈਆਂ, ਸ਼ੁਰੂ ਤੋਂ ਹੀ ਸ਼ੱਕ ਦੇ ਘੇਰੇ ’ਚ ਰਹੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ  ਪਾਸੋਂ ਹੁਣ ਸੁਨਾਰੀਆ ਜੇਲ ਵਿਚ ਜਾ ਕੇ ਪੁੱਛਗਿੱਛ ਕੀਤੀ ਜਾਵੇਗੀ। ‘ਸਿਟ’ ਟੀਮ 14 ਅਕਤੂਬਰ 2015 ਦੇ ਕੋਟਕਪੂਰਾ ਗੋਲੀਕਾਂਡ ਜਿਸ ’ਚ ਪੁਲਸ ਵੱਲੋਂ ਕੀਤੀ ਗਈ ਅੰਨ੍ਹੇਵਾਹ ਫ਼ਾਇਰਿੰਗ ਦੌਰਾਨ ਦੋ ਸਿੱਖ ਨੌਜਵਾਨਾਂ ਪਿੰਡ ਨਿਆਮੀ ਵਾਲਾ ਦੇ ਕਿਸ਼ਨ ਭਗਵਾਨ  ਸਿੰਘ  ਅਤੇ ਪਿੰਡ ਸਰਾਵਾਂ ਦੇ ਗੁਰਜੀਤ ਸਿੰਘ ਦੀ ਮੌਤ ਹੋ ਗਈ ਸੀ ਅਤੇ ਵੱਡੀ ਗਿਣਤੀ ’ਚ ਸਿੱਖ ਸੰਗਤਾਂ ਜ਼ਖਮੀ ਹੋ ਗਈਆਂ ਸਨ, ਸਬੰਧੀ ਸ਼ੱਕ ਦੀ ਸੂਈ ਹੁਣ ਸੁਨਾਰੀਆ ਜੇਲ ’ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਡੇਰਾ ਮੁਖੀ ’ਤੇ ਜਾ ਟਿਕੀ ਹੈ।  
ਬੇਅਦਬੀਆਂ ਦੇ ਪਿਛੋਕਡ਼ ਵੱਲ ਨਜ਼ਰ ਮਾਰੀਏ ਤਾਂ ਮਹੀਨਾ ਜੂਨ 2015 ਦੌਰਾਨ ਬਰਗਾਡ਼ੀ ਨਾਲ ਲੱਗਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸਥਿਤ ਗੁਰਦੁਆਰਾ ਸਾਹਿਬ ’ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਚੋਰੀ ਹੋ ਗਿਆ ਸੀ ਅਤੇ ਬਾਅਦ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ ਬੇਅਦਬੀ ਦੇ ਰੂਪ ’ਚ ਬਰਾਮਦ ਕਰ ਲਏ ਗਏ ਸਨ। ਇਥੇ ਹੀ ਬੱਸ ਨਹੀਂ ਇਸੇ ਹੀ ਗੁਰਦੁਆਰਾ ਸਾਹਿਬ ਦੇ ਬਾਹਰ ਦੂਜੀ ਮੰਦਭਾਗੀ ਘਟਨਾ ਮੁਡ਼ 25 ਸਤੰਬਰ 2015 ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਲੱਗੇ ਅਸ਼ਲੀਲ ਸ਼ਬਦਾਵਲੀ ਵਾਲੇ ਪੋਸਟਰ ਦੇ ਰੂਪ ’ਚ ਹੋਈ। ਇਸ ਤੋਂ ਬਾਅਦ ਮੁਡ਼ 12 ਅਕਤੂਬਰ 2015 ਨੂੰ ਬਰਗਾਡ਼ੀ ਦੇ ਗੁਰਦੁਆਰਾ ਸਾਹਿਬ ਦੇ ਬਾਹਰ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। 
ਇਨ੍ਹਾਂ ਤੋਂ ਇਲਾਵਾ ਸ਼ਕਤੀ ਸਿੰਘ, ਭੋਲਾ, ਬਲਜੀਤ, ਬਿੱਟੂ, ਰਾਜੂ ਅਤੇ ਨਰਿੰਦਰ ਸ਼ਰਮਾ ਵੀ ਇਸ ਵਿਚ ਸ਼ਾਮਲ ਸਨ। ਇਥੇ ਇਹ ਵੀ ਦੱਸ ਦੇਈਏ ਕਿ ਉਸ ਵੇਲੇ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਦੇ ਸਬੰਧ ’ਚ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਵੀ ਇਹ ਖੁਲਾਸਾ ਕੀਤਾ ਸੀ ਕਿ ਉਕਤ ਪਾਸੋਂ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਵਿਚੋਂ ਚੋਰੀ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ  ਸਰੂਪ ਦੇ  ਅੰਗ ਵੀ ਬਰਾਮਦ  ਕਰ ਲਏ ਗਏ ਸਨ। ਇਨ੍ਹਾਂ ਬੇਅਦਬੀਆਂ ਕਾਰਨ ਸਿੱਖ ਸੰਗਤਾਂ ’ਚ ਪਾਏ ਜਾਣ ਵਾਲੇ ਭਾਰੀ ਰੋਸ ਦੀ ਬਦੌਲਤ ਹੀ ਬਹਿਬਲ ਕਲਾਂ-ਕੋਟਕਪੂਰਾ ਗੋਲੀਕਾਂਡ ਦੀ ਘਟਨਾ ਵਾਪਰੀ ਸੀ।    
ਸਰਕਾਰੀ ਵਕੀਲ ਰਜਨੀਸ਼ ਕੁਮਾਰ ਨੇ ਸਪੱਸ਼ਟ ਕੀਤਾ ਕਿ ‘ਸਿਟ’ ਵੱਲੋਂ ਇਕ ਦਰਖਾਸਤ ਮਾਣਯੋਗ ਜੁਡੀਸ਼ੀਅਲ ਮੈਜਿਸਟ੍ਰੇਟ ਫ਼ਸਟ ਕਲਾਸ ਏਕਤਾ ਉੱਪਲ ਦੀ ਅਦਾਲਤ  ’ਚ ਡੇਰਾ ਮੁਖੀ ਗੁਰਮੀਤ ਸਿੰਘ ਕੋਲੋਂ ਮੁਕੱਦਮਾ 129 ਸਾਲ 2018 ਕੋਟਕਪੂਰਾ ਗੋਲੀਕਾਂਡ ਸਬੰਧੀ ਪੁੱਛਗਿੱਛ ਕਰਨ ਲਈ ਦਿੱਤੀ ਗਈ ਸੀ ਅਤੇ ਮਾਣਯੋਗ ਅਦਾਲਤ ਵੱਲੋਂ ਪੁੱਛਗਿੱਛ ਕਰਨ ਦੀ ਇਜ਼ਾਜਤ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਕਰ ਕੇ ਇਹ ਪਤਾ ਲਾਇਆ ਜਾਵੇਗਾ ਕਿ ਸ੍ਰੀ  ਗੁਰੂ ਗ੍ਰੰਥ ਸਾਹਿਬ ਜੀ ਦੀਆਂ ਕੀਤੀਆਂ ਗਈਆਂ ਬੇਅਦਬੀਆਂ ਪਿੱਛੇ ਕਿਨ੍ਹਾਂ ਦਾ ਹੱਥ ਸੀ ਅਤੇ ਇਹ ਕਿਉਂ ਅਤੇ ਕਿਸ ਮੰਤਵ ਲਈ ਕੀਤੀਆਂ ਗਈਆਂ। ਉਨ੍ਹਾਂ ‘ਸਿਟ’ ਟੀਮ ਮੈਂਬਰਾਂ ਦੇ  ਸੁਨਾਰੀਆ ਜੇਲ ਵਿਚ ਜਾਣ ਦੇ ਪ੍ਰੋਗਰਾਮ ਸਬੰਧੀ ਇੰਨਾ ਹੀ ਕਿਹਾ ਕਿ ਅਜੇ ਕੋਈ ਡੇਟ ਫ਼ਿਕਸ ਨਹੀਂ ਕੀਤੀ ਗਈ ਹੈ ਇਸ ਲਈ ਜਦੋਂ ਵੀ ਠੀਕ ਲੱਗੇਗਾ ‘ਸਿਟ’ ਵੱਲੋਂ ਸੁਨਾਰੀਆ ਜੇਲ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਇਹ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ਤਾਂ ਜੋ ਬੇਅਦਬੀਆਂ ਪਿੱਛੇ ਮਨਸੂਬੇ ਦੀ ਪੂਰੀ ਸੱਚਾਈ ਜਨਤਕ ਕੀਤੀ ਜਾ ਸਕੇ। 
 


author

Bharat Thapa

Content Editor

Related News